ਪੰਜਾਬ ''ਚ ''ਆਪਰੇਸ਼ਨ ਲੋਟਸ'' ਨੇ ਫੜ੍ਹਿਆ ਤੂਲ, AAP ਨੇ ਭਾਜਪਾ ''ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
Wednesday, Sep 14, 2022 - 04:16 PM (IST)
ਚੰਡੀਗੜ੍ਹ : ਪੰਜਾਬ 'ਚ ਆਪਰੇਸ਼ਨ ਲੋਟਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਨੇ ਸਰਕਾਰਾਂ ਦੀਆਂ ਸਰਕਾਰਾਂ ਸਿਆਸੀ ਤੌਰ 'ਤੇ ਖ਼ਤਮ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਗੱਲ ਵੱਖਰੀ ਹੈ ਕਿ ਭਾਜਪਾ ਦੀ ਦਿੱਲੀ 'ਚ ਦਾਲ ਨਹੀਂ ਗਲੀ ਅਤੇ ਨਾ ਹੀ ਪੰਜਾਬ 'ਚ ਗਲਣੀ ਹੈ। ਮਾਲਵਿੰਦਰ ਕੰਗ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਵੱਡੇ-ਵੱਡੇ ਲੀਡਰ ਪ੍ਰੈੱਸ ਕਾਨਫਰੰਸਾਂ ਕਰਦੇ ਸੀ ਕਿ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਰੋੜਾਂ ਦੇ ਘਪਲੇ ਕੀਤੇ ਹਨ ਅਤੇ ਇਨ੍ਹਾਂ ਖ਼ਿਲਾਫ਼ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਆਪਰੇਸ਼ਨ ਲੋਟਸ ਚੱਲਿਆ ਅਤੇ ਬਲਬੀਰ ਸਿੱਧੂ ਭਾਜਪਾ 'ਚ ਸ਼ਾਮਲ ਹੋ ਗਏ ਤਾਂ ਉਨ੍ਹਾਂ 'ਤੇ ਸਾਰੇ ਦੋਸ਼ ਨੂੰ ਨਕਾਰਿਆਂ ਕਲੀਨ ਚਿੱਟ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹੀ ਆਪਰੇਸ਼ਨ ਲੋਟਸ ਹੈ। ਮਾਲਵਿੰਦਰ ਕੰਗ ਨੇ ਕਿਹਾ ਕਿ ਆਪਰੇਸ਼ਨ ਲੋਟਸ ਹੁਣ ਪੰਜਾਬ ਵੱਲ ਮੂੰਹ ਕਰ ਗਿਆ ਹੈ ਪਰ ਇਹ ਇੱਥੇ ਕਦੇ ਕਾਮਯਾਬ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਕੰਮ ਪੂਰੀ ਦੀ ਪਾਰਟੀ ਖ਼ਰੀਦਣ ਦਾ ਹੈ ਅਤੇ ਜਿਸ ਸੂਬੇ 'ਚ ਅਜਿਹਾ ਨਹੀਂ ਹੁੰਦਾ, ਉੱਥੇ ਸੀ. ਬੀ. ਆਈ. ਭੇਜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੰਜਾਬ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਮਾਲਵਿੰਦਰ ਕੰਗ ਨੇ ਕਿਹਾ ਕਿ ਸਾਨੂੰ ਕਿਸੇ ਦਾ ਡਰ ਨਹੀਂ ਹੈ।
ਇਹ ਵੀ ਪੜ੍ਹੋ : 'ਆਪਰੇਸ਼ਨ ਲੋਟਸ' 'ਤੇ ਭਖੀ ਸਿਆਸਤ, ਹਰਪਾਲ ਚੀਮਾ ਦਾ ਦਾਅਵਾ- ਸਬੂਤਾਂ ਸਮੇਤ DGP ਨਾਲ ਕਰਨਗੇ ਮੁਲਾਕਾਤ
ਉਨ੍ਹਾਂ ਕਿਹਾ ਕਿ ਗੁਜਰਾਤ 'ਚ ਭਾਰਤੀ ਜਨਤਾ ਪਾਰਟੀ ਨੂੰ ਲੋਕ ਮੂੰਹ ਨਹੀਂ ਲਾ ਰਹੇ ਅਤੇ ਭਾਜਪਾ ਨੂੰ ਆਪਣੀ ਹਾਰ ਦਿਖ ਰਹੀ ਹੈ। ਇਸ ਲਈ ਭਾਜਪਾ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪੈਸਿਆਂ ਦੀ ਵਾਰ-ਵਾਰ ਆਫ਼ਰ ਦੇ ਰਹੀ ਹੈ। ਮਾਲਵਿੰਦਰ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਦੇ ਖ਼ਿਲਾਫ਼ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਾਲ 2024 ਦਾ ਫ਼ਿਕਰ ਪੈ ਗਿਆ ਹੈ ਪਰ ਹੁਣ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਨਹੀਂ ਪਾਉਣੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