ਫਿਰੋਜ਼ਪੁਰ : ਸੜਕ ਹਾਦਸੇ ਦੌਰਾਨ ''ਆਪ'' ਦੇ ਜ਼ਿਲਾ ਯੂਥ ਉਪ ਪ੍ਰਧਾਨ ਸੰਧੂ ਦੀ ਮੌਤ

Monday, Feb 24, 2020 - 08:48 PM (IST)

ਫਿਰੋਜ਼ਪੁਰ : ਸੜਕ ਹਾਦਸੇ ਦੌਰਾਨ ''ਆਪ'' ਦੇ ਜ਼ਿਲਾ ਯੂਥ ਉਪ ਪ੍ਰਧਾਨ ਸੰਧੂ ਦੀ ਮੌਤ

ਗੁਰੂਹਰਸਹਾਏ/ਫਿਰੋਜ਼ਪੁਰ/ਮਮਦੋਟ,(ਕੁਮਾਰ, ਆਵਲਾ,ਸ਼ਰਮਾ,ਜਸਵੰਤ)-ਆਮ ਆਦਮੀ ਪਾਰਟੀ 'ਆਪ' ਦੇ ਜ਼ਿਲਾ ਯੂਥ ਦੇ ਵਾਈਸ ਪ੍ਰਧਾਨ ਅਤੇ ਟੀ. ਵੀ. ਚੈੱਨਲਾਂ ਦੇ ਪੱਤਰਕਾਰ ਸਾਜਨ ਸੰਧੂ ਵਾਸੀ ਗੁਰੂਹਰਸਹਾਏ ਦੀ ਫਿਰੋਜ਼ਪੁਰ-ਫਾਜ਼ਿਲਕਾ ਜੀ. ਟੀ. ਰੋਡ 'ਤੇ ਸਥਿਤ ਖਾਈ ਟੀ-ਪੁਆਇੰਟ ਨੇੜੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਥਾਣਾ ਫਿਰੋਜ਼ਪੁਰ ਸਦਰ ਦੀ ਪੁਲਸ ਵਲੋਂ ਸੰਧੂ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਫਿਰੋਜ਼ਪੁਰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਮ੍ਰਿਤਕ ਸਾਜਨ ਸੰਧੂ ਦੇ ਪਿਤਾ ਪਾਲਾ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਪਿੰਡ ਹਾਮਦ ਵਿਖੇ ਪਾਰਟੀ ਦੀ ਮੀਟਿੰਗ ਤੋਂ ਬਾਅਦ ਸਾਜਨ ਆਪਣੇ ਸਹੁਰੇ ਪਿੰਡ ਤੋਂ ਆਪਣੀ ਪਤਨੀ ਨੂੰ ਲੈਣ ਲਈ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਖਾਈ ਫੇਮੇ ਕੀ ਨੇੜੇ ਮਮਦੋਟ ਟੀ-ਪੁਆਇੰਟ ਨੇੜੇ ਨਹਿਰਾਂ ਦੇ ਪੁਲਾਂ ਉੱਪਰ ਪਹੁੰਚਿਆ ਤਾਂ ਅਚਾਨਕ ਸਾਹਮਣੇ ਤੋਂ ਬੇਸਹਾਰਾ ਪਸ਼ੂ ਆ ਗਿਆ ਤੇ ਉਸ ਦੀ ਐਕਟਿਵਾ ਪਸ਼ੂ 'ਚ ਜਾ ਵੱਜੀ। ਜਿਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਉਸ ਦਾ ਅੱਜ ਅੰਤਿਮ ਸੰਸਕਾਰ ਮੁਕਤਸਰ ਰੋਡ ਗੁਰੂਹਰਸਹਾਏ ਵਿਖੇ ਕਰ ਦਿੱਤਾ ਗਿਆ। ਸਾਜਨ ਸੰਧੂ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੇ ਘਰ ਇਕ ਬੱਚਾ ਵੀ ਹੈ।ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।


Related News