ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ’ਤੇ ‘ਆਪ’ ਆਗੂ ਹੋਏ ਮਿਹਰਬਾਨ, ਥਾਣਿਆਂ ’ਚ ਜਾਣ ਲੱਗੇ ਫੋਨ

Friday, Jul 29, 2022 - 01:16 PM (IST)

ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ’ਤੇ ‘ਆਪ’ ਆਗੂ ਹੋਏ ਮਿਹਰਬਾਨ, ਥਾਣਿਆਂ ’ਚ ਜਾਣ ਲੱਗੇ ਫੋਨ

ਜਲੰਧਰ (ਮਹੇਸ਼)– ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਸਮੇਂ ਗੈਰ-ਕਾਨੂੰਨੀ ਕੰਮ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਨਾਲ ਸੈਟਿੰਗ ਕਰ ਲਿਆ ਕਰਦੇ ਸਨ ਪਰ ਪਹਿਲੀ ਵਾਰ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸ਼ਰਨ ਲੈਣ ਵਿਚ ਉਨ੍ਹਾਂ ਨੂੰ ਪਿਛਲੇ 3-4 ਮਹੀਨਿਆਂ ਤੋਂ ਕਾਫ਼ੀ ਪਰੇਸ਼ਾਨੀ ਆ ਰਹੀ ਸੀ। ਹੁਣ ‘ਆਪ’ ਆਗੂ ਅਤੇ ਵਰਕਰ ਵੀ ਉਨ੍ਹਾਂ ’ਤੇ ਮਿਹਰਬਾਨ ਹੁੰਦੇ ਨਜ਼ਰ ਆਉਣ ਲੱਗੇ ਹਨ। ਇਸ ਗੱਲ ਦਾ ਪੁਖ਼ਤਾ ਸਬੂਤ ਉਸ ਸਮੇਂ ਮਿਲਿਆ, ਜਦੋਂ ਥਾਣਿਆਂ ਵਿਚ ਬੈਠੇ ‘ਆਪ’ ਦੇ ਵਰਕਰ ਪੁਲਸ ਮੁਲਾਜ਼ਮਾਂ ’ਤੇ ਭਾਰੀ ਪੈਂਦੇ ਵੇਖਣ ਨੂੰ ਮਿਲੇ। ਹੈਰਾਨੀ ਦੀ ਗੱਲ ਇਹ ਹੈ ਕਿ ਥਾਣਿਆਂ ਵਿਚ ਠਾਠ ਨਾਲ ਕੁਰਸੀ ’ਤੇ ਬੈਠਣ ਵਾਲੇ ‘ਆਪ’ ਦੇ ਇਹ ਵਰਕਰ ਪਹਿਲਾਂ ਕਦੀ ਕਿਸੇ ਨੇ ਕਿਸੇ ਵੀ ਪਾਰਟੀ ਵਿਚ ਕਿਸੇ ਵੀ ਕਿਰਦਾਰ ਵਿਚ ਨਹੀਂ ਵੇਖੇ ਹੋਣਗੇ ਪਰ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਉਹ ਪੂਰੀ ਚੜ੍ਹਤ ਵਿਚ ਵਿਖਾਈ ਦੇ ਰਹੇ ਹਨ।

