AAP ਦੇ 2 ਮੁੱਖ ਮੰਤਰੀ ਤੇ 92 MLA ਸੰਗਰੂਰ ਵਾਲਿਆਂ ਨੇ ਕੀਤੇ ਢੇਰ : ਜੱਸੀ ਜਸਰਾਜ
Monday, Jun 27, 2022 - 01:31 AM (IST)
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਗੜ੍ਹ ਵਜੋਂ ਜਾਣੀ ਜਾਂਦੀ ਸੰਗਰੂਰ ਲੋਕ ਸਭਾ ਸੀਟ ’ਤੇ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਹਾਰ ਉਦੋਂ ਹੋਰ ਵੀ ਨਾਮੋਸ਼ੀ ਭਰੀ ਹੋ ਜਾਂਦੀ ਹੈ ਜਦੋਂ ਲੋਕ ਸਭਾ ਅਧੀਨ ਆਉਣ ਵਾਲੇ 9 ਵਿਧਾਨ ਸਭਾ ਹਲਕਿਆਂ ’ਚ 9 ਵਿਧਾਇਕ ਹੀ ਆਮ ਆਦਮੀ ਪਾਰਟੀ ਦੀ ਹੋਣ, ਜਿਨ੍ਹਾਂ 'ਚ 2 ਮੰਤਰੀ ਅਤੇ ਖੁਦ ਮੁੱਖ ਮੰਤਰੀ ਸ਼ਾਮਲ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਹਿਜ਼ 3 ਮਹੀਨੇ ਪਹਿਲਾਂ ਪੰਜਾਬ ਦੀਆਂ 117 ਤੋਂ 92 ਵਿਧਾਨ ਸਭਾ ਸੀਟਾਂ ’ਤੇ ਵੱਡੀ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਦੇਸ਼ ਭਰ 'ਚੋਂ ਆਪਣੀ ਇਕਲੌਤੀ ਲੋਕ ਸਭਾ ਸੀਟ ਵੀ ਗੁਆਉਣੀ ਪੈ ਗਈ ਹੈ। ਇੱਥੇ 2014 ਅਤੇ 2019 ਵਿਚ ਲਗਾਤਾਰ 2 ਵਾਰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਚੋਣ ਜਿੱਤ ਚੁੱਕੇ ਹਨ।
ਇਹ ਵੀ ਪੜ੍ਹੋ : ਸੱਤਾ ’ਚ ਰਹਿੰਦਿਆਂ ਉਪ ਚੋਣ ਹਾਰਨ ਵਾਲਿਆਂ ਵਿੱਚ ‘ਆਪ’ ਵੀ ਹੋਈ ਸ਼ਾਮਲ
ਇਸ 'ਤੇ ਪੰਜਾਬੀ ਗਾਇਕ ਜੱਸੀ ਜਸਰਾਜ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕਰਦਿਆਂ ਕਿਹਾ ਕਿ ਇਸ ਜਿੱਤ 'ਤੇ ਸੰਗਰੂਰ ਦੇ ਲੋਕਾਂ ਤੇ ਸਿਮਰਨਜੀਤ ਸਿੰਘ ਮਾਨ ਨੂੰ ਬਹੁਤ-ਬਹੁਤ ਵਧਾਈ। ਆਮ ਆਦਮੀ ਪਾਰਟੀ 3 ਮਹੀਨਿਆਂ 'ਚ ਹੀ ਇੰਨੀ ਛੇਤੀ ਵੱਕਾਰ ਗੁਆ ਬੈਠੇਗੀ, ਕਿਸੇ ਨੂੰ ਇਸ ਗੱਲ ਦੀ ਉਮੀਦ ਨਹੀਂ ਸੀ। 2 ਮੁੱਖ ਮੰਤਰੀਆਂ ਤੋਂ ਲੈ ਕੇ 92 ਵਿਧਾਇਕਾਂ ਤੱਕ ਪੂਰੇ ਸੰਗਰੂਰ 'ਚ ਪ੍ਰਚਾਰ ਕਰਦੇ ਰਹੇ, ਜੋ ਕਿਤੇ ਕੰਮ ਨਾ ਆਇਆ। ਗਾਇਕ ਜੱਸੀ ਨੇ ਕਿਹਾ ਕਿ ਪੂਰਨ ਬਹੁਮਤ ਲੈ ਕੇ ਬਣੀ ਸਰਕਾਰ 3 ਮਹੀਨਿਆਂ 'ਚ ਵਿੱਚ ਹੀ ਆਪਣਾ ਵੱਕਾਰ ਨਹੀਂ ਬਚਾ ਸਕੀ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