ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

Tuesday, Apr 12, 2022 - 04:28 PM (IST)

ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਜਲੰਧਰ (ਰਮਨਦੀਪ ਸਿੰਘ ਸੋਢੀ) : ਸਿਆਸੀ ਤਾਕਤ ਅਤੇ ਪੈਸੇ ਦੇ ਜ਼ੋਰ ਨਾਲ ਵਿਧਾਇਕ ਬਣਦੇ ਵੇਖਣਾ ਤਾਂ ਆਮ ਗੱਲ ਹੈ ਪਰ 2022 ਦੀਆਂ ਚੋਣਾਂ ਨੇ ਗੁਰਬਤ ਚੋਂ ਗੁਜ਼ਰ ਰਹੇ ਕਈ ਅਜਿਹੇ ਲੋਕਾਂ ਨੂੰ ਵੀ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਹੈ ਜਿੰਨਾ ਦੇ ਘਰ ’ਚ ਛੱਤ ’ਤੇ ਚੜਨ ਲਈ ਵੀ ਪੱਕੀ ਪੌੜੀ ਨਹੀਂ ਬਣੀ ਹੋਈ ਹੈ। ਅਜਿਹੀ ਹੀ ਇੱਕ ਵੱਡੀ ਉਦਾਹਰਣ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕ ਲਾਭ ਸਿੰਘ ਉੱਗੋਕੇ। ਇਸ ਵਿਧਾਇਕ ਕੋਲ ਸਿਰਫ 2 ਕਨਾਲ ਜ਼ਮੀਨ ਹੈ, ਖੁਦ ਮੋਬਾਇਲ ਰਿਪੇਅਰ ਦਾ ਕੰਮ ਕਰਦੇ ਸਨ, 2013 ਤੋਂ ਉਹ ਪਾਰਟੀ ਨਾਲ ਜੁੜੇ, ਡਟ ਕੇ ਮਿਹਨਤ ਕੀਤੀ ਜਿਸਦੀ ਬਦੌਲਤ 2022 ’ਚ ਉਨ੍ਹਾਂ ਨੂੰ ਟਿਕਟ ਨਾਲ ਨਿਵਾਜਿਆ ਗਿਆ। ਚੰਨੀ ਨੂੰ ਹਰਾਉਣ ਬਾਰੇ ਪੁੱਛੇ ਜਾਣ ’ਤੇ ਵਿਧਾਇਕ ਦਾ ਕਹਿਣਾ ਹੈੈ ਕਿ ਲੋਕ ਕਾਰਾਂ ਕੋਠੀਆਂ ਤੇ ਵੱਡੇ ਘਰਾਣਿਆ ਤੋਂ ਦੁਖੀ ਹੋ ਗਏ ਸੀ, ਇਸੇ ਕਰਕੇ ਮੋਬਾਇਲ ਰਿਪੇਅਰ ਕਰਨ ਵਾਲਾ ਵਿਧਾਇਕ ਬਣ ਗਿਆ। ਉੱਗੋਕੇ ਨਾਲ ਉਨਾਂ ਦੀ ਨਿੱਜੀ ਅਤੇ ਸਿਆਸੀ ਜਿੰਦਗੀ ਬਾਰੇ ਜਗਬਾਣੀ ਵੱਲੋਂ ਤਫਸੀਲ ਚ ਗੱਲ-ਬਾਤ ਕੀਤੀ ਗਈ ਜਿਸਦੇ ਮੁੱਖ ਅੰਸ਼ ਇਸ ਪ੍ਰਕਾਰ ਹਨ।