ਇੰਨਾ ਹੀ ਨਹੀਂ, ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਦੇ ਬਚਾਅ ਵਿਚ ‘ਆਪ’ ਆਗੂਆਂ ਦੇ ਫੋਨ ਵੀ ਥਾਣਿਆਂ ਵਿਚ ਵੱਜਣੇ ਸ਼ੁਰੂ ਹੋ ਗਏ ਹਨ। ‘ਆਪ’ ਵਰਕਰਾਂ ਦਾ ਦਬਦਬਾ ਵੇਖ ਕੇ ਹਰ ਕੋਈ ਹੈਰਾਨ ਹੈ ਕਿਉਂਕਿ ਇਕ ਸਮਾਂ ਇਹ ਵੀ ਸੀ ਜਦੋਂ ਥਾਣਿਆਂ ਵਿਚ ਸ਼ਾਨ ਨਾਲ ਬੈਠ ਕੇ ਆਪਣੀ ਮਰਜ਼ੀ ਨਾਲ ਰਾਜ਼ੀਨਾਮੇ ਜਾਂ ਹੋਰ ਕਾਰਵਾਈ ਕਰਵਾਉਣ ਵਾਲੇ ‘ਆਪ’ ਵਰਕਰਾਂ ਨੂੰ ਪੁਲਸ ਵਾਲੇ ਨਾਕਿਆਂ ’ਤੇ ਰੋਕ ਕੇ ਉਨ੍ਹਾਂ ਦਾ ਚੰਗਾ ਜਲੂਸ ਕੱਢ ਦਿੰਦੇ ਸਨ। ਮਿੰਨਤਾਂ-ਤਰਲੇ ਕਰਨ ਦੇ ਬਾਵਜੂਦ ਉਨ੍ਹਾਂ ਦਾ ਚਲਾਨ ਕੱਟ ਕੇ ਹੱਥ ਵਿਚ ਫੜਾ ਦਿੱਤਾ ਜਾਂਦਾ ਸੀ।

ਇਹ ਵੀ ਪੜ੍ਹੋ: ਦਸੂਹਾ ’ਚ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ ’ਚ 9ਵੀਂ ਜਮਾਤ ਦੇ ਬੱਚੇ ਦੀ ਮੌਤ

‘ਆਪ’ ਸਰਕਾਰ ਦੇ ਵਰਕਰਾਂ ਦੀਆਂ ਹਰਕਤਾਂ ਨੂੰ ਵੇਖਦੇ ਹੋਏ ਪੁਲਸ ਵਿਚ ਵੀ ਭਗਵੰਤ ਮਾਨ ਸਰਕਾਰ ਦਾ ਖ਼ੌਫ਼ ਖ਼ਤਮ ਹੋ ਗਿਆ ਹੈ। ਜਦਕਿ ਸਰਕਾਰ ਦੇ ਆਉਂਦੇ ਹੀ ਪੁਲਸ ਮੁਲਾਜ਼ਮਾਂ ’ਚ ਇਸ ਗੱਲ ਨੂੰ ਲੈ ਕੇ ਹੜਕੰਪ ਮਚ ਗਿਆ ਸੀ ਕਿ ਜੇਕਰ ਕਿਤੇ ਉਹ ਫੜੇ ਗਏ ਤਾਂ ਸਰਕਾਰ ਉਨ੍ਹਾਂ ਨੂੰ ਬਖਸ਼ੇਗੀ ਨਹੀਂ। ਹੁਣ ਪੁਲਸ ਮੁਲਾਜ਼ਮ ਸਰਕਾਰ ਦਾ ਨਹੀਂ ਪਰ ਡੀ. ਜੀ. ਪੀ. ਗੌਰਵ ਯਾਦਵ ਦਾ ਡਰ ਜ਼ਰੂਰ ਆਪਣੇ ਮਨਾਂ ਵਿਚ ਰੱਖਦੇ ਹਨ ਕਿਉਂਕਿ ਗੌਰਵ ਯਾਦਵ ਨੇ ਜਦੋਂ ਤੋਂ ਪੰਜਾਬ ਪੁਲਸ ਦੇ ਮੁਖੀ ਵਜੋਂ ਕਮਾਨ ਸੰਭਾਲੀ ਹੈ, ਉਦੋਂ ਤੋਂ ਉਹ ਲਗਾਤਾਰ ਪੁਲਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਦੇ ਰਹੇ ਹਨ।

ਇਹ ਵੀ ਪੜ੍ਹੋ: ਅੰਮ੍ਰਿਤਸਰ ਵਿਖੇ ਐਡੀਸ਼ਨਲ SHO ਨਰਿੰਦਰ ਸਿੰਘ ਗ੍ਰਿਫ਼ਤਾਰ, ਲੁਧਿਆਣਾ ਬਲਾਸਟ ਮਾਮਲੇ ਨਾਲ ਜੁੜੇ ਤਾਰ

