ਪੰਜਾਬ ਦੀ ਮਿੱਟੀ ਵੇਚਣ ਵਾਲਿਆਂ ਨੂੰ ‘ਆਪ’ ਦੀ ਸਰਕਾਰ ਭੇਜੇਗੀ ਜੇਲ੍ਹ : ਰਾਘਵ ਚੱਢਾ

Tuesday, Feb 15, 2022 - 08:13 PM (IST)

ਚਮਕੌਰ ਸਾਹਿਬ/ਚੰਡੀਗੜ੍ਹ (ਰੋਪੜ) (ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਅਸੀਂ ਵੋਟਾਂ ਮੰਗਣ ਨਹੀਂ ਸਗੋਂ ਮੌਕਾ ਮੰਗਣ ਆਏ ਹਾਂ। ਅਸੀਂ ਆਮ ਆਦਮੀ ਪਾਰਟੀ ਅਤੇ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਨਹੀਂ ਆਏ। ਅਸੀਂ ਪੰਜਾਬ ਨੂੰ ਬਚਾਉਣ ਦਾ ਮੌਕਾ ਮੰਗਣ ਆਏ ਹਾਂ। ਪੰਜਾਬ 'ਤੇ ਅਕਾਲੀ ਦਲ ਅਤੇ ਕਾਂਗਰਸ ਨੇ 50 ਸਾਲ ਰਾਜ ਕੀਤਾ ਹੈ। ਇਨ੍ਹਾਂ 50 ਸਾਲਾਂ ’ਚ ਪੰਜਾਬ ’ਚ 26 ਸਾਲ ਕਾਂਗਰਸ ਅਤੇ 24 ਸਾਲ ਅਕਾਲੀ ਦਲ ਦਾ ਰਾਜ ਰਿਹਾ। ਦੋਵਾਂ ਪਾਰਟੀਆਂ ਨੇ ਪੰਜਾਬ ਦਾ ਰੇਤਾ, ਕੇਬਲ ਟਰਾਂਸਪੋਰਟ ਵੇਚ ਦਿੱਤਾ। ਦੋਵਾਂ ਪਾਰਟੀਆਂ ਨੇ ਮਿਲ ਕੇ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਨੂੰ ਵੇਚ ਦਿੱਤਾ। ਰਾਘਵ ਚੱਢਾ ਮੰਗਲਵਾਰ ਨੂੰ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿਖੇ ਪਾਰਟੀ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਦੇ ਹੱਕ ਵਿਚ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ।

ਇਹ ਵੀ ਪੜ੍ਹੋ : ਪਰਚਾ ਰਾਜ ਖ਼ਤਮ ਕਰਕੇ ਸਾਰੇ ਝੂਠੇ ਪਰਚੇ ਕਰਾਂਗੇ ਰੱਦ : ਮਨੀਸ਼ ਸਿਸੋਦੀਆ

ਉਨ੍ਹਾਂ ਕਿਹਾ ਕਿ ਲੋਕ ਦੱਸ ਰਹੇ ਹਨ ਕਿ ਮੁੱਖ ਮੰਤਰੀ ਚੰਨੀ ਆਪਣੇ ਹਲਕੇ ’ਚ ਪੈਸੇ ਵੰਡ ਰਹੇ ਹਨ। ਇਹ ਸਾਰਾ ਪੈਸਾ ਪੰਜਾਬ ਦੇ ਲੋਕਾਂ ਦਾ ਹੈ। ਜੇਕਰ ਚੰਨੀ ਪੈਸੇ ਦੇਵੇ ਤਾਂ ਨਾਂਹ ਨਾ ਕਰਨਾ ਪਰ ਵੋਟ ਆਮ ਆਦਮੀ ਪਾਰਟੀ ਨੂੰ ਦੇਣਾ। ਚੱਢਾ ਨੇ ਕਿਹਾ ਕਿ ਅੱਜ ਪੰਜਾਬ ਦੀ ਜਨਤਾ ਕੋਲ ਦੋ ਬਦਲ ਹਨ। ਇਕ ਉਹ ਜਿਸ ਨੇ ਪੰਜਾਬ ਦੀ ਮਿੱਟੀ ਵੇਚ ਦਿੱਤਾ। ਦੂਜੇ ਪਾਸੇ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਹਨ, ਜਿਨ੍ਹਾਂ ਨੇ ਪੰਜਾਬ ’ਚੋਂ ਮਾਫ਼ੀਆ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਸਹੁੰ ਖਾਧੀ ਹੈ। ਇਸ ਲਈ ਇਮਾਨਦਾਰ ਲੋਕਾਂ ਨੂੰ ਇਕ ਮੌਕਾ ਦਿਓ। ਚੱਢਾ ਨੇ ਕਿਹਾ ਕਿ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਦੀ ਮਿੱਟੀ ਵੇਚਣ ਵਾਲਿਆਂ ਵਿਰੁੱਧ  'ਆਪ' ਦੀ ਸਰਕਾਰ ਸਖਤ ਤੋਂ ਸਖਤ ਕਾਰਵਾਈ ਕਰੇਗੀ ਅਤੇ ਉਨ੍ਹਾਂ ਨੂੰ ਜੇਲ੍ਹ ਭੇਜੇਗੀ।