ਪਿਤਾ ਚਲਾਉਂਦੇ ਨੇ ਟਰੈਕਟਰ ਮਾਤਾ ਸਕੂਲ ਚ ਸੇਵੇਦਾਰ
ਲਾਭ ਸਿੰਘ ਦੇ ਪਰਿਵਾਰ ਚ ਮਾਤਾ ਪਿਤਾ, ਪਤਨੀ ਅਤੇ ਦੋ ਪੁੱਤਰ ਹਨ। ਉੱਗੋਕੇ ਦੇ ਪਿਤਾ ਖੇਤੀਬਾੜੀ ਤੋਂ ਇਲਾਵਾ ਮਿਹਨਤ ਮਜ਼ਦੂਰੀ ਕਰਦੇ ਹਨ ਤੇ ਕਦੇ ਜ਼ਿੰਮੀਦਾਰਾਂ ਦਾ ਟਰੈਕਟਰ ਅਤੇ ਕੰਬਾਇਨ ਵੀ ਚਲਾਉਂਦੇ ਹਨ। ਮਾਤਾ ਸਰਕਾਰੀ ਸਕੂਲ ਚ ਸੇਵਾਦਾਰ ਹੈ ਜਿਸਦਾ ਕਹਿਣਾ ਕਿ ਉਹ ਵਿਧਾਇਕ ਦੀ ਮਾਂ ਬਣਕੇ ਵੀ ਸਕੂਲ ਵਿੱਚ ਹੀ ਕੰਮ ਕਰੇਗੀ, ਕਿਰਤ ਨਹੀਂ ਛੱਡੇਗੀ। ਵਿਧਾਇਕ ਦਾ ਦੋ ਕਮਰਿਆਂ ਦਾ ਘਰ ਹੈ ਜਿਸਨੂੰ ਮਾਲੀ ਤੰਗੀ ਦੇ ਚੱਲਦਿਆਂ ਹਾਲੇ ਤੱਕ ਪਲਸਤਰ ਵੀ ਨਹੀਂ ਕਰਵਾਇਆ ਜਾ ਸਕਿਆ, ਪਰ ਪਰਿਵਾਰ ਏਸੇ ਵਿੱਚ ਹੀ ਬੜਾ ਖੁਸ਼ ਹੈ। ਇੱਕ ਵੱਡਾ ਭਰਾ ਫੌਜੀ ਹੈ ਜੋ ਨਾਲ ਦੇ ਘਰ ਚ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ। ਪਿਤਾ ਦਾ ਕਹਿਣਾ ਹੈ ਕਿ ਕਦੇ ਸੋਚਿਆ ਨਹੀਂ ਸੀ ਪਰਮਾਤਮਾ ਪੁੱਤਰ ਨੂੰ ਇਹ ਅਹੁਦੇ ਬਖਸ਼ੇਗਾ। ਇਹ ਮੱਥੇ ਦੀ ਲਿਖਤ ਸੀ ਜਾਂ ਪੁੱਤਰ ਦੀ ਨੇਕ ਕਮਾਈ ਜੋ ਇਥੋਂ ਤੱਕ ਆਏ ਹਾਂ।

PunjabKesari

ਵਿਧਾਇਕਾਂ ਦੇ ਘਰ ਅੱਗੇ ਗੱਡੀਆਂ ਤੇ ਲੋਕਾਂ ਦਾ ਜਮਾਵੜਾ ਰਹਿੰਦਾ ਹੈ ਪਰ ਤੁਹਾਡੇ ਹਾਲਾਤ ਬਿਲਕੁਲ ਉਲਟ ਕਿਵੇਂ ਹਨ ?
ਪੰਜਾਬ ਦੇ ਲੋਕ ਅਜਿਹੇ ਕਲਚਰ ਤੋਂ ਬਹੁਤ ਦੁਖੀ ਸਨ ਜਿਸਦੀ ਤੁਸੀਂ ਗੱਲ ਕੀਤੀ। ਸੰਬੋਧਨ ਕਰਨ ਲਈ 'ਮੈਂ' ਸ਼ਬਦ ਵਰਤਣਾ ਪੈਣਾ ਹੈ ਪਰ ਮੇਰੇ ਚ ਅਜਿਹੀ ਕੋਈ ਗੱਲ ਨਹੀਂ ਹੈ। ਮੈਂ ਰਹਿ ਵੀ ਤਪਾ ਰਿਹਾਂ ਤੇ ਘਰੇ ਵੀ ਚਾਰ ਦਿਨ ਬਾਅਦ ਹੀ ਆਉਂਦਾ ਹਾਂ ਕਿਉਂਕਿ ਇਸ ਘਰ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੀ ਜਗ੍ਹਾ ਨਹੀਂ ਹੈ ਪਰ ਲੋਕ ਇਸ ਗੱਲ ਤੋਂ ਖੁਸ਼ ਹਨ ਕਿ ਸਾਨੂੰ ਵਿਧਾਇਕ ਮਿਲ ਤਾਂ ਰਿਹਾ ਹੈ। ਬਾਕੀ ਮੇਰੇ ਕੋਲ ਤਾਂ ਆਮ ਜਿਹਾ ਘਰ ਹੈ ਤੇ ਨਾ ਹੀ ਖੁਦ ਦੀ ਕਾਰ ਹੈ, ਪਰ ਲੋਕਾਂ ਨੇ ਫਿਰ ਵੀ ਵੱਡਾ ਫਤਵਾ ਦਿੱਤਾ ਹੈ।

