‘ਆਪ’ ਦੀ ਸਰਕਾਰ ’ਚ ਖ਼ਤਮ ਨਹੀਂ ਸਗੋਂ ਮਹਿੰਗਾ ਹੋਇਆ ਚਿੱਟਾ, ਵੱਡੇ ਖਿਡਾਰੀ ਅਜੇ ਵੀ ਸ਼ਿਕੰਜੇ ’ਚੋਂ ਬਾਹਰ

06/27/2022 3:49:33 PM

ਅੰਮ੍ਰਿਤਸਰ (ਨੀਰਜ)- ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਘਰ-ਘਰ ਪਹੁੰਚ ਚੁੱਕਾ ਚਿੱਟਾ (ਹੈਰੋਇਨ) ਹੁਣ ਖ਼ਤਮ ਹੋ ਜਾਵੇਗੀ ਪਰ ਇਸ ਦੇ ਉਲਟ ਇਹ ਮਹਿੰਗਾ ਹੋ ਗਿਆ ਪਰ ਖ਼ਤਮ ਨਹੀਂ ਹੋਇਆ। ਸਰਹੱਦੀ ਖੇਤਰਾਂ ਵਿਚ ਪਾਕਿਸਤਾਨ ਵਾਲੇ ਪਾਸਿਓਂ ਕਦੇ ਮੁਲੱਠੀ ਦੀ ਖੇਪ, ਕਦੇ ਡਰੋਨ ਰਾਹੀਂ ਅਤੇ ਕਦੇ ਖੇਤੀ ਦੀ ਆੜ ਵਿਚ ਸਮੱਗਲਿੰਗ ਕਰਨ ਵਾਲੇ ਕਿਸਾਨ ਵੇਸ਼ੀ ਸਮੱਗਲਰਾਂ ਰਾਹੀਂ ਚਿੱਟੇ ਦੀ ਸਪਲਾਈ ਲਗਾਤਾਰ ਜਾਰੀ ਹੈ। ਮੌਜੂਦਾ ਸਮੇਂ ’ਚ 2500 ਰੁਪਏ ’ਚ ਵਿਕਣ ਵਾਲੇ ਚਿੱਟੇ ਦੀ ਇਕ ਪੂੜੀ ਦੀ ਕੀਮਤ 4000 ਰੁਪਏ ਦੇ ਕਰੀਬ ਹੋ ਗਈ ਹੈ। 

ਇੱਥੇ ਹੀ ਬੱਸ ਨਹੀਂ ਚਿੱਟੇ ਦੇ ਆਦੀ ਨੌਜਵਾਨ ਨਸ਼ਾ ਪੂਰਾ ਕਰਨ ਲਈ ਜਾਂ ਤਾਂ ਗੈਂਗਸਟਰਾਂ ਦੇ ਸ਼ੂਟਰ ਬਣ ਜਾਂਦੇ ਹਨ ਜਾਂ ਫਿਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਜਾਂਦੇ ਹਨ। ਇਸ ਦੀ ਤੁਲਨਾ ਵਿਚ ਪ੍ਰਸ਼ਾਸਨ ਵੱਲੋਂ ਬਣਾਏ ਗਏ ਨਸ਼ਾ ਛੁਡਾਊ ਕੇਂਦਰ ਓਨੀ ਸਰਗਰਮੀ ਨਾਲ ਕੰਮ ਨਹੀਂ ਕਰ ਰਹੇ ਜਿੰਨੀ ਸਰਗਰਮੀ ਨਾਲ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਹੋਣ ਜਾਂ ਸੂਬਾ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ, ਆਮ ਤੌਰ ’ਤੇ ਏਜੰਸੀਆਂ ਦੀ ਜਾਂਚ ਕੋਰੀਅਰਾਂ (ਹੈਰੋਇਨ ਦੀ ਖੇਪ ਨੂੰ ਅੱਗੇ ਲਿਜਾਣ ਅਤੇ ਵੇਚਣ ਵਾਲਿਆਂ) ਦੀ ਗ੍ਰਿਫਤਾਰੀ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ। ਇਸ ਕਾਲੇ ਕਾਰਬਾਰ ਦੇ ਵੱਡੇ ਖਿਡਾਰੀ ਸੁਰੱਖਿਆ ਏਜੰਸੀਆਂ ਦੇ ਸ਼ਿਕੰਜੇ ਵਿਚੋਂ ਬਾਹਰ ਰਹਿਦੇ ਹਨ। 

ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਕਸਟਮ ਵਿਭਾਗ ਵਲੋਂ ਅਫਗਾਨਿਸਤਾਨ ਤੋਂ ਆਈਆਂ ਮੁਲੱਠੀ ਦੀਆਂ ਬੋਰੀਆਂ ’ਚੋਂ 102 ਕਿਲੋ ਹੈਰੋਇਨ ਦੀ ਖੇਪ ਫੜੀ ਗਈ, ਜਿਸ ਦੀ ਜਾਂਚ ਐੱਨ. ਸੀ. ਬੀ., ਦਿੱਲੀ ਕ੍ਰਾਈਮ ਬ੍ਰਾਂਚ ਅਤੇ ਏ. ਟੀ. ਸੀ. ਦੇ ਸਾਂਝੇ ਆਪ੍ਰੇਸ਼ਨ ਦੇ ਰੂਪ ’ਚ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰ ਨਗਰ ’ਚ ਹੋਈ। ਇਸ ਦੌਰਾਨ 210 ਕਿਲੋ ਹੈਰੋਇਨ ਫੜੀ ਗਈ, ਜਿਸ ਤੋਂ ਸਾਬਤ ਹੁੰਦਾ ਕਿ ਪਾਕਿ ਕੁਇੰਟਲ ਦੇ ਹਿਸਾਬ ਨਾਲ ਚਿੱਟਾ ਭੇਜ ਰਿਹਾ ਹੈ, ਜਦਕਿ ਇਸ ਦੀ ਤੁਲਨਾ ਵਿਚ ਪੁਲਸ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਗ੍ਰਾਮਾਂ ਦੇ ਹਿਸਾਬ ਨਾਲ ਚਿੱਟਾ ਫੜਿਆ ਜਾ ਰਿਹਾ ਹੈ। ਆਏ ਦਿਨ ਪੁਲਸ ਥਾਣਿਆਂ ਵਿਚ ਕਦੇ 10 ਗ੍ਰਾਮ ਤੇ ਕਦੇ 20 ਗ੍ਰਾਮ ਹੈਰੋਇਨ ਦੇ ਪਰਚੇ ਦਰਜ ਕਰ ਰਹੀ ਹੈ।

