ਫਗਵਾੜਾ ’ਚ ‘ਆਪ’ ਆਗੂ ’ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ, ਹਾਲਤ ਗੰਭੀਰ
Monday, Apr 04, 2022 - 09:21 PM (IST)
ਫਗਵਾੜਾ (ਜਲੋਟਾ) : ਅੱਜ ਫਗਵਾੜਾ ’ਚ ਪਿੰਡ ਮੇਹਟਾਂ ਦੇ ਲਾਗੇ ਸਥਾਨਕ ਬਾਈਪਾਸ ’ਤੇ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਮੋਟਰਸਾਈਕਲ ’ਤੇ ਆ ਰਹੇ ‘ਆਪ’ ਦੇ ਇਕ ਆਗੂ ’ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ‘ਆਪ’ ਆਗੂ ਦੀ ਪਛਾਣ ਵਿਪਨ ਕੁਮਾਰ ਉਰਫ ਗੋਰਾ ਪਿੰਡ ਹਰਦਾਸਪੁਰ ਤਹਿਸੀਲ ਫਗਵਾੜਾ ਵਜੋਂ ਹੋਈ ਹੈ। ਉਸ ਨੂੰ ਗੰਭੀਰ ਹਾਲਤ ’ਚ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ। ਸਰਕਾਰੀ ਡਾਕਟਰਾਂ ਨੇ ਉਸ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਇਲਾਜ ਲਈ ਜਲੰਧਰ ਵਿਖੇ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਜ਼ਖ਼ਮੀ ਹੋਏ ਵਿਪਨ ਕੁਮਾਰ ਉਰਫ ਗੋਰਾ ਦੀ ਪਿੱਠ ’ਚ ਇਕ ਗੋਲੀ ਲੱਗੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਾਇਲ ਐਨਫੀਲਡ ਮੋਟਰਸਾਈਕਲ ਨੂੰ ਲੱਗੀ ਅੱਗ, ਹੋਇਆ ਜ਼ਬਰਦਸਤ ਧਮਾਕਾ
‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਮਾਮਲੇ ਦੀ ਜਾਂਚ ਕਰ ਰਹੇ ਐੱਸ. ਪੀ. ਫਗਵਾੜਾ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਧਾਰਾ 307, 25-54-59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਫਗਵਾੜਾ ’ਚ ‘ਆਪ’ ਆਗੂ ’ਤੇ ਹੋਈ ਫਾਇਰਿੰਗ ਤੋਂ ਬਾਅਦ ਜ਼ਿਲ੍ਹਾ ਕਪੂਰਥਲਾ ਦੇ ਐੱਸ.ਐੱਸ.ਪੀ. ਦਿਆਮਾ ਹਰੀਸ਼ ਓਮ ਪ੍ਰਕਾਸ਼, ਐੱਸ. ਪੀ. ਫਗਵਾੜਾ ਹਰਿੰਦਰਪਾਲ ਸਿੰਘ ਸਮੇਤ ਹੋਰ ਪੁਲਸ ਅਧਿਕਾਰੀਆਂ ਵੱਲੋਂ ਪੁਲਸ ਫੋਰਸ ਨੂੰ ਨਾਲ ਲੈ ਕੇ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ। ਐੱਸ.ਪੀ. ਫਗਵਾੜਾ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਜ਼ਖ਼ਮੀ ਹੋਏ ਵਿਪਨ ਕੁਮਾਰ ਉਰਫ ਗੋਰਾ, ਜੋ ਹਾਲੇ ਹਸਪਤਾਲ ’ਚ ਇਲਾਜ ਕਰਵਾ ਰਹੇ ਹਨ, ਦਾ ਜਲਦ ਬਿਆਨ ਲੈ ਕੇ ਇਸ ਸਾਰੇ ਮਾਮਲੇ ਦਾ ਪਤਾ ਲਗਾਏਗੀ ਕਿ ਉਸ ’ਤੇ ਇਹ ਹਮਲਾ ਕਿਉਂ ਹੋਇਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੁਲਸ ਹਰ ਪੱਖੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