ਪਹਿਲਾਂ ਵਾਂਗ ਹੀ ਚੱਲ ਰਹੇ ਸਾਰੇ ਕੰਮ
ਗੈਰ-ਕਾਨੂੰਨੀ ਕੰਮ ਜਿਵੇਂ ਪਹਿਲਾਂ ਚੱਲਦੇ ਰਹੇ ਹਨ, ਅੱਜ ਵੀ ਉਸੇ ਤਰ੍ਹਾਂ ਚੱਲ ਰਹੇ ਹਨ। ਪਹਿਲਾਂ ਖੁੱਲ੍ਹੇਆਮ ਚੱਲਦੇ ਸਨ ਅਤੇ ਹੁਣ ਪਰਦੇ ਦੇ ਪਿੱਛੇ ਚਲਾਏ ਜਾ ਰਹੇ ਹਨ। ਨਵੀਂ ਸਰਕਾਰ ਦੇ ਡਰ ਤੋਂ ਕਿਸੇ ਨੇ ਵੀ ਆਪਣਾ ਕੰਮ ਨਹੀਂ ਛੱਡਿਆ, ਤਰੀਕਾ ਜ਼ਰੂਰ ਬਦਲ ਲਿਆ ਹੋ ਸਕਦਾ ਹੈ। ‘ਆਪ’ ਵਰਕਰਾਂ ਨੇ ਵੀ ਅਕਾਲੀ-ਭਾਜਪਾ ਅਤੇ ਕਾਂਗਰਸੀ ਵਰਕਰਾਂ ਵਾਂਗ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਨਾਲ ਆਪਣਾ ਮਹੀਨਾ-ਹਫ਼ਤਾ ਸੈੱਟ ਕਰ ਲਿਆ ਹੈ। ਇਹੀ ਕਾਰਨ ਹੈ ਕਿ ਸ਼ਹਿਰੀ ਅਤੇ ਦਿਹਾਤੀ ਇਲਾਕੇ ਵਿਚ ਚਿੱਟੇ ਅਤੇ ਨਾਜਾਇਜ਼ ਸ਼ਰਾਬ ਸਮੇਤ ਹੋਰ ਨਸ਼ੇ ਜ਼ੋਰਾਂ ’ਤੇ ਵਿਕ ਰਹੇ ਹਨ। ਕੁਝ ਮੈਡੀਕਲ ਸਟੋਰ ਵਾਲੇ ਦਵਾਈਆਂ ਦੀ ਆੜ ਵਿਚ ਨਸ਼ਾ ਵੇਚ ਕੇ ਆਪਣੇ ਬਾਕੀ ਸਾਥੀ ਮੈਡੀਕਲ ਸਟੋਰਾਂ ਵਾਲਿਆਂ ਦਾ ਨਾਂ ਵੀ ਬਦਨਾਮ ਕਰਨ ’ਤੇ ਤੁਲੇ ਹੋਏ ਹਨ। ਪੁਲਸ ਵੱਲੋਂ ਕੋਈ ਐਕਸ਼ਨ ਨਾ ਲਏ ਜਾਣ ਕਾਰਨ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਦੇ ਹੌਸਲੇ ਵਧਦੇ ਜਾ ਰਹੇ ਹਨ। ਜੇਕਰ ਪੁਲਸ ਚਾਹੇ ਤਾਂ ਗੈਰ-ਕਾਨੂੰਨੀ ਕੰਮ ਕਰਨ ਤੋਂ ਬਾਜ਼ ਨਾ ਆਉਣ ਵਾਲੇ ਵੱਡੇ-ਵੱਡੇ ਕ੍ਰਿਮੀਨਲ ਬੇਨਕਾਬ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ: ਵਿਦੇਸ਼ਾਂ ’ਚ ‘ਰੱਖੜੀ’ ਭੇਜਣੀ ਭੈਣਾਂ ਲਈ ਹੋਵੇਗੀ ਸੌਖੀ, ਡਾਕ ਮਹਿਕਮੇ ਨੇ ਕੀਤੀਆਂ ਇਹ ਤਿਆਰੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News