ਸੁਰੱਖਿਆ ਏਜੰਸੀਆਂ ਵਿਚ ਤਾਲਮੇਲ ਦੀ ਘਾਟ
ਹੈਰੋਇਨ ਸਮੱਗਲਿੰਗ ਦੀ ਲੜੀ ਨੂੰ ਤੋੜਨ ਲਈ ਸਾਰੀਆਂ ਸੁਰੱਖਿਆ ਏਜੰਸੀਆਂ ਦਾ ਆਪਸੀ ਤਾਲਮੇਲ ਅਤੇ ਸੂਚਨਾਵਾਂ ਦਾ ਅਦਾਨ-ਪ੍ਰਦਾਨ ਹੋਣਾ ਜ਼ਰੂਰੀ ਹੈ ਪਰ ਇਹ ਤਾਲਮੇਲ ਮੁਕੰਮਲ ਨਹੀਂ ਹੈ। ਹਾਲ ਵਿਚ ਬੀ. ਐੱਸ. ਐੱਫ. ਨੇ ਐੱਸ. ਟੀ. ਐੱਫ. ਦੀ ਟੀਮ ਨੂੰ ਇੱਕ ਸੰਵੇਦਨਸ਼ੀਲ ਬੀ. ਓ. ਪੀ. ਦੀ ਤਲਾਸ਼ੀ ਲੈਣ ਤੋਂ ਰੋਕ ਦਿੱਤਾ ਅਤੇ ਐੱਸ. ਟੀ. ਐੱਫ. ਨੂੰ ਅਦਾਲਤ ਤੋਂ ਹੁਕਮ ਲੈਣੇ ਪਏ, ਅਗਲੇ ਦਿਨ ਦੀ ਸਵੇਰ ਤੱਕ ਜਾਂਚ ਕਰਨ ਵਿੱਚ ਇੱਕ ਰਾਤ ਦਾ ਸਮਾਂ ਲੱਗਾ ਤਾਂ ਐੱਸ. ਟੀ. ਐੱਫ. ਦੇ ਹੱਥ ਖਾਲੀ ਰਹੇ ਜੇਕਰ, ਉਸੇ ਸਮੇਂ ਜੇ ਐੱਸ. ਟੀ. ਐੱਫ. ਨੂੰ ਜਾਂਚ ਕਰਨ ਦਿੱਤੀ ਜਾਂਦੀ ਤਾਂ ਸ਼ਾਇਦ ਵੱਡੀ ਖੇਪ ਫੜੀ ਜਾ ਸਕਦੀ ਸੀ।

ਪਾਕਿ ਰੇਂਜਰਸ ਦੇ ਡੀ. ਜੀ. ਨੇ ਕਿਹਾ ਸੀ ਕਿ ਤਾਰ ਤੁਹਾਡੀ ਅਤੇ ਰਿਸੀਵਰ ਕਰਨ ਵਾਲੇ ਵੀ ਤੁਹਾਡੇ
ਹੈਰੋਇਨ ਸਮੱਗਲਿੰਗ ਦੇ ਮਾਮਲੇ ਵਿਚ ਇਕ ਵਾਰ ਪਾਕਿਸਤਾਨ ਰੇਂਜਰਜ਼ ਦੇ ਡੀ. ਜੀ. ਨੇ ਜੇ. ਸੀ. ਪੀ. ਅਟਾਰੀ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਬਾਰਡਰ ’ਤੇ ਲੱਗੀ ਤਾਰ ਵੀ ਤੁਹਾਡੀ ਹੈ ਅਤੇ ਹੈਰੋਇਨ ਪ੍ਰਾਪਤ ਕਰਨ ਵਾਲਾ ਵੀ ਤੁਹਾਡਾ ਹੈ, ਇਸ ਲਈ ਇਕੱਲਾ ਪਾਕਿਸਤਾਨ ਹੈਰੋਇਨ ਕਿਵੇਂ ਭੇਜ ਸਕਦਾ ਹੈ। ਜੇਕਰ ਤੁਸੀਂ ਹੈਰੋਇਨ ਮੰਗਵਾਉਂਦੇ ਹੋ ਤਾਂ ਹੀ ਭੇਜੀ ਜਾਂਦੀ ਹੈ।

ਨਸ਼ਿਆਂ ਦੀ ਵਿਕਰੀ ਅਤੇ ਸੇਵਨ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਸਰਹੱਦੀ ਖੇਤਰਾਂ ਵਿਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਸਰਕਾਰ ਵੱਲੋਂ ਤਾਇਨਾਤ ਕੀਤੇ ਗਏ ਜੀ. ਓ. ਜੀਜ਼ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ, ਇਸ ਤੋਂ ਇਲਾਵਾ ਨਸ਼ਾ ਛੁਡਾਊ ਕੇਂਦਰਾਂ ਵਿਚ ਵੀ ਸੁਧਾਰ ਕੀਤੇ ਜਾ ਰਹੇ ਹਨ।
ਹਰਪ੍ਰੀਤ ਸਿੰਘ ਸੂਦਨ (ਜ਼ਿਲਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ) ਅੰਮ੍ਰਿਤਸਰ।


rajwinder kaur

Content Editor

Related News