‘ਆਪ’ ਹਿਮਾਚਲ ਤੇ ਗੁਜਰਾਤ ਵਿਧਾਨ ਸਭਾ ਚੋਣਾਂ ਲੜੇਗੀ : ਰਾਘਵ ਚੱਢਾ

05/26/2022 4:25:57 PM

ਜਲੰਧਰ (ਧਵਨ)-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਹੈ ਕਿ ਪੰਜਾਬ ’ਚ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਪੂਰੇ ਜ਼ੋਰ-ਸ਼ੋਰ ਨਾਲ ਚੋਣ ਮੈਦਾਨ ਵਿਚ ਉਤਰੇਗੀ। ਦਾਵੋਸ ਗਏ ਹੋਏ ਰਾਘਵ ਚੱਢਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ਚ ਨਸ਼ੇ ਦੀ ਸਮੱਸਿਆ ਗੰਭੀਰ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਸ ਨੂੰ ਨਸ਼ਿਆਂ ਦੇ ਮਾਮਲੇ ’ਚ ਠੋਸ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਦਾਵੋਸ ਆਏ ਹਨ। ਉਨ੍ਹਾਂ ਨੂੰ ਨਵਾਂ ਤਜਰਬਾ ਮਿਲੇਗਾ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਦਿੱਲੀ ’ਚ ਸੱਤਾ ’ਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਆਮ ਨਾਗਰਿਕਾਂ ਵਾਲੀਆਂ ਸਹੂਲਤਾਂ ਨਹੀਂ ਮਿਲਦੀਆਂ ਸਨ ਪਰ ਕੇਜਰੀਵਾਲ ਸਰਕਾਰ ਨੇ ਦਿੱਲੀ ’ਚ 94 ਫੀਸਦੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਹੈ।

ਇਹ ਵੀ ਪੜ੍ਹੋ : ਦੁੱਧ ਉਤਪਾਦਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਮੁੜ ਵਧਾਈਆਂ ਖ਼ਰੀਦ ਕੀਮਤਾਂ

ਉਨ੍ਹਾਂ ਕਿਹਾ ਕਿ ਪੰਜਾਬ ’ਚ ਖੇਤੀ ਅਤੇ ਬਿਜਲੀ ਖੇਤਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਬੇਰੁਜ਼ਗਾਰੀ ਅਤੇ ਨਸ਼ਾ ਪੰਜਾਬ ਦੀਆਂ ਵੱਡੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਆਮ ਆਦਮੀ ਪਾਰਟੀ ਦੀ ਸਰਕਾਰ ਕਰੇਗੀ। ਸਿਆਸੀ ਇੱਛਾ ਸ਼ਕਤੀ ਦੀ ਮਦਦ ਨਾਲ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਪ੍ਰਦੂਸ਼ਣ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਫ਼ਸਲ ਦੀ ਨਾੜ ਨੂੰ ਸਾੜਨ ਦੀ ਸਮੱਸਿਆ ਪੂਰੇ ਉੱਤਰੀ ਭਾਰਤ ਦੀ ਸਮੱਸਿਆ ਹੈ। ਇਸ ਨੂੰ ਹੌਲੀ-ਹੌਲੀ ਘਟਾਇਆ ਜਾਣਾ ਚਾਹੀਦਾ ਹੈ। ਦਿੱਲੀ ਅਤੇ ਪੰਜਾਬ ਸਰਕਾਰ ਵੱਲੋਂ ਇਸ ਸਮੱਸਿਆ ਦਾ ਹੱਲ ਕੱਢਣ ਲਈ ਮਿਲ ਕੇ ਕੰਮ ਕੀਤਾ ਜਾਏਗਾ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੇਂਦਰ ਸਰਕਾਰ ਤੋਂ ਵੀ ਸਹਿਯੋਗ ਲਿਆ ਜਾਵੇਗਾ। ਦਿੱਲੀ ਅਤੇ ਪੰਜਾਬ ਦੇ ਦੋਵੇਂ ਮੁੱਖ ਮੰਤਰੀ ਸੂਝਵਾਨ ਹਨ ਅਤੇ ਉਹ ਸਹੀ ਸਮੇਂ ’ਤੇ ਸਹੀ ਫੈਸਲੇ ਲੈ ਰਹੇ ਹਨ।

 


Manoj

Content Editor

Related News