''ਆਪ'' ਪੰਜਾਬ ''ਚ ਸਤੰਬਰ ਮਹੀਨੇ ਕਰੇਗੀ ਵੱਡੀਆਂ ਰੈਲੀਆਂ
Monday, Aug 27, 2018 - 01:16 AM (IST)
ਬਠਿੰਡਾ- ਆਮ ਆਦਮੀ ਪਾਰਟੀ (ਆਪ) ਹੁਣ ਨਵੇਂ ਸਿਰਿਓਂ ਪੰਜਾਬ ਵਿੱਚ ਆਪਣਾ ਸਿਆਸੀ ਕੱਦ ਨਾਪੇਗੀ। 'ਆਪ' ਨੇ ਨਵੀਂ ਰਣਨੀਤੀ ਘੜੀ ਹੈ ਕਿ ਖਹਿਰਾ ਧੜੇ ਦੀ ਬਠਿੰਡਾ ਕਨਵੈੱਨਸ਼ਨ ਦਾ ਨਾ ਸਿਰਫ਼ ਵੱਡਾ ਇਕੱਠਕਰਕੇ ਜਵਾਬ ਦਿੱਤਾ ਜਾਵੇ, ਸਗੋਂ ਪੰਜਾਬ ਦੇ ਮੈਦਾਨ 'ਚ ਸਤੰਬਰ ਮਹੀਨੇ ਵੱਡੇ ਇਕੱਠ ਕੀਤੇ ਜਾਣ।
ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਇਸ ਦੀ ਕਮਾਨ ਸੌਂਪੀ ਗਈ ਹੈ, ਜਿਸ ਤਹਿਤ 'ਆਪ' ਪੰਜਾਬ 'ਚ 2 ਸਤੰਬਰ ਤੋਂ ਵੱਡੀਆਂ ਰੈਲੀਆਂ ਦੀ ਸ਼ੁਰੂਆਤ ਕਰੇਗੀ। ਹਲਕਾ ਮੌੜ 'ਚ ਪਹਿਲੀ ਰੈਲੀ ਹੋਵੇਗੀ। ਸਤੰਬਰ ਮਹੀਨੇ 'ਚ ਕਿਸਾਨਾਂ ਦੇ ਰੁਝੇਵੇਂ ਵੀ ਘੱਟ ਹਨ, ਜਿਸ ਕਰਕੇ 'ਆਪ' ਨੇ ਇਸ ਮੌਕੇ ਨੂੰ ਚੁਣਿਆ ਹੈ। ਸਿਆਸੀ ਪਾਟੋਧਾੜ ਮਗਰੋਂ ਬਣੇ ਭੰਬਲਭੂਸੇ ਦੇ ਬੱਦਲਾਂ ਤੋਂ 'ਆਪ' ਆਗੂ ਫ਼ਿਕਰਮੰਦ ਹਨ। ਭਗਵੰਤ ਮਾਨ ਬਾਗ਼ੀ ਵਿਧਾਇਕਾਂ ਦੇ ਹਲਕਿਆਂ 'ਚ ਵੱਡੀਆਂ ਰੈਲੀਆਂ ਕਰਨਗੇ, ਜਿਸ ਸਬੰਧੀ 'ਆਪ' ਵਿਧਾਇਕਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਬਾਗ਼ੀ ਧੜੇ ਦੇ ਟਾਕਰੇ ਵਿੱਚ ਭਗਵੰਤ ਮਾਨ ਨੂੰ ਉਤਾਰਿਆ ਗਿਆ ਹੈ। ਵੱਡੀਆਂ ਰੈਲੀਆਂ ਦਾ ਮੁੱਖ ਮਕਸਦ ਹੋਵੇਗਾ ਕਿ ਅਸਲੀ 'ਆਪ' ਕਿਹੜੀ ਹੈ ਤੇ ਨਕਲੀ ਕਿਹੜੀ। ਹਰ ਰੈਲੀ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੀ ਜਾਣਗੇ ਅਤੇ ਹਰ ਸਿਆਸੀ ਸਟੇਜ ਤੋਂ ਵੱਧ ਤੋਂ ਵੱਧ 'ਆਪ' ਵਿਧਾਇਕ ਪੁੱਜਣਗੇ। ਅਹਿਮ ਸੂਤਰਾਂ ਨੇ ਦੱਸਿਆ ਕਿ ਅਕਤੂਬਰ ਮਹੀਨੇ ਦੇ ਅਖੀਰ ਜਾਂ ਫਿਰ ਨਵੰਬਰ ਦੇ ਪਹਿਲੇ ਹਫ਼ਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਸੱਦਿਆ ਜਾਣਾ ਹੈ। ਉਸ ਤੋਂ ਪਹਿਲਾਂ 'ਆਪ' ਰੈਲੀਆਂ ਨਾਲ ਮਾਹੌਲ ਸਿਰਜੇਗੀ। ਬਾਗ਼ੀ ਧੜੇ ਵੱਲੋਂ ਕੀਤੀ ਬਠਿੰਡਾ ਕਨਵੈਨਸ਼ਨ ਦਾ ਇਕੱਠ ਅੱਖੋਂ ਉਹਲੇ ਕਰਨ ਵਾਲਾ ਨਹੀਂ ਹੈ ਅਤੇ ਖਹਿਰਾ ਧੜੇ ਦੇ 'ਪੰਜਾਬੀ ਪੱਤੇ' ਨੇ ਵੀ ਰੰਗ ਦਿਖਾਇਆ ਹੈ। ਖਹਿਰਾ ਧੜਾ ਹਰ ਹਫ਼ਤੇ ਪ੍ਰੋਗਰਾਮ ਕਰਨ ਵਿਚ ਜੁੱਟ ਗਿਆ ਹੈ। 'ਆਪ' ਦੇ ਵਿਧਾਇਕ ਹੁਣ ਪਿੰਡਾਂ 'ਚ ਨਿਕਲਣੇ ਸ਼ੁਰੂ ਹੋ ਗਏ ਹਨ। ਵੇਰਵਿਆਂ ਅਨੁਸਾਰ 'ਆਪ' ਵੱਲੋਂ ਹਲਕਾ ਜੈਤੋ ਦੇ ਪਿੰਡ ਢਿੱਲਵਾਂ ਵਿੱਚ 5 ਸਤੰਬਰ ਨੂੰ, ਖਰੜ ਹਲਕੇ ਦੇ ਕੁਰਾਲੀ ਵਿੱਚ 8 ਨੂੰ, ਦਿੜ੍ਹਬਾ ਵਿੱਚ 9 ਨੂੰ, ਜਗਰਾਉਂ ਹਲਕੇ ਵਿੱਚ 12 ਨੂੰ, ਭੁੱਚੋ ਹਲਕੇ ਵਿੱਚ 15 ਨੂੰ, ਫ਼ਿਰੋਜ਼ਪੁਰ ਹਲਕੇ 'ਚ 19 ਨੂੰ, ਹੁਸ਼ਿਆਰਪੁਰ ਹਲਕੇ ਵਿੱਚ 23 ਨੂੰ ਤੇ ਭਦੌੜ ਹਲਕੇ 'ਚ 29 ਸਤੰਬਰ ਨੂੰ ਵੱਡੀ ਰੈਲੀ ਕਰਨ ਦਾ ਪ੍ਰੋਗਰਾਮ ਹੈ। 'ਆਪ' ਵੱਲੋਂ ਸਤੰਬਰ ਦਾ ਆਖ਼ਰੀ ਵੱਡਾ ਇਕੱਠ ਖਡੂਰ ਸਾਹਿਬ 'ਚ 30 ਸਤੰਬਰ ਨੂੰ ਕਰਨ ਦਾ ਪ੍ਰੋਗਰਾਮ ਹੈ। 'ਆਪ' ਦੇ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਮੌੜ ਹਲਕੇ ਵਿੱਚ 2 ਸਤੰਬਰ ਨੂੰ ਵੱਡੀ ਰੈਲੀ ਹੋਵੇਗੀ ਅਤੇ ਇੱਕ ਦੋ ਦਿਨਾਂ ਵਿੱਚ ਸਥਾਨ ਤੇ ਸਮਾਂ ਫਾਈਨਲ ਹੋ ਜਾਵੇਗਾ। ਇਸ ਸਬੰਧੀ ਜਲਦੀ ਮੀਟਿੰਗ ਵੀ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਦਿੱਲੀ ਦੀ 'ਆਪ' ਸਰਕਾਰ ਵੱਲੋਂ ਦਿੱਲੀ 'ਚ ਕੀਤੇ ਸਿਹਤ ਤੇ ਸਿੱਖਿਆ ਦੇ ਖੇਤਰ ਵਾਲੇ ਕੰਮਾਂ ਦੀ ਤਸਵੀਰ ਇਨ੍ਹਾਂ ਰੈਲੀਆਂ ਵਿੱਚ ਦਿਖਾਈ ਜਾਵੇਗੀ ਅਤੇ ਨਾਲ ਹੀ ਪੰਜਾਬ 'ਚ ਸਿਹਤ ਤੇ ਸਿੱਖਿਆ ਸਹੂਲਤਾਂ ਤੋਂ ਵੀ ਜਾਣੂ ਕਰਾਇਆ ਜਾਵੇਗਾ। ਵਾਲੰਟੀਅਰਾਂ ਦਾ ਹੌਸਲਾ ਵਧਾਉਣਾ ਵੀ ਇਨ੍ਹਾਂ ਰੈਲੀਆਂ ਦਾ ਏਜੰਡਾ ਹੋਵੇਗਾ। 