ਚੱਢਾ ਨੇ ਮੁੱਖ ਮੰਤਰੀ ਚੰਨੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੰਨੀ ਆਪਣੇ ਆਪ ਨੂੰ ਆਮ ਆਦਮੀ ਅਤੇ ਗਰੀਬ ਦੱਸਦੇ ਹਨ ਪਰ ਉਨ੍ਹਾਂ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਛਾਪੇਮਾਰੀ 'ਚ 10 ਕਰੋੜ ਰੁਪਏ ਨਕਦ ਅਤੇ 54 ਲੱਖ ਰੁਪਏ ਦੀਆਂ ਬੈਂਕ ਐਂਟਰੀਆਂ, 16 ਲੱਖ ਦੀ ਘੜੀ, ਲਗਜ਼ਰੀ ਗੱਡੀਆਂ ਅਤੇ ਕਰੋੜਾਂ ਰੁਪਏ ਦੀਆਂ ਜਾਇਦਾਦ ਬਰਾਮਦ ਹੋਈ ਹੈ। ਉਨ੍ਹਾਂ ਨੇ ਚੰਨੀ ਤੋਂ ਪੁੱਛਿਆ ਕਿ ਇਹ ਸਾਰਾ ਪੈਸਾ ਕਿੱਥੋਂ ਆਇਆ?
ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਭਤੀਜੇ ਹਨੀ ਨੇ ਈ.ਡੀ. ਦੇ ਸਾਹਮਣੇ ਕਬੂਲ ਕੀਤਾ ਹੈ ਕਿ ਚੰਨੀ ਦੀ 111 ਦਿਨਾਂ ਦੀ ਸਰਕਾਰ ਦੌਰਾਨ ਉਸ ਨੇ 325 ਕਰੋੜ ਰੁਪਏ ਕਮਾਏ ਹਨ, ਜਿਸ ਮੁਤਾਬਕ ਹਨੀ ਨੇ ਇਕ ਦਿਨ 'ਚ 3 ਕਰੋੜ ਰੁਪਏ ਦੀ ਕਮਾਈ ਕੀਤੀ।

ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਕਹਿੰਦੇ ਹਨ ਕਿ ਉਨ੍ਹਾਂ ਨੇ ਆਟੋ ਵੀ ਚਲਾਇਆ, ਟੈਂਟ ਵੀ ਲਗਾਏ ਹਨ ਅਤੇ ਪੰਕਚਰ ਵੀ ਲਗਾਏ ਹਨ ਪਰ ਕਿਸੇ ਵੀ ਆਟੋ ਚਾਲਕ ਕੋਲ ਕਰੋੜਾਂ ਰੁਪਏ ਨਹੀਂ ਹਨ। ਕਿਸੇ ਵੀ ਟੈਂਟ ਵਾਲੇ ਕੋਲ ਲਗਜ਼ਰੀ ਗੱਡੀਆਂ ਨਹੀਂ ਹਨ। ਕਿਸੇ ਵੀ ਪੰਕਚਰ ਲਗਾਉਣ ਵਾਲੇ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਨਹੀਂ ਹੈ। ਚੱਢਾ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾ ਕੇ ਪਾਰਟੀ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ, ਤਾਂ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਚੱਢਾ ਦੇ ਨਾਲ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵੀ ਮੌਜੂਦ ਸਨ।


Manoj

Content Editor

Related News