ਚੋਣਾਂ ਦੀ ਰੰਜਿਸ਼ ਨੂੰ ਲੈ ਕੇ ‘ਆਪ’ ਵਰਕਰ ਦੇ ਘਰ ਹਮਲਾ, ਘਟਨਾ CCTV ’ਚ ਕੈਦ
Saturday, Mar 05, 2022 - 05:39 PM (IST)
ਗੁਰਦਾਸਪੁਰ (ਹੇਮੰਤ) : ਗੁਰਦਾਸਪੁਰ ਦੇ ਨੇੜਲੇ ਪਿੰਡ ਰਾਮਨਗਰ ਵਿਖੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ, ਜਦੋਂ ਅਣਪਛਾਤੇ ਹਮਲਾਵਰਾਂ ਨੇ ਆਮ ਆਦਮੀ ਪਾਰਟੀ ਦੇ ਵਰਕਰ ਦੇ ਘਰ 'ਤੇ ਤੇਜ਼ਧਾਰ ਹਥਿਆਰਾਂ, ਇੱਟਾਂ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਦੌਰਾਨ ਹਮਲਾਵਰਾਂ ਵਲੋਂ ਗੱਡੀ ਦੀ ਵੀ ਭੰਨਤੋੜ ਕੀਤੀ ਗਈ।
ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਘਰ ਦੀ ਮਾਲਕਣ ਦਲਜੀਤ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਰਾਮ ਨਗਰ, ਦੀਨਾਨਗਰ ਹਲਕਾ ਤੋਂ 'ਆਪ' ਦੇ ਉਮੀਦਵਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਾਂਗਰਸੀ ਸਰਪੰਚ ਨੇ ਸਾਡੇ 'ਤੇ ਚੋਣ ਰੰਜਿਸ਼ ਤਹਿਤ ਹਮਲਾ ਕੀਤਾ ਹੈ। ਦਰਵਾਜ਼ਾ ਬੰਦ ਹੋਣ ਕਾਰਨ ਸਾਡੀ ਜਾਨ ਤਾਂ ਬਚ ਗਈ ਪਰ ਹਮਲਾਵਰਾਂ ਨੇ ਘਰ ਵਿੱਚ ਖੜ੍ਹੀ ਕਾਰ ਅਤੇ ਖਿੜਕੀਆਂ ਆਦਿ ਦਾ ਨੁਕਸਾਨ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਜਿਸ ਦਿਨ ਚੋਣਾਂ ਸਨ, ਉਸ ਦਿਨ ਉਹ ਪੋਲਿੰਗ ਬੂਥ ’ਤੇ ਬੈਠਾ ਸੀ। ਉਸ ਦਿਨ ਕਾਂਗਰਸੀ ਸਰਪੰਚ ਬੂਥ ਉੱਪਰ ਆ ਕੇ ਜਾਅਲੀ ਵੋਟਾਂ ਪਵਾਉਣੀਆਂ ਚਾਹੁੰਦਾ ਸੀ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ
ਇਸੇ ਗੱਲ ਨੂੰ ਲੈ ਕੇ ਸਾਡੀ ਉਸ ਨਾਲ ਲੜਾਈ ਹੋ ਗਈ। ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਕਾਂਗਰਸੀ ਸਰਪੰਚ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਬੀਤੀ ਰਾਤ ਉਨ੍ਹਾਂ ਦੇ ਘਰ ’ਤੇ ਹਮਲਾ ਕਰਵਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਪੁਲਸ ਨੇ ਰਾਜਨੀਤਿਕ ਸ਼ਹਿ ’ਤੇ ਉਨ੍ਹਾਂ ਉੱਪਰ ਹੀ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਵੀ ਪੁਲਸ ਢਿੱਲੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੇ ਹਸਪਤਾਲ ’ਚ ਕੁੱਤਿਆਂ ਅਤੇ ਚੂਹਿਆਂ ਵਲੋਂ ਨੋਚੀ ਅੱਧ-ਕੱਟੀ ਲਾਸ਼ ਬਰਾਮਦ, ਫੈਲੀ ਸਨਸਨੀ
ਕੀ ਕਹਿੰਦੇ ਹਨ ਥਾਣਾ ਦੀਨਾਨਗਰ ਦੇ ਐੱਸ.ਐੱਚ.ਓ
ਇਸ ਸਬੰਧੀ ਜਦੋਂ ਐੱਸ.ਐੱਚ.ਓ. ਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਸਬੰਧ ’ਚ ਜੋ ਵੀ ਦੋਸ਼ੀ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਕੀ ਕਿਹਾ ਪਿੰਡ ਦੇ ਕਾਂਗਰਸੀ ਸਰਪੰਚ ਦੇ ਪਿਤਾ ਨੇ?
ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਦੇ ਪਿਤਾ ਸੁੱਚਾ ਸਿੰਘ ਰਾਮਨਗਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਮੁੰਡਾ ਘਰ 'ਚ ਹੀ ਸਨ। ਸਾਡੇ ਘਰ ਦੇ ਚਾਰੇ ਪਾਸੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ। ਇਸ ਲਈ ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ ਤਾਂਕਿ ਜੋ ਵੀ ਦੋਸ਼ੀ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਪੜ੍ਹੋ ਇਹ ਵੀ ਖ਼ਬਰ - ਵੱਡੀ ਰਾਹਤ: ਰਾਜਾਸਾਂਸੀ ਏਅਰਪੋਰਟ ਤੋਂ 27 ਮਾਰਚ ਨੂੰ ਸ਼ੁਰੂ ਹੋਣਗੀਆਂ ਬਰਮਿੰਘਮ ਤੇ ਲੰਡਨ ਦੀਆਂ ਸਿੱਧੀਆਂ ਉਡਾਣਾਂ