100 ਕਰੋੜ ਦੇ GST ਘਪਲੇ ’ਚ ‘ਆਪ’ ਨੇ ਮੰਗਿਆ ਮੁੱਖ ਮੰਤਰੀ ਦਾ ਅਸਤੀਫ਼ਾ

Sunday, Aug 23, 2020 - 02:52 AM (IST)

ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ 100 ਕਰੋੜ ਰੁਪਏ ਦੇ ਜੀ. ਐੱਸ.ਟੀ. ਘਪਲੇ ਦਾ ਖੁਲਾਸਾ ਹੋਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫ਼ਾ ਮੰਗਿਆ ਹੈ। ‘ਆਪ’ ਵਿਧਾਇਕਾਂ ਦਾ ਕਹਿਣਾ ਹੈ ਕਿ ਫਾਰਮ ਹਾਊਸ ਤੋਂ ਚੱਲ ਰਹੀ ਸ਼ਾਹੀ ਸਰਕਾਰ ਦੀ ਕਾਰਜਪ੍ਰਣਾਲੀ ਪੰਜਾਬ ਦੇ ਆਮ ਲੋਕਾਂ ਦੀ ਮਿਹਨਤ ਦੇ ਪੈਸੇ ਨਾਲ ਭਰਨ ਵਾਲੇ ਸਰਕਾਰੀ ਖਜ਼ਾਨੇ ’ਤੇ ਭਾਰੀ ਪੈ ਰਹੀ ਹੈ। ‘ਆਪ’ ਵਿਧਾਇਕਾਂ ਪ੍ਰਿੰਸੀਪਲ ਬੁੱਧ ਰਾਮ, ਮੀਤ ਹੇਅਰ, ਰੁਪਿੰਦਰ ਕੌਰ ਰੂਬੀ, ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਮਾ. ਬਲਦੇਵ ਸਿੰਘ ਨੇ ਟੈਕਸ ਤੇ ਐਕਸਾਈਜ਼ ਵਿਭਾਗਾਂ ਵਿਚ 100 ਕਰੋੜ ਰੁਪਏ ਦੇ ਜੀ. ਐੱਸ. ਟੀ. ਘਪਲੇ ’ਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦਾ ਅਸਤੀਫਾ ਮੰਗਦਿਆਂ ਕਿਹਾ ਕਿ ਕਾਂਗਰਸ ਸਰਕਾਰ ਦਾ ਸਟੇਅਰਿੰਗ ਬੇਸ਼ੱਕ ਰਾਜਾ ਅਮਰਿੰਦਰ ਸਿੰਘ ਦੇ ਹੱਥ ਹੈ ਪਰ ਰਿਮੋਟ ਕੰਟਰੋਲ ਮਾਫ਼ੀਆ ਅਤੇ ਭ੍ਰਿਸ਼ਟਾਚਾਰੀਆਂ ਦੇ ਹੱਥ ਵਿਚ ਹੈ।

ਪ੍ਰਿੰਸੀ. ਬੁੱਧ ਰਾਮ ਨੇ ਕਿਹਾ ਕਿ ਕਰ ਅਤੇ ਆਬਕਾਰੀ ਮਹਿਕਮਾ ਮੁੱਖ ਮੰਤਰੀ ਨੇ ਆਪਣੇ ਕੋਲ ਰੱਖਿਆ ਹੋਇਆ ਹੈ ਪਰ ਮਹਿਕਮੇ ਵਿਚ ਭ੍ਰਿਸ਼ਟਾਚਾਰ ਕਰਨ ਵਾਲੇ ਗਿਰੋਹ ਨੂੰ ਉਨ੍ਹਾਂ ਨੇ ਖੁੱਲ੍ਹੀ ਛੋਟ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਵਿਭਾਗ ਵਿਚ ਅਫ਼ਸਰਾਂ ਅਤੇ ਦਲਾਲਾਂ ਦੀ ਮਿਲੀਭੁਗਤ ਨਾਲ ਸਰਕਾਰੀ ਖ਼ਜ਼ਾਨੇ ਨੂੰ 100 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲੱਗਣ ਨਾਲ ਜਿੱਥੇ ਅਮਰਿੰਦਰ ਸਿੰਘ ਦੀ ਨਾਕਾਮੀ ਸਾਬਤ ਹੁੰਦੀ ਹੈ, ਉੱਥੇ ਇਸ ਗਿਰੋਹ ਦੀਆਂ ਤਾਰਾਂ ਉੱਪਰ ਤੱਕ ਹੋਣ ਦੇ ਸੰਕੇਤ ਸਪੱਸ਼ਟ ਹਨ। ਇਸ ਲਈ ਘਪਲੇ ਦੀ ਸਮਾਂਬੱਧ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਰਵਾਈ ਜਾਵੇ।