ਤੁਸੀਂ ਮੰਨਦੇ ਹੋ ਕਿ ਲੋਕ ਜਿੱਤੇ ਨਾਲੋਂ ਹਾਰੇ ਦੀ ਵੱਧ ਖੁਸ਼ੀ ਮਨਾ ਰਹੇ ਹਨ ?
ਬਿਲਕੁਲ, ਲੋਕ ਰਿਵਾਇਤੀ ਲੀਡਰਾਂ ਤੋਂ ਦੁਖੀ ਹੋ ਗਏ ਸਨ। ਨਿੱਜੀ ਜਗੀਰ ਸਮਝਣ ਵਾਲਿਆਂ ਨੂੰ ਲੋਕਾਂ ਨੇ ਹੂੰਝ ਕੇ ਪਰੇ ਮਾਰਿਆ ਹੈ। ਲੋਕਾਂ ਨੂੰ ਮਹਿਸੂਸ ਹੋ ਰਿਹਾ ਕੇ ਇਸ ਵਾਰ ਆਪਣੇ ਧੀਆਂ -ਪੁੱਤਰਾਂ ਨੂੰ ਜਿਤਾਇਆ ਹੈ। ਬਾਕੀ ਲੋਕਾਂ ਨੇ ਇਹ ਵੀ ਸਾਬਤ ਕੀਤਾ ਹੈ ਕਿ ਗਰੀਬ ਕਹਾਉਣ ਵਾਲਾ ਤੇ ਸਚਮੁਚ ਗਰੀਬ ਹੋਣ ਵਾਲਾ ਕਿਹੜਾ ਹੈ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਚੰਨੀ ਦੇ ਭਦੌੜ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ 'ਤੇ ਪੈਰ ਥਿੜਕੇ ਸਨ ਜਾਂ ਨਹੀਂ?
ਮੈਂ ਪਰਮਾਤਮਾ ਨੂੰ ਮੰਨਣ ਵਾਲੇ ਪਰਿਵਾਰ ਦਾ ਪੁੱਤਰ ਹਾਂ। ਮੈਨੂੰ ਬਿਲਕੁਲ ਵੀ ਨਹੀਂ ਲੱਗਿਆ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਮੇਰੇ ਖ਼ਿਲਾਫ਼ ਚੋਣ ਲੜਨ ਆ ਰਿਹੈ। ਮੈਨੂੰ ਮੇਰੇ ਲੋਕਾਂ 'ਤੇ ਵਿਸ਼ਵਾਸ ਸੀ ਕਿ ਚਾਹੇ ਕੋਈ ਵੀ ਆ ਜਾਵੇ ਇਹ ਮੈਨੂੰ ਹਾਰਨ ਨਹੀਂ ਦੇਣਗੇ। ਗੱਲਬਾਤ ਦੌਰਾਨ ਲਾਭ ਸਿੰਘ ਨੇ ਦੱਸਿਆ ਕਿ ਇਹ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਦਾ ਸਮਾਂ ਸੀ। ਭਾਵੇਂ ਚੋਣ ਪ੍ਰਚਾਰ ਦੌਰਾਨ ਹਲਕਾ ਕਵਰ ਹੋ ਗਿਆ ਸੀ ਪਰ ਕੁਝ ਗਲੀਆਂ ਜਾਂ ਮੁਹੱਲੇ ਅਜਿਹੇ ਰਹਿ ਗਏ ਸਨ ਜਿੱਥੇ ਨਹੀਂ ਜਾ ਹੋਇਆ। ਵੈਸੇ ਅਸੀਂ 2013 ਤੋਂ ਹੀ ਹਲਕਾ ਕਵਰ ਕਰ ਰਹੇ ਹਾਂ। ਪਿੰਡਾਂ ਦੀਆਂ ਗਲੀਆਂ ਤੱਕ ਵੀ ਛਾਣ ਮਾਰੀਆਂ ਸਨ। ਮੈਂ ਤਾਂ ਇਕ ਗੱਲ ਸੋਚੀ ਸੀ ਕਿ ਇਹ ਲੋਕ ਆਪਣੇ ਹਨ।

ਤੁਹਾਨੂੰ ਲੱਗਦਾ ਸੀ ਕਿ ਐਨਾ ਵੱਡਾ ਜਿੱਤ ਦਾ ਫ਼ਤਵਾ ਮਿਲੇਗਾ?
ਇਹ ਤਾਂ ਸਾਨੂੰ ਯਕੀਨ ਸੀ ਕਿ ਅਸੀਂ ਜਿੱਤ ਰਹੇ ਹਾਂ ਤੇ ਸਰਕਾਰ ਵੀ ਸਾਡੀ ਬਣ ਰਹੀ ਹੈ। ਪਾਰਟੀ ਦੇ ਸਰਵੇ ਵੀ ਇਹੀ ਦੱਸਦੇ ਸਨ ਪਰ ਲੋਕ ਐਨੀ ਵੱਡੀ ਜਿੱਤ ਬਖਸ਼ਣਗੇ ਇਸਦੀ ਉਮੀਦ ਨਹੀਂ ਸੀ।