'ਆਪ' ਲਈ ਇਹ ਰੈਲੀਆਂ ਸਿਆਸੀ ਪ੍ਰੀਖਿਆ ਵਾਂਗ ਹਨ ਕਿਉਂਕਿ ਇਨ੍ਹਾਂ ਰੈਲੀਆਂ ਦੇ ਇਕੱਠ ਨੇ ਹੀ 'ਆਪ' ਦੇ ਭਵਿੱਖ ਅਤੇ ਖਹਿਰਾ ਧੜੇ ਦੇ ਭਵਿੱਖ ਨੂੰ ਤੈਅ ਕਰਨਾ ਹੈ। ਨੇੜ ਭਵਿੱਖ ਵਿਚ 'ਆਪ' 'ਚ ਕੋਈ ਏਕਤਾ ਬਣਦੀ ਨਜ਼ਰ ਨਹੀਂ ਆ ਰਹੀ ਹੈ। ਖਹਿਰਾ ਧੜੇ ਨੇ ਬਠਿੰਡਾ ਕਨਵੈੱਨਸ਼ਨ ਦੇ ਮਤਿਆਂ ਤੋਂ ਹੇਠਾਂ ਕੋਈ ਵੀ ਗੱਲ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਇੱਧਰ 'ਆਪ' ਵੀ ਇਨ੍ਹਾਂ ਸ਼ਰਤਾਂ 'ਤੇ ਸੁਰ ਮਿਲਾਉਣ ਨੂੰ ਤਿਆਰ ਨਹੀਂ ਹੈ।
ਇਸੇ ਦੌਰਾਨ 'ਆਪ' ਦੇ ਪਰਵਾਸੀ ਵਿੰਗ ਕੈਨੇਡਾ ਦੀ ਕਨਵੀਨਰ ਜਸਕੀਰਤ ਮਾਨ ਬੁਲਾਰੇ ਹਰਪ੍ਰੀਤ ਖੋਸਾ ਅਤੇ ਕੰਵਲਜੀਤ ਸਿੱਧੂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਤੰਬਰ ਰੈਲੀਆਂ 'ਚ ਪੁੱਜ ਕੇ ਫੁੱਟ ਪਾਊ ਤਾਕਤਾਂ ਨੂੰ ਮਾਤ ਦੇਣ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਹ ਰੈਲੀਆਂ ਪੰਜਾਬੀਆਂ ਦੀ ਤਾਕਤ ਦਾ ਪ੍ਰਤੀਕ ਹੋਣਗੀਆਂ।
ਸੁਖਪਾਲ ਖਹਿਰਾ ਨੂੰ ਸੱਦਾ
ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਸਤੰਬਰ ਮਹੀਨੇ 10 ਵੱਡੀਆਂ ਰੈਲੀਆਂ ਕਰਨਗੇ, ਜਿਨ੍ਹਾਂ 'ਚ ਵੱਡੇ ਇਕੱਠ ਕੀਤੇ ਜਾਣੇ ਹਨ ਤਾਂ ਜੋ ਵਾਲੰਟੀਅਰਾਂ ਦੇ ਹੌਸਲੇ ਬੁਲੰਦ ਕੀਤੇ ਜਾ ਸਕਣ। ਕੈਪਟਨ ਸਰਕਾਰ ਦੀਆਂ ਨਕਾਮੀਆਂ ਤੋਂ ਰੈਲੀਆਂ 'ਚ ਲੋਕਾਂ ਨੂੰ ਜਾਣੂ ਕਰਾਇਆ ਜਾਵੇਗਾ ਅਤੇ ਕੇਜਰੀਵਾਲ ਸਰਕਾਰ ਦੇ ਦਿੱਲੀ ਦੇ ਕੰਮਾਂ ਦੀ ਤਸਵੀਰ ਵਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਤਾਂ ਸਤੰਬਰ ਰੈਲੀਆਂ ਵਿੱਚ ਸ਼ਾਮਲ ਹੋਣ ਲਈ ਸੁਖਪਾਲ ਖਹਿਰਾ ਤੇ ਸਾਥੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਸਾਰੇ ਰਸਤੇ ਖੁੱਲ੍ਹੇ ਰੱਖੇ ਹਨ।
