ਸ਼ਹਿਰ ''ਚ ਨਾਜਾਇਜ਼ ਕਬਜ਼ਿਆਂ ਦਾ ''ਆਪ'' ਨੇ ਲਿਆ ਸਖਤ ਨੋਟਿਸ

Tuesday, Mar 13, 2018 - 02:29 AM (IST)

ਸ਼ਹਿਰ ''ਚ ਨਾਜਾਇਜ਼ ਕਬਜ਼ਿਆਂ ਦਾ ''ਆਪ'' ਨੇ ਲਿਆ ਸਖਤ ਨੋਟਿਸ

ਪਟਿਆਲਾ/ਰੱਖੜਾ,   (ਬਲਜਿੰਦਰ, ਰਾਣਾ)  -ਸ਼ਹਿਰ ਵਿਚ ਕਈ ਥਾਵਾਂ 'ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਦਾ ਅੱਜ ਆਮ ਆਦਮੀ ਪਾਰਟੀ (ਆਪ) ਵੱਲੋਂ ਸਖਤ ਨੋਟਿਸ ਲੈਂਦਿਆਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਸਬੰਧੀ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮੰਗ ਪੱਤਰ ਦਿੱਤਾ ਗਿਆ। ਸੰਦੀਪ ਬੰਧੂ, ਮੇਘਚੰਦ ਸ਼ੇਰਮਾਜਰਾ ਅਤੇ ਸਵਿੰਦਰ ਧਨੰਜੇ ਜਨਰਲ ਸਕੱਤਰ ਕਾਰਪੋਰੇਸ਼ਨ ਏਰੀਆ 'ਆਪ' ਨੇ ਕਿਹਾ ਕਿ ਸ਼ਹਿਰੀ ਇਲਾਕਿਆਂ ਵਿਚ ਸੱਤਾ ਬਦਲਦਿਆਂ ਹੀ ਕੁਝ ਰਸੂਖਦਾਰ ਲੋਕਾਂ ਨੇ ਗਲੀਆਂ, ਮੁਹੱਲਿਆਂ, ਕਾਲੋਨੀਆਂ ਅਤੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਤਾਜ਼ਾ ਮਾਮਲਾ ਵਾਰਡ ਨੰਬਰ 2 ਵਿਚ 40 ਫੁੱਟ ਸੜਕ ਉੱਪਰ ਲਾਂਬਾ ਡੇਅਰੀ ਦੇ ਨਾਲ ਨਾਜਾਇਜ਼ ਕਬਜ਼ਾ ਕਰ ਕੇ ਉਸਾਰੀ ਕਰਨ ਦਾ ਸਾਹਮਣੇ ਆਇਆ ਹੈ। ਮੇਘਚੰਦ ਸ਼ੇਰਮਾਜਰਾ ਨੇ ਕਿਹਾ ਇਸ ਸੜਕ ਉੱਪਰੋਂ ਆਦਰਸ਼ ਕਾਲੋਨੀ ਅਤੇ ਨਾਲ ਦੀਆਂ ਲਗਦੀਆਂ ਕਾਲੋਨੀਆਂ ਦੇ ਹਜ਼ਾਰਾਂ ਲੋਕ ਰੋਜ਼ ਲੰਘਦੇ ਹਨ। ਕਬਜ਼ੇ ਕਾਰਨ ਉਨ੍ਹਾਂ ਨੂੰ ਆਉਣ-ਜਾਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਨੂੰ ਇਲਾਕਾ ਨਿਵਾਸੀਆਂ ਵੱਲੋਂ ਵਾਰ-ਵਾਰ ਇਹ ਕਬਜ਼ਾ ਕਰਨ ਤੋਂ ਰੋਕਿਆ ਗਿਆ ਪਰ ਸੱਤਾ ਦੇ ਰਸੂਖ ਦਾ ਰੌਅਬ ਪਾ ਕੇ ਕਿਸੇ ਦੀ ਨਾ ਸੁਣਦੇ ਹੋਏ ਕਬਜ਼ਾ ਕਰ ਕੇ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪਹੁੰਚੇ ਪਟਿਆਲਾ ਸ਼ਹਿਰੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਅਤੇ ਸਵਿੰਦਰ ਧਨੰਜੇ ਨੇ ਕਿਹਾ ਕਿ ਸ਼ਹਿਰ ਵਿਚ ਵੀ ਕਈ ਮੁਹੱਲਿਆਂ ਵਿਚ ਨਾਜਾਇਜ਼ ਕਬਜ਼ੇ ਹੋ ਰਹੇ ਹਨ। ਮੁਹੱਲਾ ਸਠਘਰਾ, ਨੇੜੇ ਕਿਤਾਬਾਂ ਵਾਲਾ ਬਾਜ਼ਾਰ ਵਿਚ ਵੀ ਕੁਝ ਲੋਕਾਂ ਵੱਲੋਂ ਨਾਲੀਆਂ ਨੂੰ ਬੰਦ ਕਰ ਕੇ ਅਤੇ ਵੱਡੇ-ਵੱਡੇ ਰੈਂਪ ਬਣਾ ਕੇ ਸਰਕਾਰੀ ਗਲੀਆਂ ਨੂੰ ਛੋਟਾ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਉਨ੍ਹਾਂ ਕਿਹਾ ਕਿ ਬਾਜ਼ਾਰਾਂ 'ਚੋਂ ਵੀ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ, ਜਿਸ ਨਾਲ ਟ੍ਰੈਫਿਕ ਜਾਮ ਤੋਂ ਆਮ ਲੋਕਾਂ ਨੂੰ ਛੁਟਕਾਰਾ ਮਿਲੇ।   ਇਸ ਮੌਕੇ ਜੋਰਾ ਸਿੰਘ ਚੀਮਾ, ਅਮਿਤ ਵਿੱਕੀ, ਹਰੀ ਚੰਦ, ਰਾਕੇਸ਼ ਸ਼ਰਮਾ, ਜਸਵਿੰਦਰ ਕੁਮਾਰ, ਕੁਲਦੀਪ ਸਿੰਘ, ਹਾਕਮ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਵਰਿੰਦਰ ਸਿੰਘ ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।


Related News