ਵਿਧਾਇਕ ਬਣਨ ਮਗਰੋਂ ਪਹਿਲੀ ਵਾਰ ਚੰਡੀਗੜ੍ਹ ਪੁੱਜੇ ਤਾਂ ਮਾਹੌਲ ਕਿਹੋ ਜਿਹਾ ਸੀ?
ਜਿਸ ਦਿਨ ਵਿਧਾਇਕ ਦਲ ਦੀ ਪਹਿਲੀ ਬੈਠਕ ਸੀ ਤਾਂ ਮੈਂ ਚੰਡ਼ੀਗੜ੍ਹ ਗਿਆ। ਗੱਡੀ ਚੋਂ ਉਤਰਦਿਆਂ ਹੀ ਮੀਡੀਆ ਦੇ ਸਾਰੇ ਕੈਮਰੇ ਮੇਰੇ 'ਤੇ ਸਨ। ਮੇਰੇ ਲਈ ਇਹੀ ਬਹੁੁਤ ਵੱਡੀ ਗੱਲ ਸੀ। ਉਥੇ ਸਾਰੇ ਮੇਰੇ ਨਾਲ ਤਸਵੀਰਾਂ ਖਿਚਵਾ ਰਹੇ ਸਨ ਕਿ ਇਹ ਉਹ ਬੰਦਾ ਜਿਹਦੇ ਖ਼ਿਲਾਫ਼ ਕਾਂਗਰਸ ਨੂੰ ਮੁੱਖ ਮੰਤਰੀ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਪਿਆ। ਲਾਭ ਸਿੰਘ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਤਾਂ ਵਧਾਈਆਂ ਨਹੀਂ ਦਿੱਤੀਆਂ ਪਰ ਵਿਰੋਧੀ ਪਾਰਟੀਆਂ ਦੇ ਜ਼ਿਲ੍ਹੇ ਪੱਧਰ ਦੇ ਆਗੂਆਂ ਤੇ ਨੌਜਵਾਨਾਂ ਨੇ ਜ਼ਰੂਰ ਸ਼ਾਬਾਸ਼ ਦਿੱਤੀ ਕਿ ਇਹ ਬਦਲਾਅ ਜ਼ਰੂਰੀ ਸੀ। ਬਾਰੀ ਮੇਰੇ ਲੋਕਾਂ ਦੀਆਂ ਦੁਆਵਾਂ ਤੇ ਮੇਰੀ ਸਪੋਰਟ ਮੇਰੇ ਲਈ ਵੱਡੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਘਰਵਾਲੀ ਹਸਪਤਾਲ ’ਚ ਦਾਖ਼ਲ, ਅੱਜ ਹੋਵੇਗਾ ਆਪ੍ਰੇਸ਼ਨ

ਲੋਕ ਕਹਿਣ ਲੱਗ ਪਏ ਸੀ ਕਿ ਚੰਨੀ ਦੇ ਹੁਣ ਪੈਰ ਨਹੀਂ ਲਗਦੇ
ਚੋਣ ਪ੍ਰਚਾਰ ਦੌਰਾਨ ਇਕ ਧਰਮਸ਼ਾਲਾ ਵਿੱਚ ਪ੍ਰੋਗਰਾਮ ਦੌਰਾਨ ਚੰਨੀ ਸਾਬ੍ਹ ਮੱਥਾ ਟੇਕਣ ਆਏ ਸਨ। ਅਸੀਂ ਵੀ ਉਥੇ ਗਏ ਸੀ। ਜਦੋਂ ਉਹ ਮੱਥਾ ਟੇਕ ਕੇ ਬਾਹਰ ਨਿਕਲ ਰਹੇ ਸਨ ਤਾਂ ਉਨ੍ਹਾਂ ਦਾ ਪੈਰ ਸਲਿੱਪ ਹੋ ਗਿਆ ਜਾਂ ਕਹਿ ਲਓ ਕੇ ਉਹ ਅਟਕ ਗਏ ਤਾਂ ਲੋਕਾਂ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ ਹੁਣ ਇਨ੍ਹਾਂ ਦੇ ਪੈਰ ਨਹੀਂ ਲੱਗਦੇ। ਸਾਡੀ ਬੱਸ ਉਹੀ ਪਹਿਲੀ ਮੁਲਾਕਾਤ ਸੀ, ਜਦੋਂ ਉਨ੍ਹਾਂ ਨਾਲ ਰਸਮੀ ਹਾਏ ਹੈਲੋ ਹੋਈ ਸੀ।

ਆਮ ਆਦਮੀ ਪਾਰਟੀ ਦਾ ਕੋਈ ਲੀਡਰ ਕਦੇ ਘਰ ਆਇਆ?
ਮੈਂ ਕਦੇ ਕਿਸੇ ਨੂੰ ਕਿਹਾ ਹੀ ਨਹੀਂ ਕਿ ਘਰ ਆਓ ਕਿਉਂਕਿ ਜੇ ਆਵੇ ਤਾਂ ਬੈਠਾਉਣਾ ਕਿੱਥੇ ਹੈ। ਉਂਝ ਪਿਆਰ ਕਈਆਂ ਨਾਲ ਹੈ। ਮਾਨ ਸਾਬ੍ਹ ਨਾਲ ਪਿਆਰ ਬਹੁਤ ਹੈ। ਕਈ ਵਾਰ ਉਹ ਦੋ ਵਾਰ ਮੈਨੂੰ ਫੋਨ ਲਾਉਂਦੇ ਨੇ ਤੇ ਮੇਰੇ ਕੋਲੋਂ ਚੁੱਕ ਨਹੀਂ ਹੁੰਦਾ। ਇਹ ਚੀਜ਼ ਕਈ ਵਾਰ ਮੇਰੇ ਨਾਲ ਵਾਪਰੀ। ਪਰ ਮਾਨ ਸਾਬ ਨੇ ਕਦੇ ਵੀ ਘਮੰਡ ਨਾ ਕਰਦਿਆਂ ਹਮੇਸ਼ਾ ਮੇਰੀ ਸਾਰ ਲਈ ਹੈ।

ਵਿਧਾਇਕ ਬਣਨ ਮਗਰੋਂ ਲੋਕਾਂ ਦਾ ਤੁਹਾਡੇ ਪ੍ਰਤੀ ਨਜ਼ਰੀਆ ਕਿਹੋ ਜਿਹਾ ਹੈ ?
ਦਰਅਸਲ ਮੈਂ ਇਹ ਵੇਖ ਕੇ ਹੈਰਾਨ ਸਾਂ ਕਿ ਜਿਹੜੇ ਬੰਦਿਆਂ ਨੂੰ ਮੈਂ ਡੇਢ ਸਾਲ ਤੋਂ ਕਿਸੇ ਕੰਮ ਲਈ ਬੇਨਤੀ ਕਰ ਰਿਹਾ ਸੀ ਮੇਰੇ ਵਿਧਾਇਕ ਬਣਨ 'ਤੇ ਉਹ ਅਚਾਨਕ ਮੈਨੂੰ ਮੈਸਜ ਕਰ ਰਹੇ ਸਨ। ਇਹ ਗੱਲ ਤਾਂ ਮੰਨਣੀ ਪਵੇਗੀ ਕਿ ਅਹੁਦੇ ਦੀ ਅਹਿਮੀਅਤ ਤਾਂ ਹੈ ਪਰ ਮੇਰੇ ਮਾਂ-ਪਿਓ ਨੇ ਮੈਨੂੰ ਸਿਖਾਇਆ ਹੈ ਕਿ ਸ਼ੁਹਰਤ ਤੇ ਅਹੁਦਾ ਦਿਮਾਗ 'ਤੇ ਨਹੀਂ ਚੜਨਾ ਚਾਹੀਦਾ।

ਸੰਘਰਸ਼ ਦੇ ਦਿਨਾਂ ਦੌਰਾਨ ਜੋ ਉਂਗਲਾਂ ਚੁੱਕਦੇ ਸਨ ਹੁਣ ਉਨ੍ਹਾਂ ਲੋਕਾਂ ਦਾ ਨਜ਼ਰੀਆ ਕਿਵੇਂ ਦਾ ਹੈ?
ਅਜਿਹੇ ਲੋਕ ਹੁਣ ਵੀ ਮਿਲਦੇ ਹਨ ਜੋ ਕਹਿੰਦੇ ਸਨ ਕਿ ਇਹ ਬਣੂਗਾ ਵੱਡਾ ਲੀਡਰ। ਪਰ ਅਸੀਂ ਲੀਡਰ ਬਣਨ ਲਈ ਸਿਆਸਤ ਚ ਨਹੀਂ ਆਏ, ਅਸੀਂ ਤਾਂ ਪੰਜਾਬ ਦੇ ਨਿਰਾਸ਼ ਹੋਏ ਨੌਜਵਾਨ, ਕਿਸਾਨ, ਵਪਾਰੀ, ਮਜ਼ਦੂਰਾਂ ਦੇ ਹਾਲਾਤ ਵੇਖ ਕੇ ਇਧਰ ਆਏ ਸਾਂ। ਬਾਕੀ ਜਦੋਂ ਤੁਸੀਂ ਕਿਸੇ ਮੁਕਾਮ 'ਤੇ ਪਹੁੰਚ ਜਾਂਦੇ ਹੋ ਤਾਂ ਵਿਰੋਧੀ ਵੀ ਤੁਹਾਡੇ ਹੱਕ ਚ ਖੜ੍ਹਨ ਲੱਗ ਜਾਂਦੇ ਹਨ।

