‘ਆਪ’ ਸਰਕਾਰ ’ਚ ਰੇਤ ਦੀ ਬਲੈਕ, ਸਰਕਾਰੀ ਮਾਈਨਿੰਗ ਬੰਦ ਹੋਣ ’ਤੇ 3200 ਰੁਪਏ ਪ੍ਰਤੀ ਸੈਕੜਾ ਪੁੱਜੇ ਰੇਤ ਦੇ ਮੁੱਲ

04/09/2022 10:55:42 AM

ਅੰਮ੍ਰਿਤਸਰ (ਨੀਰਜ) - ਵਿਧਾਨ ਸਭਾ ਚੋਣਾਂ ਦੌਰਾਨ ਇਕ ਅਹਿਮ ਮੁੱਦਾ ਬਣੀ ਰਹੀ ਰੇਤ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਅਹਿਮ ਮੁੱਦਾ ਬਣੀ ਹੋਈ ਹੈ। ਆਮ ਜਨਤਾ ਨੂੰ ਰੇਤ ਦੀ ਬਲੈਕ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀ ਰੇਤ ਖੱਡਾਂ ਤੋਂ ਮਾਈਨਿੰਗ ਬੰਦ ਹੋਣ ਕਾਰਨ ਰੇਤ ਦੀ ਬਲੈਕ ਹੋ ਰਹੀ ਹੈ। ਰੇਤ ਦੇ ਮੁੱਲ ਪ੍ਰਤੀ ਸੈਕੜਾ 3200 ਰੁਪਏ ਤੱਕ ਪਹੁੰਚ ਗਏ ਹਨ, ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 1800 ਤੇ 1900 ਰੁਪਏ ਪ੍ਰਤੀ ਸੈਕੜਾ ਚੱਲ ਰਹੇ ਸਨ। ਹਾਲਾਂਕਿ ਸਾਬਕਾ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 5.50 ਰੁਪਏ ਪ੍ਰਤੀ ਕਿਊਸਿਕ ਫੁੱਟ ਰੇਤ ਦੀ ਵਿਕਰੀ ਕਰਨ ਦਾ ਐਲਾਨ ਵੀ ਕੀਤਾ ਸੀ ਪਰ ਇਹ ਐਲਾਨ ਜ਼ਮੀਨੀ ਹਕੀਕਤ ’ਚ ਅਮਲੀ ਜਾਮਾ ਨਹੀਂ ਪਵਾ ਸਕਿਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਿਸ ਤਰ੍ਹਾਂ ਨਾਲ ਰੇਤ ਦੇ ਮੁੱਲ ਦੁੱਗਣੇ ਦੇ ਕਰੀਬ ਹੋ ਗਏ ਹਨ, ਉਸ ਨਾਲ ਲੋਕਾਂ ਵਿਚ ਤ੍ਰਾਹ-ਤ੍ਰਾਹ ਮਚੀ ਹੋਈ ਹੈ।

5 ’ਚੋਂ 4 ਖੱਡਾਂ ਬੰਦ, 5ਵੀਂ ਖੱਡ ਦਾ ਠੇਕਾ ਵੀ ਹੋਣ ਵਾਲਾ ਹੈ ਖ਼ਤਮ
ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਜ਼ਿਲ੍ਹੇ ’ਚ ਵੱਖ-ਵੱਖ ਇਲਾਕਿਆਂ, ਜਿਸ ’ਚ ਮੁੱਖ ਤੌਰ ਨਾਲ ਅਜਨਾਲਾ ਦੇ ਰਾਵੀ ਦਰਿਆ ਦੇ ਇਲਾਕੇ ਤੇ ਬਿਆਸ ਦਰਿਆ ਦੇ ਇਲਾਕੇ ’ਚ ਖੱਡਾਂ ਦੀ ਨਿਲਾਮੀ ਕੀਤੀ ਗਈ ਸੀ। ਪਤਾ ਲੱਗਾ ਹੈ ਕਿ ਇਸ ਸਮੇਂ ਜ਼ਿਲ੍ਹੇ ਦੀਆਂ 5 ਖੱਡਾਂ ’ਚੋਂ 4 ਖੱਡਾਂ ਬੰਦ ਹੋ ਚੁੱਕੀਆਂ ਹਨ, ਜੋ ਖੱਡਾਂ ਇਸ ਸਮੇਂ ਚੱਲ ਰਹੀਆਂ ਹਨ, ਉਹ ਵੀ ਬੰਦ ਹੋਣ ਵਾਲੀਆਂ ਹਨ। ਇਸ ਦਾ ਠੇਕਾ ਜਲਦ ਖ਼ਤਮ ਹੋਣ ਵਾਲਾ ਹੈ। ਜੇਕਰ ਸਮੇਂ ਰਹਿੰਦੇ ਪ੍ਰਸ਼ਾਸਨ ਤੇ ਸਰਕਾਰ ਵਲੋਂ ਮਾਈਨਿੰਗ ਨੀਤੀ ਨਹੀਂ ਲਿਆਂਦੀ ਗਈ ਤਾਂ ਰੇਤ ਦੇ ਭਾਅ 4 ਹਜ਼ਾਰ ਤੋਂ 5 ਹਜ਼ਾਰ ਰੁਪਏ ਪ੍ਰਤੀ ਸੈਂਕੜੇ ਤੱਕ ਪਹੁੰਚ ਸਕਦੇ ਹਨ, ਜਿਸ ਨਾਲ ਸਰਕਾਰ ਦਾ ਅਕਸ ਖ਼ਰਾਬ ਹੋਣਾ ਤੈਅ ਹੈ।

