ਅਭੀਨੰਦਨ ਪਾਰਕ ਦੇ ਲੋਕਾਂ ਨੇ ਕੀਤਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ

09/02/2017 7:27:42 AM

ਲੰਧਰ, (ਮਾਹੀ)- ਸਥਾਨਕ ਅਭੀਨੰਦਨ ਪਾਰਕ ਤੇ ਸੁਦਰਸ਼ਨ ਪਾਰਕ ਦੀ ਮੇਨ ਸੜਕ ਟੁੱਟੀ ਹੋਣ ਕਾਰਨ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਇਸ ਸੜਕ 'ਤੇ ਸੀਵਰੇਜ 2016 ਵਿਚ ਅਭੀਨੰਦਨ ਪਾਰਕ ਇਲਾਕੇ ਵਿਚ ਪਾਇਆ ਗਿਆ ਸੀ, ਜਿਸ ਉਪਰੰਤ ਸੜਕ ਅਜੇ ਵੀ ਖਸਤਾ ਹਾਲਤ ਵਿਚ ਪਈ ਹੋਈ ਹੈ। ਇਸ ਟੁੱਟੀ ਹੋਈ ਸੜਕ ਕਾਰਨ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਵਿਚ ਭਾਰੀ ਰੋਸ ਹੈ। 
ਲੋਕਾਂ ਦਾ ਕਹਿਣਾ ਹੈ ਕਿ ਉਹ ਵਿਧਾਇਕ ਬਾਵਾ ਹੈਨਰੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਇਸ ਸੜਕ ਦੀ ਮੰਦੀ ਹਾਲਤ ਬਾਰੇ ਦੱਸ ਚੁੱਕੇ ਹਨ ਪਰ ਅਜੇ ਤਕ ਕਿਸੇ ਨੇ ਵੀ ਇਸ ਸੜਕ ਦੀ ਸਾਰ ਨਹੀਂ ਲਈ, ਜਿਸ ਕਾਰਨ ਨਾ ਚਾਹੁੰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਸੜਕ ਅੱਗੇ ਹਲਕਾ ਕਰਤਾਰਪੁਰ ਦੇ ਅਨੇਕਾਂ ਪਿੰਡਾਂ ਜਿਨ੍ਹਾਂ ਵਿਚ ਵਰਿਆਣਾ, ਹੇਲਰਾਂ, ਹੀਰਾਪੁਰ, ਪਤੜਕਲਾਂ ਅਤੇ ਜ਼ਿਲਾ ਕਪੂਰਥਲਾ ਨੂੰ ਨਿਕਲਦੀ ਹੈ। ਇਸ ਕਰਕੇ ਇਸ ਸੜਕ 'ਤੇ ਆਵਾਜਾਈ ਵੱਧ ਹੈ। ਲੋਕਾਂ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਇਹ ਸੜਕ ਹੋਰ ਵੀ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ, ਜਿਸ ਨਾਲ ਆਉਣ-ਜਾਣ 'ਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ।
ਕੀ ਕਹਿਣਾ ਹੈ ਵਿਧਾਇਕ ਬਾਵਾ ਹੈਨਰੀ ਦਾ : ਇਸ ਰੋਸ ਪ੍ਰਦਰਸ਼ਨ ਬਾਰੇ ਵਿਧਾਇਕ ਬਾਵਾ ਹੈਨਰੀ ਨੂੰ ਪੱਤਰਕਾਰਾਂ ਵਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸੜਕ ਉਨ੍ਹਾਂ ਦੇ ਧਿਆਨ ਵਿਚ ਹੈ। ਇਸ ਬਾਰੇ ਇਲਾਕਾ ਨਿਵਾਸੀਆਂ ਨੇ ਜਾਣਕਾਰੀ ਦਿੱਤੀ ਸੀ। ਬਾਵਾ ਹੈਨਰੀ ਨੇ ਕਿਹਾ ਕਿ ਬਹੁਤ ਹੀ ਜਲਦ ਇਸ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੜਕ ਬਾਰੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਚੁੱਕੇ ਹਾਂ ਤੇ ਜਲਦ ਹੀ ਇਸ ਨੂੰ ਸਿਰੇ ਪਹੁੰਚਾਇਆ ਜਾਵੇਗਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵਿਚ ਦਿਲਬਾਗ ਸਿੰਘ, ਸੋਮ ਸਿੰਘ, ਹੈਪੀ, ਸੰਜੀਵ ਆਨੰਦ, ਅਵਤਾਰ, ਲਖਬੀਰ ਸਿੰਘ, ਬੀ. ਐੱਸ. ਨਾਗਰਾ, ਬਬਲੂ, ਕੁਲਦੀਪ ਸਿੰਘ, ਗੁਰਨਾਮ ਸਿੰਘ, ਸੁਨੀਤਾ ਦੇਵੀ ਆਦਿ ਸ਼ਾਮਲ ਸਨ।


Related News