ਤਰੁਣ ਚੁੱਘ ਦਾ ‘ਆਪ’ ਸਰਕਾਰ ’ਤੇ ਹਮਲਾ, ਕਿਹਾ-ਪੰਜਾਬ ਦੇ ਲੋਕਾਂ ਦਾ ਪੈਸਾ ਝੂਠੇ ਪ੍ਰਚਾਰ ’ਤੇ ਕਰ ਰਹੀ ਬਰਬਾਦ
Saturday, Aug 13, 2022 - 08:35 PM (IST)
 
            
            ਚੰਡੀਗੜ੍ਹ : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ‘ਇਕ ਵਿਧਾਇਕ ਇਕ ਪੈਨਸ਼ਨ’ ਪੰਜਾਬ ਦੇ ਲੋਕਾਂ ਨਾਲ ਕੀਤਾ ਜਾ ਰਿਹਾ ਪੂਰੀ ਤਰ੍ਹਾਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਲਈ ਨਾਟਕੀ ਢੰਗ ਨਾਲ ਕੰਮ ਕਰ ਰਹੀ ਹੈ ਕਿਉਂਕਿ ਸੂਬਾ ਸਰਕਾਰ ਜਨਤਾ ਦਾ ਸਾਰਾ ਪੈਸਾ ਮੀਡੀਆ ’ਚ ਇਸ਼ਤਿਹਾਰਾਂ ਵੱਲ ਮੋੜਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਕ ਆਰ.ਟੀ.ਆਈ. ਰਾਹੀਂ ਪਤਾ ਲੱਗਾ ਹੈ ਕਿ 'ਆਪ' ਸਰਕਾਰ ਨੇ ਪੰਜਾਬ ਤੋਂ ਬਾਹਰ ਮੀਡੀਆ ਨੂੰ ਦਿੱਤੇ ਇਸ਼ਤਿਹਾਰਾਂ 'ਤੇ ਤਿੰਨ ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵਧਾਈ ਸਖ਼ਤੀ, ਜਾਰੀ ਕੀਤੀ ਨਵੀਂ ਐਡਵਾਈਜ਼ਰੀ
ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਪੰਜਾਬ ਦੀ ਭਲਾਈ ਲਈ ਆਏ ਪੈਸੇ ਦੀ ਵਰਤੋਂ 'ਆਪ' ਦੇ ਅਕਸ ਨੂੰ ਦੂਜੇ ਸੂਬਿਆਂ ’ਚ ਪ੍ਰਚਾਰਨ ਲਈ ਖਰਚ ਕਰ ਰਹੇ ਹਨ। ਚੁੱਘ ਨੇ ਕਿਹਾ ਕਿ 'ਆਪ' ਆਉਣ ਵਾਲੇ ਸਮੇਂ 'ਚ ਹਿਮਾਚਲ ਤੇ ਗੁਜਰਾਤ 'ਚ ਹੋਣ ਵਾਲੀਆਂ ਚੋਣਾਂ ਲਈ ਵਿੱਤ ਪੋਸ਼ਣ ਲਈ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟੇਗੀ। ਉਨ੍ਹਾਂ ਕਿਹਾ ਕਿ ਜੇਕਰ ਇਹ 'ਆਪ' ਦੇ ਸਿਆਸੀ ਮਕਸਦ ਨੂੰ ਅੱਗੇ ਵਧਾਉਣ ਲਈ ਪੰਜਾਬ ਦੇ ਜਨਤਕ ਫੰਡਾਂ ਨੂੰ ਦੂਜੇ ਸੂਬਿਆਂ ’ਚ ਭੇਜਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ 'ਆਪ' ਦੀ ਅਪਰਾਧਿਕ ਗਲਤੀ ਹੋਵੇਗੀ।
ਇਹ ਖਬਰ ਵੀ ਪੜ੍ਹੋ : ਫਗਵਾੜਾ ਪੁੱਜੇ ਬਲਬੀਰ ਰਾਜੇਵਾਲ ਦੀ ਸਰਕਾਰ ਨੂੰ ਚਿਤਾਵਨੀ, ‘ਸੰਘਰਸ਼ ’ਚ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ’
'ਆਪ' ਸਰਕਾਰ ਨੂੰ ਇਸ਼ਤਿਹਾਰਾਂ ’ਤੇ ਜਨਤਾ ਦੇ ਪੈਸੇ ਦੀ ਬਰਬਾਦੀ ਬੰਦ ਕਰਨੀ ਚਾਹੀਦੀ ਹੈ ਤੇ ਲੋਕਾਂ ਦੇ ਵਿਕਾਸ ਤੇ ਭਲਾਈ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਪੰਜਾਬ ਦੀ 'ਆਪ' ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ 'ਚੋਂ ਕੋਈ ਵਾਅਦਾ ਪੂਰਾ ਨਹੀਂ ਕੀਤਾ, ਸਗੋਂ ਫਜ਼ੂਲਖਰਚੀ ਕਰ ਰਹੀ ਹੈ, ਜੋ ਪੰਜਾਬ ਦੀ ਜਨਤਾ ਨਾਲ ਧੋਖਾ ਕਰਨ ਦੇ ਬਰਾਬਰ ਹੈ।
ਇਹ ਖ਼ਬਰ ਵੀ ਪੜ੍ਹੋ : ‘ਇਕ ਵਿਧਾਇਕ-ਇਕ ਪੈਨਸ਼ਨ’ ਨਾਲ 5 ਸਾਲਾਂ ’ਚ ਪੰਜਾਬ ਦੇ ਟੈਕਸਦਾਤਾਵਾਂ ਦੇ ਬਚਣਗੇ 100 ਕਰੋੜ ਰੁਪਏ : ‘ਆਪ’

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                            