ਅਜਨਾਲਾ ਖੇਤਰ ’ਚੋਂ ਰਾਤ ਸਮੇਂ ਚੋਰੀ ਛਿਪੇ ਲਿਆਂਦੀਆਂ ਜਾ ਰਹੀਆਂ ਰੇਤ ਦੀਆਂ ਟਰਾਲੀਆਂ
ਇਕ ਪਾਸੇ ਜਿੱਥੇ ਸਰਕਾਰੀ ਖੱਡਾਂ ’ਚ ਰੇਤ ਦੀ ਮਾਈਨਿੰਗ ਬੰਦ ਹੋ ਚੁੱਕੀ ਹੈ ਤਾਂ ਉਥੇ ਦੂਜੇ ਪਾਸੇ ਗੈਰ-ਕਾਨੂੰਨੀ ਤੌਰ ਨਾਲ ਅਜਨਾਲਾ ਖੇਤਰ ਦੇ ਕੁਝ ਇਲਾਕਿਆਂ ’ਚ ਰੇਤ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਪੁਲਸ ਦੀ ਮਿਲੀਭੁਗਤ ਨਾਲ ਰਾਤ ਦੇ ਸਮੇਂ ਚੋਰੀ-ਛਿਪੇ ਰੇਤ ਦੀਆਂ ਟਰਾਲੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਸ ’ਤੇ ਨੱਥ ਪਾਉਣ ਦੀ ਸਖ਼ਤ ਲੋੜ ਹੈ।

ਅਕਾਲੀ-ਭਾਜਪਾ ਗਠਜੋੜ ਸਰਕਾਰ ’ਚ ਬੋਲਬਾਲੇ ’ਚ ਰਿਹਾ ਰੇਤ ਮਾਫੀਆ
ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਰੇਤ ਮਾਫੀਆ ਦਾ ਬੋਲਬਾਲਾ ਹੋ ਗਿਆ ਸੀ। ਕੁਝ ਭ੍ਰਿਸ਼ਟ ਨੇਤਾਵਾਂ ਨੇ ਰੇਤ ਦੇ ਕਾਰੋਬਾਰ ’ਤੇ ਅਜਿਹੀ ਗੰਦੀ ਨਜ਼ਰ ਪਾਈ ਕਿ 500 ਰੁਪਏ ਪ੍ਰਤੀ ਸੈਂਕੜੇ ਵਿਕਣ ਵਾਲੀ ਰੇਤ 3 ਹਜ਼ਾਰ ਤੋਂ 3500 ਰੁਪਏ ਪ੍ਰਤੀ ਸੈਂਕੜਾ ਤੱਕ ਪਹੁੰਚ ਗਈ। ਰੇਤ ਮਾਫੀਆ ਵਲੋਂ ਗੈਰ-ਕਾਨੂੰਨੀ ਤੌਰ ਨਾਲ 1 ਹਜ਼ਾਰ ਰੁਪਏ ਦੀ ਗੁੰਡਾ ਪਰਚੀ ਵੀ ਲਾਈ ਜਾਂਦੀ ਸੀ। ਹਾਲਾਤ ਇਹ ਬਣ ਗਏ ਕਿ ਨਸ਼ੇ ਦੀ ਵਿਕਰੀ ਦੇ ਨਾਲ-ਨਾਲ ਰੇਤ ਦੀਆਂ ਕੀਮਤਾਂ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਹੇਠਾਂ ਸੁੱਟ ਦਿੱਤਾ ਤੇ ਕੈਪਟਨ ਦੀ ਸਰਕਾਰ ਆਈ ਪਰ ਇੱਥੇ ਰੇਤ ਮਾਫੀਆ ਹਾਵੀ ਹੀ ਰਿਹਾ।

