ਆਭਾ ਐਪ ਬਾਰੇ ਜਾਗਰੂਕਤਾ ਲਈ ਹੁਣ ਵਿਦਿਆਰਥੀਆਂ ਦੀ ਲਈ ਜਾਵੇਗੀ ਮਦਦ
Monday, Oct 14, 2024 - 03:12 PM (IST)
ਚੰਡੀਗੜ੍ਹ (ਸ਼ੀਨਾ) : ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਭਾਰਤ ਸਰਕਾਰ ਦੀ ਆਭਾ ਐਪ ਬਾਰੇ ਜਾਣੂੰ ਕਰਵਾ ਕੇ ਲਾਭ ਲੈਣ ਬਾਰੇ ਜਾਣਕਾਰੀ ਦੇਣ ਲਈ ਵਿਦਿਆਰਥੀਆਂ ਦੀ ਮਦਦ ਲਈ ਜਾਵੇਗੀ। ਆਭਾ ਐਪ ’ਤੇ ਤੁਹਾਡੇ ਹਰ ਇਕ ਟੈਸਟ ਦੀ ਰਿਪੋਰਟ ਇਕ ਕਲਿੱਕ ’ਤੇ ਉਪਲੱਬਧ ਹੋਵੇਗੀ। ਸ਼ਹਿਰ ਦੇ ਲੋਕਾਂ ਨੂੰ ਐਪ ਬਾਰੇ ਜਾਗਰੂਕ ਕਰਨ ਲਈ ਵਿਦਿਆਰਥੀਆਂ ਤੋਂ ਇਲਾਵਾ ਐੱਨ. ਐੱਸ. ਐੱਸ. ਵਲੰਟੀਅਰ, ਆਂਗਨਵਾੜੀ ਵਰਕਰਾਂ ਆਪਣੇ ਘਰ ਦੇ ਨਾਲ-ਨਾਲ ਆਂਢ-ਗੁਆਂਢ ’ਚ ਵੀ ਇਸ ਐਪ ਬਾਰੇ ਦੱਸਣਗੇ। ਇਸ ਸਬੰਧੀ ਸਾਰਿਆਂ ਦੇ ਪਹਿਲਾਂ ਸਿਖਲਾਈ ਸੈਸ਼ਨ ਲਗਵਾਏ ਜਾਣਗੇ, ਜਿਸ ’ਚ ਐਪ ਨੂੰ ਕਿੰਝ ਡਾਊਨਲੋਡ ਕਰਨਾ ਹੈ ਤੇ ਕਿੰਝ ਆਈ. ਡੀ. ਬਣਾਉਦੀ ਹੈ, ਬਾਰੇ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹਸਪਤਾਲ ’ਚ ਚੱਲ ਰਹੀਆਂ ਡਿਜੀਟਲ ਸਕਰੀਨਾਂ ’ਤੇ ਵੀ ਆਭਾ ਐਪ ਨੂੰ ਡਾਊਨਲੋਡ ਕਰਨ ਅਤੇ ਵਰਤਣ ਬਾਰੇ ਹਦਾਇਤਾਂ ਦਿੱਤੀਆਂ ਜਾਣਗੀਆਂ।
ਐਪ ਦੇ ਹਨ ਇਹ ਫ਼ਾਇਦੇ
ਆਭਾ ਹੈਲਥ ਆਈ. ਡੀ. ਕਾਰਡ ਨਾਲ ਸਾਰੇ ਮੈਡੀਕਲ ਰਿਕਾਰਡ ਜਿਵੇਂ ਕਿ ਲੈਬ ਰਿਪੋਰਟਾਂ, ਨੁਸਖ਼ੇ, ਹਸਪਤਾਲ ’ਚ ਦਾਖ਼ਲੇ ਅਤੇ ਡਿਸਚਾਰਜ ਵੇਰਵੇ, ਐੱਮ. ਆਰ. ਆਈ. ਰਿਪੋਰਟਾਂ ਆਦਿ ਨੂੰ ਭਾਰਤ ਭਰ ’ਚ ਪ੍ਰਮਾਣਿਤ ਡਾਕਟਰਾਂ, ਹਸਪਤਾਲਾਂ ਅਤੇ ਸਿਹਤ ਸੰਭਾਲ ਪ੍ਰਦਾਤਾਵਾਂ ਨਾਲ ਸਾਂਝੀਆਂ ਕਰ ਸਕਦੇ ਹੋ। ਡਾਕਟਰਾਂ ਦੀਆਂ ਮੁਲਾਕਾਤਾਂ ਲਈ ਰਿਪੋਰਟਾਂ ਆਪਣੇ ਨਾਲ ਲਿਜਾਣ ਜਾਂ ਹਸਪਤਾਲ ਦਾਖ਼ਲਾ ਫਾਰਮ ਭਰਨ ਲਈ ਲੰਬੀਆਂ ਕਤਾਰਾਂ ’ਚ ਖੜ੍ਹੇ ਹੋਣ ਦੀ ਲੋੜ ਨਹੀਂ ਪੈਂਦੀ। ਬੱਸ ਆਪਣਾ ਆਭਾ ਹੈਲਥ ਆਈ. ਡੀ. ਕਾਰਡ ਨੰਬਰ ਦਿਖਾਉਣ ਨਾਲ ਤੁਹਾਡਾ ਸਾਰਾ ਰਿਕਾਰਡ ਸਾਹਮਣੇ ਆ ਜਾਵੇਗਾ। ਆਭਾ ਐਪ ਐਂਡਰਾਇਡ ਫੋਨ ਲਈ ਗੂਗਲ ਪਲੇਅ ਸਟੋਰ ਤੇ ਆਈਫੋਨ ਲਈ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਪ ਦੀ ਜਾਣਕਾਰੀ ਬਾਰੇ ਲਗਵਾਏ ਜਾਣਗੇ ਸੈਸ਼ਨ
ਸਿਹਤ ਸਕੱਤਰ ਅਜੈ ਚਗਤੀ ਨੇ ਦੱਸਿਆ ਕਿ ਆਭਾ ਐਪ ਰਾਹੀਂ ਲੋਕਾਂ ਨੂੰ ਸਿਹਤ ਸਬੰਧੀ ਜਾਣਕਾਰੀ ਤੇ ਹੋਰ ਸੁਵਿਧਾਵਾਂ ਉਨ੍ਹਾਂ ਨੂੰ ਆਪਣੇ ਸਮਾਰਟ ਫੋਨ ’ਚ ਵੀ ਮਿਲ ਜਾਣਗੀਆਂ। ਸਿੱਖਿਆ ਬੋਰਡ ਦੇ ਡਾਇਰੈਕਟਰ ਨੂੰ ਕਿਹਾ ਗਿਆ ਹੈ ਕਿ ਸਕੂਲ ਪ੍ਰਿੰਸੀਪਲਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਵਿਦਿਆਰਥੀਆਂ ਦੀ ਐਪ ’ਚ ਆਈ. ਡੀ. ਬਣਾਈ ਜਾਵੇ। ਫਿਰ ਉਨ੍ਹਾਂ ਨੂੰ ਇਸ ਦੀ ਸੈਸ਼ਨ ਰਾਹੀਂ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਵੱਲੋਂ ਆਪਣੇ ਜਾਣਕਾਰਾਂ ਨੂੰ ਵੀ ਜਾਗਰੂਕ ਕੀਤਾ ਜਾ ਸਕੇ। ਆਂਗਣਵਾੜੀ ਵਰਕਰਾਂ ਵੱਲੋਂ ਵੀ ਆਭਾ ਐਪ ਬਾਰੇ ਕਰੀਬ 40 ਹਜ਼ਾਰ ਲੋਕਾਂ ਨੂੰ ਜਾਗਰੂਕ ਕਰਨ ਦਾ ਟੀਚਾ ਰੱਖਿਆ ਗਿਆ ਹੈ। ਅਕਤੂਬਰ ਮਹੀਨੇ ਦੇ 13 ਦਿਨਾਂ ’ਚ ਹੀ ਕਰੀਬ 43 ਹਜ਼ਾਰ ਐਪ ਆਈ. ਡੀਜ਼. ਬਣਾ ਦਿੱਤੀਆਂ ਗਈਆਂ ਹਨ। ਹੁਣ ਤੱਕ 7.6 ਲੱਖ ਦੇ ਕਰੀਬ ਆਭਾ ਐਪ ਆਈ. ਡੀਜ਼. ਬਣ ਚੁੱਕਿਆ ਹਨ ਤੇ 4.5 ਲੱਖ ਆਈ. ਡੀ. ਚੰਡੀਗੜ੍ਹ ’ਚ ਹੋਰ ਬਣਨੀਆਂ ਬਾਕੀ ਹਨ।