ਵਰ੍ਹਦੇ ਮੀਂਹ ''ਚ ''ਆਪ'' ਆਗੂ ਨੇ ਚਿੱਟਾ ਕਾਰੋਬਾਰੀਆਂ ਖ਼ਿਲਾਫ਼ ਕੱਢਿਆ ਰੋਸ ਮਾਰਚ

Tuesday, Jul 13, 2021 - 05:08 PM (IST)

ਭਾਦਸੋਂ (ਅਵਤਾਰ) : ਭਾਦਸੋਂ ‘ਚ ਕਥਿਤ ਚਿੱਟਾ ਕਾਰੋਬਾਰੀ ਦੇ ਘਰੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਬਰਿੰਦਰ ਬਿੱਟੂ ਵੱਲੋਂ ਸਟਿੰਗ ਆਪਰੇਸ਼ਨ ਕਰਕੇ ਕੁੱਝ ਘੰਟਿਆਂ ਅੰਦਰ 2 ਦਰਜਨ ਨੌਜਵਾਨਾਂ ਵੱਲੋਂ ਨਸ਼ਾ ਖਰੀਦਣ ਦੀ ਵਿਡੀਓ ਰਿਲੀਜ਼ ਕੀਤੇ ਜਾਣ ਦਾ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ। ਨਸ਼ਾ ਵਿਕਣ ਦੇ ਮਾਮਲੇ ‘ਤੇ ਜਿੱਥੇ ਪੁਲਸ ਪ੍ਰਸ਼ਾਸ਼ਨ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ, ਉੱਥੇ ਹੀ ਬਰਿੰਦਰ ਬਿੱਟੂ ਨੇ ਨਸ਼ਾ ਕਾਰੋਬਾਰ ਖ਼ਿਲਾਫ਼ ਅਪਣੀ ਜੰਗ ਤੇਜ਼ ਕਰਦਿਆਂ ਆਮ ਆਦਮੀ ਪਾਰਟੀ ਸਰਕਲ ਭਾਦਸੋਂ ਦੇ ਸੀਨੀਅਰ ਆਗੂਆਂ ਸੁਖਵਿੰਦਰ ਸਿੰਘ ਸੁੱਖ ਘੁੰਮਣ, ਸਮਾਜਸੇਵੀ ਨਰਿੰਦਰ ਜੋਸ਼ੀ ਨਾਲ ਮਿਲ ਕੇ ਵਰ੍ਹਦੇ ਮੀਂਹ ‘ਚ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਇਕ ਰੋਸ ਮਾਰਚ ਕੱਢਿਆ।

ਮਾਰਚ ਦੌਰਾਨ ਸੱਤਾਧਾਰੀ ਪਾਰਟੀ ਖ਼ਿਲਾਫ਼ ਸਖ਼ਤ ਸ਼ਬਦਾਂ ਦੀ ਵਰਤੋਂ ਕਰਦਿਆਂ ਬਿੱਟੂ ਨੇ ਕਿਹਾ ਕਿ ਸ਼ਹਿਰ ਤੇ ਇਲਾਕੇ ਅੰਦਰ ਸ਼ਰੇਆਮ ਨਸ਼ਾ ਵਿਕਾਉਣ ‘ਚ ਹਲਕੇ ਨਾਲ ਸਬੰਧਿਤ ਕੈਬਨਿਟ ਮੰਤਰੀ ਤੇ ਉਸਦੇ ਕਰੀਬੀਆਂ ਦਾ ਹੱਥ ਹੈ, ਜਿਨ੍ਹਾਂ ਦੀ ਸ਼ਹਿ ‘ਤੇ ਕਰਿਆਨੇ ਦੀ ਦੁਕਾਨ ਵਾਂਗ ਨਸ਼ਾ ਵਿਕ ਰਿਹਾ ਹੈ। ਬਲਾਕ ਪ੍ਰਧਾਨ ਸੁੱਖ ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ਹਿਰ ਵਿੱਚ ਚਿੱਟਾ ਹਰਗਿਜ਼ ਨਹੀਂ ਵਿਕਣ ਦੇਵੇਗੀ, ਭਾਵੇਂ ਉਨ੍ਹਾਂ ਨੂੰ ਕਿੰਨਾ ਵੀ ਸਖ਼ਤ ਕਦਮ ਕਿਉਂ ਨਾ ਚੁੱਕਣਾ ਪਵੇ। ਸਮਾਜਸੇਵੀ ਨਰਿੰਦਰ ਜੋਸ਼ੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ‘ਚ ਕਿਧਰੇ ਵੀ ਨਸ਼ਾ ਵਿਕਣ ਸਬੰਧੀ ਸੂਚਨਾ ਮਿਲਣ 'ਤੇ ਆਪ ਆਗੂਆਂ ਨੂੰ ਦੱਸਣ, ਜਿਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।

ਜੋਸ਼ੀ ਨੇ ਜ਼ਿਲ੍ਹਾ ਯੂਥ ਪ੍ਰਧਾਨ ਬਰਿੰਦਰ ਬਿੱਟੂ ਦੇ ਨਸ਼ਾ ਕਾਰੋਬਾਰ ਨੂੰ ਬੇਨਕਾਬ ਕਰਨ ਦੇ ਕਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਖ ਘੁੰਮਣ ਨੇ ਕਿਹਾ ਕਿ ਬਲਾਕ ਯੂਥ ਟੀਮ ਆਗੂਆਂ ਦੀ ਡਿਊਟੀ ਲਗਾ ਕੇ ਨਸ਼ਾ ਕਾਰੋਬਾਰੀਆਂ ‘ਤੇ ਸਖ਼ਤ ਨਿਗਾਹ ਰੱਖੀ ਜਾਵੇਗੀ ਅਤੇ ਜੇਕਰ ਪੁਲਸ ਪ੍ਰਸ਼ਾਸਨ ਇਨ੍ਹਾਂ ਦਰਿੰਦਿਆਂ ਨੂੰ ਨੱਥ ਨਹੀਂ ਪਾਉਂਦਾ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਜ਼ਿਕਰਯੋਗ ਹੈ ਕਿ ਬਰਿੰਦਰ ਬਿੱਟੂ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਵਪਾਰ ਮੰਡਲ ਭਾਦਸੋਂ ਅਤੇ ਕੁੱਝ ਕਾਂਗਰਸੀ ਆਗੂਆਂ ਨੇ ਵੀ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਾਈਡ ਤੋਂ ਸਮਰਥਨ ਦਿੱਤਾ ਹੈ ਅਤੇ ਸ਼ਹਿਰ ਵਾਸੀਆਂ ਵੱਲੋਂ ਸਟਿੰਗ ਆਪਰੇਸ਼ਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ।


Babita

Content Editor

Related News