''ਆਪ'' ਨੇਤਾ ਦੇ ਘਰ ਹੋਈ ਫਾਇਰਿੰਗ ਦਾ ਮਾਮਲਾ: ਗੈਂਗ ਮੁਖੀ ਕਾਲਾ ਰਾਣਾ ਨੂੰ ਪ੍ਰੋਡਕਸ਼ਨ ਵਾਰੰਟ ''ਤੇ ਫਗਵਾੜਾ ਲਿਆਈ ਪੁਲਸ
Thursday, Dec 04, 2025 - 09:07 AM (IST)
ਫਗਵਾੜਾ (ਜਲੋਟਾ) : ਦੇਸ਼-ਵਿਦੇਸ਼ 'ਚ ਖੌਫ ਅਤੇ ਦਹਿਸ਼ਤ ਦੇ ਨਾਮ ਵਜੋਂ ਜਾਣੇ ਜਾਂਦੇ ਹਰਿਆਣਾ ਦੇ ਖ਼ਤਰਨਾਕ ਕਾਲਾ ਰਾਣਾ ਗੈਂਗ ਦੇ ਮੁਖੀਆ ਵਰਿੰਦਰ ਪ੍ਰਤਾਪ ਉਰਫ਼ ਕਾਲਾ ਰਾਣਾ ਹੁਣ ਫਗਵਾੜਾ ਪੁਲਸ ਦੀ ਗ੍ਰਿਫਤ 'ਚ ਹੈ ਅਤੇ ਪੁਲਸ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਉਸ ਤੋਂ ਆਪ ਨੇਤਾ ਦਲਜੀਤ ਰਾਜੂ ਦੇ ਦਰਵੇਸ਼ ਪਿੰਡ 'ਚ ਮੌਜੂਦ ਘਰ ਅਤੇ 26 ਨਵੰਬਰ ਦੀ ਅੱਧੀ ਰਾਤ ਤੋਂ ਬਾਅਦ ਗੈਂਗ ਦੇ ਟੋਪ ਸ਼ੂਟਰ ਸ਼ੁਭਮ ਪੰਡਿਤ ਦੇ ਇਸ਼ਾਰੇ 'ਤੇ ਕੀਤੀ ਗਈ 23 ਰਾਊਂਡ ਫਾਇਰਿੰਗ ਸਬੰਧੀ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦੇਰ ਰਾਤ ਫਗਵਾੜਾ 'ਚ ਵੱਡੀ ਵਾਰਦਾਤ, ਮਾਮੂਲੀ ਬਹਿਸ ਮਗਰੋਂ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ਇਸ ਬੇਹੱਦ ਅਹਿਮ ਅਤੇ ਸਨਸਨੀਖੇਜ਼ ਸੂਚਨਾ ਬਾਰੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਐੱਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਸਰਕਾਰੀ ਪੱਧਰ 'ਤੇ ਤਸਦੀਕ ਕਰਦੇ ਹੋਏ ਦੱਸਿਆ ਕਿ ਫਗਵਾੜਾ ਪੁਲਸ ਦੀ ਟੀਮਾਂ ਵੱਲੋਂ ਗੈਂਗਸਟਰ ਵਰਿੰਦਰ ਪ੍ਰਤਾਪ ਉਰਫ ਕਾਲਾ ਰਾਣਾ ਨੂੰ ਹਰਿਆਣਾ ਦੇ ਗੁਰੂਗ੍ਰਾਮ ਵਿਖੇ ਭੌਡਸੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਫਗਵਾੜਾ ਲਿਆਂਦਾ ਗਿਆ ਹੈ। ਐੱਸਪੀ ਸ਼ਰਮਾ ਨੇ ਦੱਸਿਆ ਕਿ ਗੈਂਗਸਟਰ ਕਾਲਾ ਰਾਣਾ ਨੂੰ ਅਦਾਲਤ 'ਚ ਪੇਸ਼ ਕਰ 2 ਦਿਨਾਂ ਦੇ ਪੁਲਸ ਰਿਮਾਂਡ 'ਤੇ ਲਿਆ ਕੀਤਾ ਗਿਆ ਹੈ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਪੁਲਸ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਗੈਂਗਸਟਰ ਵਰਿੰਦਰ ਪ੍ਰਤਾਪ ਉਰਫ ਕਾਲਾ ਰਾਣਾ ਦੀ ਗ੍ਰਿਫਤਾਰੀ ਨੂੰ ਬੇਹੱਦ ਅਹਿਮ ਕਰਾਰ ਦਿੰਦੇ ਹੋਏ ਦੱਸਿਆ ਕਿ ਪੁਲਸ ਨੇ ਹਾਲੇ ਤੱਕ ਪਿੰਡ ਦਰਵੇਸ਼ ਪਿੰਡ ਚ ਹੋਏ ਗੋਲੀਕਾਂਡ ਸਬੰਧੀ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ 'ਚ ਗੈਂਗ ਦੇ ਟੋਪ ਸ਼ੂਟਰ ਸ਼ੁਭਮ ਪੰਡਿਤ ਦੇ ਪਿਤਾ ਘਨਸ਼ਿਆਮ ਤਿਵਾਰੀ, ਮਾਤਾ ਨੀਰਜ ਕੁਮਾਰੀ, ਭਰਾ ਦੀਪਕ ਤਿਵਾੜੀ ਸਮੇਤ ਹੁਣ ਗੈਂਗਸਟਰ ਕਾਲਾ ਰਾਣਾ ਸ਼ਾਮਿਲ ਹੈ। ਐੱਸਪੀ ਸ਼ਰਮਾ ਨੇ ਕਿਹਾ ਕਿ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਅਹਿਮ ਅਤੇ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਸ ਵੱਲੋਂ ਗੋਲੀਕਾਂਡ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।
