ਪੰਜਾਬ ''ਚ ਆਪਣਾ ਪਹਿਲਾ ਮੇਅਰ ਬਣਾਉਣ ਜਾ ਰਹੀ ''ਆਪ'', ਇਸ ਸ਼ਹਿਰ ਤੋਂ ਖੁੱਲ੍ਹੇਗਾ ਖ਼ਾਤਾ

Wednesday, Jul 05, 2023 - 07:22 PM (IST)

ਪੰਜਾਬ ''ਚ ਆਪਣਾ ਪਹਿਲਾ ਮੇਅਰ ਬਣਾਉਣ ਜਾ ਰਹੀ ''ਆਪ'', ਇਸ ਸ਼ਹਿਰ ਤੋਂ ਖੁੱਲ੍ਹੇਗਾ ਖ਼ਾਤਾ

ਮੋਗਾ: ਆਮ ਆਦਮੀ ਪਾਰਟੀ ਪੰਜਾਬ ਵਿਚ ਆਪਣਾ ਪਹਿਲਾ ਮੇਅਰ ਬਣਾਉਣ ਦੀ ਤਿਆਰੀ 'ਚ ਹੈ। ਮੋਗਾ ਦੀ ਨਗਰ ਨਿਗਮ ’ਚ ‘ਆਪ’ ਦਾ ਮੇਅਰ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਇਥੋਂ ਦੇ ਕੌਂਸਲਰਾਂ ਵੱਲੋਂ ਕਾਂਗਰਸੀ ਮੇਅਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ ਤੇ ਕਾਂਗਰਸ ਮੇਅਰ ਨੀਤਿਕਾ ਭੱਲਾ ਬਹੁਮਤ ਸਾਬਤ ਨਹੀਂ ਕਰ ਸਕੀ। 48 ਕੌਂਸਲਰਾਂ ਵਿਚੋਂ 41 ਨੇ ‘ਆਪ’ ਦੇ ਹੱਕ ਵਿਚ ਫਤਵਾ ਦਿੱਤਾ ਜਦਕਿ ਕਾਂਗਰਸੀ ਮੇਅਰ ਸਿਰਫ਼ ਛੇ ਕੌਂਸਲਰਾਂ ਦਾ ਸਮਰਥਨ ਹੀ ਜੁਟਾ ਸਕੀ। ਉੱਥੇ ਹੀ ਸੀਨੀਅਰ ਡਿਪਟੀ ਮੇਅਰ ਪਰਵੀਨ ਕੁਮਾਰ ਅਤੇ ਡਿਪਟੀ ਮੇਅਰ ਅਸ਼ੋਕ ਧਮੀਜਾ ਤੇ ਵਿੱਤ ਕਮੇਟੀ ਖ਼ਿਲਾਫ਼ ਵੀ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ। ਪਰ ਕੋਰਮ ਪੂਰਾ ਨਾ ਹੋਣ ਕਾਰਨ ਉਹ ਮਤਾ ਰੱਦ ਹੋ ਗਿਆ। 

ਇਹ ਖ਼ਬਰ ਵੀ ਪੜ੍ਹੋ - ਚੰਡੀਗੜ੍ਹ 'ਤੇ 'ਬਣਦਾ ਹੱਕ' ਲੈਣ ਲਈ ਸਰਗਰਮ ਹੋਇਆ ਹਿਮਾਚਲ, CM ਸੁੱਖੂ ਨੇ ਚੁੱਕਿਆ ਇਹ ਕਦਮ

