ਸ਼੍ਰੀਨਗਰ ''ਚ ਹੋਈਆਂ ਅੱਤਵਾਦੀ ਵਾਰਦਾਤਾਂ ਦੀ ''ਆਪ'' ਵਲੋਂ ਨਿੰਦਾ

Friday, Oct 08, 2021 - 07:42 PM (IST)

ਸ਼੍ਰੀਨਗਰ ''ਚ ਹੋਈਆਂ ਅੱਤਵਾਦੀ ਵਾਰਦਾਤਾਂ ਦੀ ''ਆਪ'' ਵਲੋਂ ਨਿੰਦਾ

ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਜੰਮੂ-ਕਸ਼ਮੀਰ 'ਚ ਘੱਟ ਗਿਣਤੀ ਵਰਗ ਦੇ ਦੋ ਸਕੂਲੀ ਅਧਿਆਪਕਾਂ ਦੇ ਕੀਤੇ ਨਿਰਦਈ ਕਤਲ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਦੁਖਦਾਈ ਦੱਸਿਆ ਹੈ। ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ 'ਚ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਦੀ ਅਗਵਾਈ ’ਚ ਕਸ਼ਮੀਰ 'ਚ ਹਿੰਸਕ ਘਟਨਾਵਾਂ ਵਧ ਰਹੀਆਂ ਹਨ ਅਤੇ ਕੇਂਦਰ ਸਰਕਾਰ ਵਾਦੀ ’ਚ ਲੋਕਾਂ ਨੂੰ ਸੁਰੱਖਿਆ ਮੁਹਈਆ ਕਰਾਉਣ 'ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। 

ਇਹ ਵੀ ਪੜ੍ਹੋ : ਕਸ਼ਮੀਰ 'ਚ ਕਤਲੇਆਮ 'ਤੇ ਘੱਟਗਿਣਤੀ ਕਮਿਸ਼ਨ ਨੇ ਮੰਗੀ ਮੁੱਖ ਸਕੱਤਰ ਤੋਂ ਰਿਪੋਰਟ

ਹਰਪਾਲ ਸਿੰਘ ਚੀਮਾ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਕਿਹਾ ਕਿ ਪਿਛਲੇ ਪੰਜ ਦਿਨਾਂ 'ਚ ਸੱਤ ਨਾਗਰਿਕਾਂ ਨੂੰ ਮਿੱਥ ਕੇ ਕਤਲ ਕੀਤਾ ਗਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ 'ਚ ਘੱਟ ਗਿਣਤੀ ਲੋਕਾਂ ਦੀ ਰੱਖਿਆ ਕਰਨ 'ਚ ਪੂਰੀ ਤਰ੍ਹਾਂ ਨਾਲ ਫੇਲ ਹੋਈ ਹੈ। ਜਦੋਂ ਕਿ ਮੋਦੀ ਸਰਕਾਰ ਨੇ ਧਾਰਾ 370 ਰੱਦ ਕਰਕੇ ਅਤੇ ