ਪੰਜਾਬ ’ਚ ‘ਆਪ’ਦੇ ਮੰਤਰੀਆਂ ਨੇ ਮਨਾਇਆ ਦਿੱਲੀ MCD ਚੋਣਾਂ ਦੀ ਜਿੱਤ ਦਾ ਜਸ਼ਨ
Thursday, Dec 08, 2022 - 01:29 PM (IST)
ਜਲੰਧਰ (ਧਵਨ)- ਦਿੱਲੀ ’ਚ ਐੱਮ. ਸੀ. ਡੀ. ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਬੁੱਧਵਾਰ ਪੰਜਾਬ ਦੇ ਮੰਤਰੀਆਂ, ਚੇਅਰਮੈਨਾਂ ਅਤੇ ਵਾਲੰਟੀਅਰਾਂ ਵੱਲੋਂ ਸਾਂਝੇ ਤੌਰ ’ਤੇ ਜਸ਼ਨ ਮਨਾਇਆ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਕਈ ਮੰਤਰੀ ਇਕੱਠੇ ਹੋਏ ਅਤੇ ਉਨ੍ਹਾਂ ਨੇ ਐੱਮ.ਸੀ.ਡੀ. ਚੋਣਾਂ ’ਚ ‘ਆਪ’ ਦੀ ਜਿੱਤ ’ਤੇ ਦਿੱਲੀ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਲੱਡੂ ਵੀ ਵੰਡੇ ਗਏ। ਜਿੰਪਾ ਦੀ ਰਿਹਾਇਸ਼ ’ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਤੇ ਹੋਰ ਇਕੱਠੇ ਹੋਏ।
ਇਸ ਮੌਕੇ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਦਿੱਲੀ ਵਿਚ 15 ਸਾਲ ਬਾਅਦ ਭਾਜਪਾ ਨੂੰ ਐੱਮ. ਸੀ. ਡੀ. ’ਚੋਂ ਬਾਹਰ ਕਰਨਾ ਆਪਣੇ-ਆਪ ’ਚ ਵੱਡੀ ਗੱਲ ਹੈ ਅਤੇ ਜਨਤਾ ਹੀ ਇਸ ਇਤਿਹਾਸਕ ਜਿੱਤ ਦੀ ਅਸਲ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਜਨਤਾ ਨੇ ਅਰਵਿੰਦ ਕੇਜਰੀਵਾਲ ਦੀ ਲੀਡਰਸ਼ਿਪ ’ਤੇ ਮੋਹਰ ਲਾ ਦਿੱਤੀ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ‘ਆਪ’ 2024 ’ਚ ਦੇਸ਼ ਵਿਚ ਭਾਜਪਾ ਨੂੰ ਚੁਣੌਤੀ ਦੇਵੇਗੀ। ਉਨ੍ਹਾਂ ਕਿਹਾ ਕਿ ਐੱਮ. ਸੀ. ਡੀ. ਚੋਣਾਂ ਦੇ ਨਤੀਜੇ ਤਾਂ ਸਿਰਫ਼ ਟਰੇਲਰ ਹਨ।
ਇਹ ਵੀ ਪੜ੍ਹੋ : ਰੂਪਨਗਰ: ਮੱਧ ਪ੍ਰਦੇਸ਼ ਤੋਂ ਚੱਲ ਰਹੇ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਦਾ ਪਰਦਾਫਾਸ਼, 20 ਪਿਸਤੌਲ ਤੇ 40 ਮੈਗਜ਼ੀਨ ਬਰਾਮਦ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਭਲਕੇ ਆਉਣ ਵਾਲੇ ਗੁਜਰਾਤ ਚੋਣਾਂ ਦੇ ਨਤੀਜੇ ਵੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਜਾਣਗੇ। ਦਿੱਲੀ ਵਿਚ ਭਾਜਪਾ ਨੂੰ ਹਰਾਉਣਾ ਆਪਣੇ-ਆਪ ’ਚ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ‘ਆਪ’ਸਰਕਾਰ ਨੇ ਦਿੱਲੀ ਅਤੇ ਪੰਜਾਬ ’ਚ ਲੋਕਾਂ ਦੀ ਭਲਾਈ ਲਈ ਜੋ ਵੀ ਕੰਮ ਕੀਤਾ ਹੈ, ਉਸ ਦਾ ਅਸਰ ਦੇਸ਼ ਦੇ ਲੋਕਾਂ ’ਤੇ ਪੈਂਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਰਮਨ ਬਹਿਲ ਨੇ ਵੀ ਕੈਬਨਿਟ ਮੰਤਰੀਆਂ ਨੂੰ ਲੱਡੂ ਖੁਆ ਕੇ ਦਿੱਲੀ ਦੀ ਜਿੱਤ ਦੀ ਵਧਾਈ ਦਿੱਤੀ।
ਇਹ ਵੀ ਪੜ੍ਹੋ : ਕਪੂਰਥਲਾ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਿੱਜ਼ਾ ਲੈਣ ਗਏ 22 ਸਾਲਾ ਨੌਜਵਾਨ ਦੀ ਦਰਦਨਾਕ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