ਮੋਗਾ ਨਗਰ ਨਿਗਮ ਦੇ ਕੌਂਸਲਰਾਂ ਨੇ 7 ਜੂਨ ਨੂੰ ਮੇਅਰ ਨੀਤਿਕਾ ਭੱਲਾ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ ਤੇ ਬਹਿਸ ਦੌਰਾਨ ਨੀਤਿਕਾ ਭੱਲਾ ਨੂੰ ਸਿਰਫ਼ 6 ਕੌਂਸਲਰਾਂ ਦਾ ਸਮਰਥਨ ਹੀ ਮਿਲ ਸਕਿਆ। ਇੱਥੇ ਕੁੱਲ੍ਹ 50 ਕੌਂਸਲਰ ਹਨ ਜਿਨ੍ਹਾਂ 'ਚੋਂ ਇਕ ਵਿਦੇਸ਼ ਵਿਚ ਹੈ ਅਤੇ ਦੂਜਾ ਕੌਂਸਲਰ ਗੈਰ-ਹਾਜ਼ਰ ਹੋਣ ਕਾਰਨ ਮੀਟਿੰਗ ਵਿਚ ਹਿੱਸਾ ਨਾ ਲੈ ਸਕਿਆ। ਅਪ੍ਰੈਲ 2021 ਵਿਚ ਹੋਈਆਂ ਨਿਗਮ ਚੋਣਾਂ ਵਿਚ ਹਾਕਮ ਧਿਰ ਖੇਤਰੀ ਦਲਾਂ ਕੋਲੋਂ ਹਾਰ ਗਈ ਸੀ। ਉਸ ਵੇਲੇ 50 ਵਿਚੋਂ ਕਾਂਗਰਸ ਦੇ 20, ਅਕਾਲੀ ਦਲ ਦੇ 15, ‘ਆਪ’ ਦੇ 4, ਭਾਜਪਾ ਦਾ ਇਕ ਅਤੇ 10 ਆਜ਼ਾਦ ਉਮੀਦਵਾਰ ਜਿੱਤੇ ਸਨ।

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਪੰਜਾਬ ਵਾਸੀਆਂ ਨੂੰ ਸੁਣਾਈ 'ਖੁਸ਼ਖਬਰੀ', ਲੋਕਾਂ ਦੀ ਰੋਜ਼ਾਨਾ ਹੋਵੇਗੀ ਲੱਖਾਂ ਰੁਪਏ ਦੀ ਬਚਤ

ਕਾਂਗਰਸ ਖ਼ਿਲਾਫ਼ ਭੁਗਤਣ ਵਾਲੇ ਕੌਂਸਲਰਾਂ 'ਤੇ ਡਿੱਗੀ ਗਾਜ਼

ਕਾਂਗਰਸ ਪਾਰਟੀ ਆਪਣੀ ਮੇਅਰ ਦੇ ਖ਼ਿਲਾਫ਼ ਜਾਣ ਵਾਲੇ ਕੌਂਸਲਰਾਂ ਤੋਂ ਬਹੁਤ ਨਾਰਾਜ਼ ਹੋਈ ਹੈ ਤੇ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਇੱਥੇ ਨਗਰ ਨਿਗਮ ’ਚ ਕਾਂਗਰਸੀ ਮੇਅਰ ਨੀਤਿਕਾ ਭੱਲਾ ਖ਼ਿਲਾਫ਼ ਭੁਗਤਣ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪੰਜ ਕੌਂਸਲਰਾਂ ਨੂੰ ਪਾਰਟੀ ਵਿਚੋਂ ਛੇ ਸਾਲ ਲਈ ਕੱਢ ਦਿੱਤਾ ਹੈ। ਇਨ੍ਹਾਂ ਕੌਂਸਲਰਾਂ ਵਿਚ ਵਾਰਡ ਨੰਬਰ-11 ਤੋਂ ਰੀਟਾ ਚੋਪੜਾ, ਵਾਰਡ ਨੰਬਰ-14 ਤੋਂ ਅਮਰਜੀਤ ਅੰਬੀ, ਵਾਰਡ ਨੰਬਰ-24 ਤੋਂ ਤਰਸੇਮ ਭੱਟੀ, ਵਾਰਡ ਨੰਬਰ-29 ਤੋਂ ਰਾਮ ਕੌਰ ਅਤੇ ਵਾਰਡ ਨੰਬਰ-16 ਤੋਂ ਵਿਜੈ ਭੂਸ਼ਨ ਟੀਟੂ ਸ਼ਾਮਲ ਹਨ। ਇਹ ਕਾਰਵਾਈ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਮੋਗਾ ਸ਼ਹਿਰੀ ਹਲਕੇ ਦੀ ਇੰਚਾਰਜ ਮਾਲਵਿਕਾ ਸੂਦ ਦੀ ਸਿਫ਼ਾਰਸ਼ ਉੱਤੇ ਕੀਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News