ਲਾਭ ਸਿੰਘ ਤੋਂ ਇਹ ਉਲਾਂਭਾ ਤਾਂ ਨਹੀਂ ਆਵੇਗਾ ਕਿ ਪਹਿਲਾਂ ਹੋਰ ਸੀ ਤੇ ਹੁਣ ਸਿਆਸੀ ਲਾਭ ਲੈਣ ਲੱਗ ਪਿਆ?
ਵੇਖੋ ਇਹ ਜ਼ਰੂਰ ਹੈ ਕੇ ਬਾਲਿਆਂ ਵਾਲੀ ਚੋਂਦੀ ਛੱਤ ਦੀ ਜਗ੍ਹਾ ਲੈਂਟਰ ਪਾ ਲਵਾਂਗੇ ਪਰ ਹੋਰਾਂ ਵਾਂਗ ਮਹਿਲ ਨਹੀਂ ਪਾਵਾਂਗੇ। ਲੋਕ ਕਹਿੰਦੇ ਨੇ ਇਹੋ ਜਿਹੇ ਵਿਧਾਇਕ 'ਤੇ ਲਾਹਨਤ ਹੈ ਜਿਸਦੀ ਮਾਤਾ ਸਕੂਲ 'ਚ ਝਾੜੂ ਫੇਰਨ ਜਾਂਦੀ ਹੈ ਪਰ ਅਸਲ ਵਿੱਚ ਇਹ ਸਾਡੀ ਕਿਰਤ ਹੈ। ਕਿਰਤ ਭੁੱਲ ਕੇ ਹੀ ਤਾਂ ਲੀਡਰ ਭ੍ਰਿਸ਼ਟਾਚਾਰੀ ਹੁੰਦੇ ਹਨ।

PunjabKesari

ਗੁਰਬਤ ਹੰਢਾਉਂਦਿਆਂ ਹਰ ਬੰਦਾ ਅਮੀਰ ਹੋਣ ਦੀ ਇੱਛਾ ਰੱਖਦਾ ਹੈ, ਤੁਹਾਡੀ ਕੀ ਤਾਂਘ ਹੈ?
ਬੰਦੇ ਦੀਆਂ ਬੁਨਿਆਦੀ ਲੋੜਾਂ ਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ।  ਮੈਂ ਕਦੇ ਇਹ ਤਵੱਕੋਂ ਕਦੇ ਨਹੀਂ ਰੱਖੀ ਕਿ ਮੇਰੇ ਖਾਤੇ ਚ ਲੱਖਾਂ ਰੁਪਏ ਹੋਣ ਜਾਂ ਕਰੋੜਾਂ ਦਾ ਘਰ ਹੋਵੇ। ਜਿਵੇਂ ਜਿਵੇਂ ਬੰਦੇ ਕੋਲ ਪੈਸਾ ਆਉਂਦਾ ਹੈ ਉਹ ਹੋਰਾਂ ਤੋਂ ਦੂਰ ਹੋਈ ਜਾਂਦਾ ਹੈ। ਮੈਂ ਲੋਕਾਂ ਤੋਂ ਦੂਰ ਨਹੀਂ ਹੋਣਾ ਚਾਹੁੰਦਾ।

ਜਦੋਂ ਕੇਜਰੀਵਾਲ ਜੀ ਦਾ ਫੋਨ ਆਇਆ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ
ਮੈਂ 2013 ਤੋਂ ਹਲਕੇ ਵਿੱਚ ਇਕ ਵਰਕਰ ਵਾਂਗ ਸੇਵਾ ਕਰ ਰਿਹਾ ਹਾਂ ਤੇ ਮੈਂ ਅੱਜ ਵੀ ਆਪਣੇ ਆਪ ਨੂੰ ਇਕ ਵਰਕਰ ਹੀ ਸਮਝਦਾ ਹਾਂ। ਮੈਂ ਪਾਰਟੀ ਤੋਂ ਕਦੇ ਵੀ ਕਿਸੇ ਅਹੁਦੇ ਜਾਂ ਟਿਕਟ ਦੀ ਮੰਗ ਨਹੀਂ ਕੀਤੀ। 5 ਜੂਨ ਦੀ ਮੀਟਿੰਗ ਲਈ ਅਰਵਿੰਦ ਕੇਜਰੀਵਾਲ ਜੀ ਦਾ ਮੈਨੂੰ ਫੋਨ ਆਉਂਦਾ ਹੈ ਤਾਂ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਯਕੀਨ ਨਹੀਂ ਆ ਰਿਹਾ ਸੀ ਕਿ ਤਿੰਨ ਵਾਰ ਦੇ ਮੁੱਖ ਮੰਤਰੀ ਨੇ ਮੈਨੂੰ ਬੁਲਾਇਆ ਹੈ। ਜਦੋਂ ਕੇਜਰੀਵਾਲ ਦੇ ਕਮਰੇ ਵਿਚ ਗਿਆ ਤਾਂ ਉਨ੍ਹਾਂ ਨੇ ਖੜ੍ਹੇ ਹੋ ਕੇ ਹੱਥ ਜੋੜ ਕੇ ਨਮਸਕਾਰ ਬੁਲਾਈ, ਫਿਰ ਵੀ ਮੈਨੂੰ ਮੇਰੀਆਂ ਅੱਖਾਂ ’ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਸ ਬੰਦੇ ਦੀ ਸੋਚ ਨਾਲ ਅਸੀਂ ਜੁੜੇ ਹਾਂ, ਉਸ ਨੂੰ ਮਿਲ ਰਹੇ ਹਾਂ। ਕੇਜਰੀਵਾਲ ਜੀ ਨਾਲ ਤਕਰੀਬਨ 35 ਮਿੰਟ ਪੰਜਾਬ ਅਤੇ ਕਿਸਾਨ ਅੰਦੋਲਨ 'ਤੇ ਗੱਲਬਾਤ ਹੋਈ। ਜਦੋਂ ਉਨ੍ਹਾਂ ਪੁੱਛਿਆ ਕੇ 2017 ਵਿੱਚ ਹਾਰ ਦਾ ਕਾਰਨ ਕੀ ਸੀ ਤਾਂ ਮੈਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਾ ਕਰਨਾ ਦੱਸਿਆ ਸੀ। ਮੈਂ ਉਨ੍ਹਾਂ ਨੂੰ ਕਿਹਾ ਸੀ ਪੰਜਾਬ ਦੇ ਲੋਕਾਂ ਲਈ ਉਦਯੋਗ ਖੇਤੀ ਆਧਾਰਿਤ ਹੋਣੀ ਚਾਹੀਦੀ ਹੈ। ਦੂਸਰਾ ਮੈਂ ਸਕਿੱਲ ਡਿਵੈਲਪਮੈਂਟ ਸਿੱਖਿਆ ਦੀ ਗੱਲ ਕੀਤੀ ਸੀ। ਪੰਜਾਬ ਦਾ ਮਾਲਵਾ ਖੇਤਰ ਕੈਂਸਰ ਪੀੜਤ ਹੈ, ਖਰਾਬ ਪਾਣੀ ਦੇ ਮੱਦੇਨਜ਼ਰ ਸੀਚੇਵਾਲ ਮਾਡਲ ਦੀ ਗੱਲ ਕੀਤੀ ਸੀ।

ਭਦੌੜ ਹਲਕੇ ਨੂੰ ਲੈ ਕੇ ਕੀ ਵਿਜ਼ਨ ਹੈ?
ਮੇਰੀ ਪਹਿਲ ਹੈ ਕਿ ਤਪਾ ਤੇ ਭਦੌੜ ਦੇ ਹਸਪਤਾਲਾਂ ’ਚ ਡਾਕਟਰ ਪੂਰੇ ਹੋਣ ਤੇ ਸਿਹਤ ਸਹੂਲਤਾਂ ਵਧੀਆ ਹੋਣ। ਸਿੱਖਿਆ ਅਤੇ ਖੇਡਾਂ ਲਈ ਵੀ ਸਬੰਧਿਤ ਮੰਤਰੀਆਂ ਕੋਲ ਬੇਨਤੀ ਕੀਤੀ ਹੈ। ਸਾਡਾ ਵਿਜ਼ਨ ਹੈ ਕਿ ਸਾਡੇ ਹਲਕੇ ਦਾ ਹਰ ਨੌਜਵਾਨ ਹਲਕੇ ਦਾ ਨਾਂ ਰੌਸ਼ਨ ਕਰੇ ਚਾਹੇ ਉਹ ਕਿਸੇ ਵੀ ਖੇਤਰ ਵਿੱਚ ਹੋਵੇ।

ਇਹ ਵੀ ਪੜ੍ਹੋ : ਸ਼ਰਮਨਾਕ! ਪਹਿਲਾਂ ਭਾਬੀ ਨੇ ਨਨਾਣ ਨਾਲ ਕਰਵਾਇਆ ਜਬਰ ਜ਼ਿਨਾਹ, ਫਿਰ ਬੇਹੋਸ਼ੀ ਦੀ ਹਾਲਤ ’ਚ ਵੇਚਿਆ

ਗਰੀਬੀ ਕਾਰਨ ਨਹੀਂ ਕਰ ਸਕੇ ਕਾਲਜ ਦੀ ਪੜਾਈ
ਮੈਂ 12 ਵੀਂ ਤੱਕ ਪੜ੍ਹਿਆ ਹਾਂ। 8 ਵੀਂ ਤੱਕ ਪਿੰਡ ਦੇ ਸਕੂਲ ਦੇ ਫਿਰ ਨਾਲ ਦੇ ਪਿੰਡ ਸੁਖਪੁਰ ਦੇ ਸਕੂਲ ਚੋਂ 12 ਵੀਂ ਪਾਸ ਕੀਤੀ। ਫਿਰ ਮੈਂ ਮੋਬਾਇਲ ਰਿਪੇਅਰ ਦੀ ਦੁਕਾਨ ਕੀਤੀ। ਫਿਰ ਪਲੰਬਿੰਗ ਦਾ ਕੋਰਸ ਕੀਤਾ ਕੇ ਬਾਹਰ ਚਲੇ ਜਾਵਾਂਗੇ। ਹਾਰਡਵੇਅਰ ਦਾ ਕੋਰਸ ਵੀ ਕੀਤਾ। ਕਾਲਜ ’ਚ ਦਾਖਲਾ ਜ਼ਰੂਰ ਲਿਆ ਸੀ ਪਰ ਗਰੀਬੀ ਕਾਰਨ ਪਹਿਲੇ ਹਫਤੇ ਹੀ ਕਾਲਜ ’ਚੋ ਹਟਣਾ ਪਿਆ ਸੀ।