ਮੁਲਾਜ਼ਮਾਂ ਨੂੰ ਨਸੀਹਤਾਂ ਦੇਣ ਵਾਲੀ ਮੋਤੀਆਂ ਵਾਲੀ ਸਰਕਾਰ ਖੁਦ ਕੰਮ ’ਤੇ ਕਦੋਂ ਆਏਗੀ

ਓਧਰ ‘ਆਪ’ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਦੇ ਬਿਆਨਾਂ ਦੀ ਅਸਲੀਅਤ ਦੱਸਦਿਆਂ ਦੋਸ਼ ਲਾਇਆ ਹੈ ਕਿ ਦੋਵਾਂ ਨੂੰ ਸੂਬੇ ਦੇ ਲੋਕਾਂ ਦੇ ਹਿੱਤਾਂ, ਤਕਲੀਫ਼ਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਵਲੋਂ ਨਿਗੂਣੀਆਂ ਤਨਖ਼ਾਹਾਂ ਲੈ ਕੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਨਸੀਹਤਾਂ ਦੇਣੀਆਂ ਤਾਂ ਆਸਾਨ ਲੱਗਦੀਆਂ ਹਨ ਪਰ ਆਪ ਖੁਦ ਇਸ ’ਤੇ ਕੋਈ ਅਮਲ ਨਹੀਂ ਕਰ ਰਹੇ ਅਤੇ ਤਰ੍ਹਾਂ-ਤਰ੍ਹਾਂ ਦੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਪਿਛਲੇ ਦਿਨੀਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪੰਜਾਬ ਦੇ ਮੁਲਾਜ਼ਮ ਆਪਣੇ ਕੰਮਾਂ ’ਤੇ ਵਾਪਸ ਆ ਜਾਣ। ਇਸ ’ਤੇ ਬੋਲਦਿਆਂ ਵਿਧਾਇਕ ਅਰੋੜਾ ਨੇ ਕਿਹਾ ਕਿ ਮਾਮੂਲੀ ਜਿਹੀਆਂ ਤਨਖ਼ਾਹਾਂ ਲੈ ਕੇ ਕੰਮ ਕਰਨ ਵਾਲੇ ਮੁਲਾਜ਼ਮ ਤਾਂ ਆਪਣੇ ਕੰਮਾਂ ’ਤੇ ਵਾਪਸ ਆ ਹੀ ਜਾਣਗੇ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ ਦਾ ਚਾਰ ਸਾਲ ਦਾ ਸਮਾਂ ਪੂਰਾ ਹੋ ਗਿਆ ਹੈ, ਉਹ ਕਦੋਂ ਵਾਪਸ ਆਏਗੀ। ਅਰੋੜਾ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਬੜੀਆਂ ਉਮੀਦਾਂ ਲਾ ਕੇ ਕੈਪਟਨ ਨੂੰ ਸੂਬੇ ਦੀ ਕਮਾਨ ਸੌਂਪੀ ਹੈ, ਉਸ ਨੂੰ ਦੇਖਦਿਆਂ ਕੈਪਟਨ ਨੂੰ ਵੀ ਆਪਣੇ ਕੰਮ ’ਤੇ ਵਾਪਸ ਆ ਕੇ ਹੋਰਨਾਂ ਮੁੱਖ ਮੰਤਰੀਆਂ ਵਾਂਗ ਕੰਮ ਕਰਨਾ ਚਾਹੀਦਾ ਹੈ।


Bharat Thapa

Content Editor

Related News