ਭ੍ਰਿਸ਼ਟ ਨੇਤਾਵਾਂ ਦਾ ਚਹੇਤਾ ਕਾਰੋਬਾਰ ਹੈ ਰੇਤ
ਭ੍ਰਿਸ਼ਟ ਨੇਤਾਵਾਂ ਲਈ ਰੇਤ ਦਾ ਕਾਰੋਬਾਰ ਇਕ ਚਹੇਤਾ ਕਾਰੋਬਾਰ ਹੈ, ਕਿਉਂਕਿ ਨੇਤਾਵਾਂ ਦੇ ਚਮਚੇ ਸਰਕਾਰੀ ਠੇਕੇ ਲੈ ਲੈਂਦੇ ਹਨ ਤੇ ਗੈਰ-ਕਾਨੂੰਨੀ ਤੌਰ ਨਾਲ ਮਾਈਨਿੰਗ ਸ਼ੁਰੂ ਕਰ ਦਿੰਦੇ ਹਨ। ਜਿਹੜੇ ਸਥਾਨ ’ਤੇ ਮਾਈਨਿੰਗ ਕਰਨ ਲਈ ਸਰਕਾਰ ਵਲੋਂ ਆਗਿਆ ਦਿੱਤੀ ਗਈ ਹੁੰਦੀ ਹੈ, ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਗੈਰ-ਕਾਨੂੰਨੀ ਮਾਈਨਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ। ਬਿਆਸ-ਦਰਿਆ ਦੇ ਪੁਲ ਕੋਲ ਵੀ ਰੇਤ ਮਾਫੀਆ ਨੇ ਮਸ਼ੀਨਾਂ ਪਾ ਕੇ ਮਾਈਨਿੰਗ ਸ਼ੁਰੂ ਕਰ ਦਿੱਤੀ ਸੀ।

ਜਨਰਲ ਸਕੱਤਰ ਬਿਲਡਿੰਗ ਮਟੀਰੀਅਲ ਯੂਨੀਅਨ ਸਿਮਰਨਜੀਤ ਸਿੰਘ ਅਨੁਸਾਰ ਪੰਜਾਬ ਦੀ ਨਵੀਂ ਸਰਕਾਰ ਨੂੰ ਜਲਦ ਤੋਂ ਜਲਦ ਮਾਈਨਿੰਗ ਨੀਤੀ ਲਿਆਉਣੀ ਚਾਹੀਦੀ ਹੈ। ਜਿਨ੍ਹਾਂ ਸਰਕਾਰੀ ਖੱਡਾਂ ’ਤੇ ਰੇਤ ਦੀ ਮਾਈਨਿੰਗ ਬੰਦ ਹੋ ਚੁੱਕੀ ਹੈ, ਉਸ ਨੂੰ ਜਲਦ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਆਮ ਜਨਤਾ ਨੂੰ ਸਸਤੇ ਭਾਅ ਰੇਤ ਮਿਲ ਸਕੇ। ਫਿਲਹਾਲ ਰੇਤ ਦੇ ਭਾਅ ਹੋਰ ਵਧਣ ਦੇ ਆਸਾਰ ਹਨ।

ਪ੍ਰਧਾਨ ਰੇਤ ਵਿਕ੍ਰੇਤਾ ਯੂਨੀਅਨ ਜਹਾਜ਼ਗੜ੍ਹ ਤੇ ਅਜਨਾਲਾ ਹਰਜੀਤ ਸਿੰਘ ਪਹਿਲਵਾਨ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਲਦ ਤੋਂ ਜਲਦ ਸਾਰੇ ਸਰਕਾਰੀ ਖੱਡਾਂ ਦੀ ਨਿਲਾਮੀ ਕਰਵਾਉਣੀ ਚਾਹੀਦੀ ਹੈ ਤਾਂ ਕਿ ਰੇਤ ਦੇ ਭਾਅ ਸਸਤੇ ਹੋ ਸਕਣ ਤੇ ਰੇਤ ਦੀ ਬਲੈਕ ਬੰਦ ਹੋ ਸਕੇ।

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਅਨੁਸਾਰ ਸਰਕਾਰੀ ਖੱਡਾਂ ’ਚ ਕੰਮ ਕਿਉਂ ਬੰਦ ਹੈ। ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਰੇਤ ਦੇ ਮੁੱਲਾਂ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਕਰੇਗਾ।
 


rajwinder kaur

Content Editor

Related News