ਲੋਕਾਂ ਨੂੰ ਵੱਡੀਆਂਂ ਤੇ ਬੜੀ ਜਲਦੀ ਤੁਹਾਡੇ ਤੋਂ ਉਮੀਦਾਂ ਹਨ?
ਇਹ ਗੱਲ ਤੇ ਮੰਨਣੀ ਪਵੇਗੀ ਕਿ ਲੋਕਾਂ ਦਾ ਦਬਾਅ ’ਤੇ ਹੈ। ਮੇਰੇ ਕੋਲੋਂ ਕਈ ਵਾਰ ਘਰਦਿਆਂ ਦਾ ਹੀ ਫੋਨ ਵੀ ਨਹੀਂ ਚੁੱਕਿਆ ਜਾਂਦਾ। ਲੋਕ ਸਾਨੂੰ ਨਵੇਂ ਕਹਿੰਦੇ ਨੇ ਪਰ ਸੱਚਾਈ ਇਹ ਹੈ ਕਿ ਸਿੱਖੇ ਹੋਏ ਲੋਕਾਂ ਨੇ ਹਜ਼ਾਰਾਂ ਏਕੜ ਜ਼ਮੀਨਾਂ ਬਣਾ ਲਈਆਂ, ਸਿਸਵਾਂ ਫਾਰਮ ਬਣਾ ਲਿਆ, ਬੱਸਾਂ ਬਣਾ ਲਈਆਂ, ਖੱਡਾਂ ਚ ਹਿੱਸੇਦਾਰੀਆਂ ਹੋ ਗਈਆਂ। ਪੰਜਾਬ ਸਿੱਖੇ ਹੋਏ ਲੋਕਾਂ ਤੋਂ ਹੀ ਦੁਖੀ ਸੀ ਜਿਸਨੇ ਸਾਨੂੰ ਐਨੀ ਵੱਡੀ ਜਿੱਤ ਬਖਸ਼ੀ।

ਅੱਜ ਕੱਲ ਸੁਫਨੇ ਕਿਹੋ ਜਿਹੇ ਆਉਂਦੇ ਨੇ?
ਮੈਨੂੰ ਸੁਫਨੇ ਨਹੀਂ ਆਉਂਦੇ ਕਿਉਂਕਿ 2 ਵਜੇ ਸੌਂਦੇ ਹਾਂ ਤੇ 6 ਵਜੇ ਉੱਠ ਜਾਂਦੇ ਹਾਂ। ਨੀਂਦ ਹੀ ਮਸਾਂ ਪੂਰੀ ਹੁੰਦੀ ਹੈ। ਲੋਕਾਂ ਨੂੰ ਮਿਲਦਿਆਂ ਤੇ ਕੰਮ ਕਰਦਿਆਂ ਹੀ ਸਮਾਂ ਨਿਕਲ ਜਾਂਦਾ ਹੈ। ਲੋਕਾਂ ਨੇ ਜੋ ਫਤਵਾ ਦਿੱਤਾ ਉਸ 'ਤੇ ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਹੈ।

ਪੰਜਾਬ ਦੇ ਪ੍ਰਦੂਸ਼ਿਤ ਵਾਤਾਵਰਣ ਨੂੰ ਲੈ ਕੇ ਤੁਹਾਡਾ ਏਜੰਡਾ ਕੀ ਹੈ
ਪੰਜਾਬ ਦਾ ਪਾਣੀ ਡੂੰਘਾ ਵੀ ਹੋ ਰਿਹਾ ਤੇ ਖਰਾਬ ਵੀ। ਮਾਲਵੇ ਦੇ ਘਰ-ਘਰ ’ਚ ਕੈਂਸਰ ਫੈਲ ਚੁੱਕਾ ਹੈ। ਮੈਨੂੰ ਕਿਸੇ ਨੇ ਸੁਝਾਅ ਦਿੱਤੀ ਸੀ ਕਿ ਰੁੱਖਾਂ ਨੂੰ ਬਚਾਉਣ ਲਈ ਵਿਦਿਆਰਥੀਆਂ ਵਲੋਂ ਵਰਤੀਆਂ ਜਾਂਦੀਆਂ ਕਿਤਾਬਾਂ ਮੁੜ ਵਰਤੋਂ ’ਚ ਲਿਆਈਆਂ ਜਾਣ ਤਾਂ ਸਰਕਾਰ ਦਾ ਨਵੀਆਂ ਕਿਤਾਬਾਂ ਛਾਪਣ ’ਤੇ ਖ਼ਰਚ ਹੋ ਰਿਹਾ ਪੈਸਾ ਕਿਸੇ ਹੋਰ ਵਿਕਾਸ ਕਾਰਜਾਂ ’ਤੇ ਲੱਗ ਸਕਦਾ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News