'ਆਪ' ਨੇ ਜਲੰਧਰ ਤੋਂ ਫ਼ਿਰ ਰਿੰਕੂ 'ਤੇ ਖੇਡਿਆ ਦਾਅ, ਪਿਛਲੀ ਵਾਰ ਕਾਂਗਰਸ ਦੇ ਕਿਲ੍ਹੇ ਨੂੰ ਲਾਈ ਸੀ ਸੰਨ੍ਹ
Thursday, Mar 14, 2024 - 01:41 PM (IST)
ਜਲੰਧਰ (ਵੈੱਬ ਡੈਸਕ): ਲੋਕ ਸਭਾ ਚੋਣਾਂ 2024 ਨੂੰ ਲੈ ਕੇ ਇਸ ਸਮੇਂ ਪੰਜਾਬ ਦੀ ਸਿਆਸਤ ਦਾ ਮਾਹੌਲ ਗਰਮਾਇਆ ਹੋਇਆ ਹੈ। ਇਸ ਦੌਰਾਨ ਅੱਜ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿਚ 8 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿਚ ਮੌਜੂਦਾ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ 'ਤੇ ਭਰੋਸਾ ਜਤਾਇਆ ਗਿਆ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਇਕ ਵਾਰ ਮੁੜ ਜਲੰਧਰ ਤੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਗਿਆ ਹੈ। ਜਲੰਧਰ ਦੀ ਸੀਟ ਕਾਂਗਰਸ ਦਾ ਕਿਲ੍ਹਾ ਮੰਨੀ ਜਾਂਦੀ ਰਹੀ ਹੈ, ਪਰ ਪਿਛਲੀ ਵਾਰ ਕਾਂਗਰਸ ਤੋਂ ਹੀ ਬਾਗੀ ਹੋ ਕੇ ਆਏ ਰਿੰਕੂ ਨੇ ਇਹ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਪਾਈ ਸੀ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਤੋਂ ਪਹਿਲਾਂ ਬੱਬੂ ਮਾਨ ਨੇ ਬਣਨਾ ਸੀ 'ਚਮਕੀਲਾ'! ਇਸ ਕਾਰਨ ਠੁਕਰਾ ਦਿੱਤੀ ਸੀ ਫ਼ਿਲਮ
ਵਿਧਾਇਕ ਵੀ ਰਹਿ ਚੁੱਕੇ ਨੇ ਰਿੰਕੂ
ਜਲੰਧਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਸ ਵਿਚ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਇਸ ਵਿਚ ਫਿਲੌਰ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਕੈਂਟ ਅਤੇ ਆਦਮਪੁਰ ਸ਼ਾਮਲ ਹਨ। ਇਨ੍ਹਾਂ ਵਿਚੋਂ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਪੱਛਮੀ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਉਹ ਵਿਧਾਨ ਸਭਾ ਚੋਣਾਂ ਵਿਚ ਇਸੇ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਤੋਂ ਹਾਰ ਗਏ ਸਨ। ਫ਼ਿਰ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਮਗਰੋਂ ਜਲੰਧਰ ਸੀਟ 'ਤੇ ਜ਼ਿਮਣੀ ਚੋਣ ਦਾ ਐਲਾਨ ਹੋਣ ਮਗਰੋਂ ਰਿੰਕੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ। ਇਸ ਵਿਚ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ।
ਕਾਂਗਰਸ ਦਾ ਕਿਲ੍ਹਾ ਰਹਿ ਚੁੱਕਿਐ ਜਲੰਧਰ
ਜਲੰਧਰ ਲੋਕ ਸਭਾ ਹਲਕਾ ਕਾਂਗਰਸ ਪਾਰਟੀ ਦਾ ਕਿਲ੍ਹਾ ਮੰਨਿਆ ਜਾਂਦਾ ਰਿਹਾ ਹੈ, ਕਿਉਂਕਿ ਇਸ ਹਲਕੇ ਵਿਚ ਜ਼ਿਆਦਾਤਰ ਸਮਾਂ ਕਾਂਗਰਸ ਪਾਰਟੀ ਦਾ ਹੀ ਰਾਜ ਰਿਹਾ ਹੈ। ਆਓ ਜਾਣਦੇ ਹਾਂ ਇਸ ਸੀਟ ਦਾ ਸਾਰਾ ਇਤਿਹਾਸ:
ਸਾਲ | ਸੰਸਦ ਮੈਂਬਰ | ਪਾਰਟੀ |
1951 | ਅਮਰ ਨਾਥ | ਇੰਡੀਅਨ ਨੈਸ਼ਨਲ ਕਾਂਗਰਸ |
1957 | ਸਵਰਨ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ |
1962 | ਸਵਰਨ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ |
1967 | ਸਵਰਨ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ |
1971 | ਸਵਰਨ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ |
1977 | ਰਾਜਿੰਦਰ ਸਿੰਘ ਸਪੈਰੋ | ਇੰਡੀਅਨ ਨੈਸ਼ਨਲ ਕਾਂਗਰਸ |
1985 | ਰਾਜਿੰਦਰ ਸਿੰਘ ਸਪੈਰੋ | ਇੰਡੀਅਨ ਨੈਸ਼ਨਲ ਕਾਂਗਰਸ |
1989 | ਇੰਦਰ ਕੁਮਾਰ ਗੁਜਰਾਲ | ਜਨਤਾ ਦਲ |
1992 | ਯਸ | ਇੰਡੀਅਨ ਨੈਸ਼ਨਲ ਕਾਂਗਰਸ |
1996 | ਦਲਬਾਰਾ ਸਿੰਘ | ਸ਼੍ਰੋਮਣੀ ਅਕਾਲੀ ਦਲ |
1998 | ਇੰਦਰ ਕੁਮਾਰ ਗੁਜਰਾਲ | ਅਜ਼ਾਦ |
1999 | ਬਲਬੀਰ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ |
2004 | ਰਾਣਾ ਸੋਢੀ | ਇੰਡੀਅਨ ਨੈਸ਼ਨਲ ਕਾਂਗਰਸ |
2009 | ਮਹਿੰਦਰ ਸਿੰਘ ਕੇਪੀ | ਇੰਡੀਅਨ ਨੈਸ਼ਨਲ ਕਾਂਗਰਸ |
2014 | ਸੰਤੋਖ ਚੌਧਰੀ | ਇੰਡੀਅਨ ਨੈਸ਼ਨਲ ਕਾਂਗਰਸ |
2019 | ਸੰਤੋਖ ਚੌਧਰੀ | ਇੰਡੀਅਨ ਨੈਸ਼ਨਲ ਕਾਂਗਰਸ |
2023 | ਸੁਸ਼ੀਲ ਕੁਮਾਰ ਰਿੰਕੂ | ਆਮ ਆਦਮੀ ਪਾਰਟੀ |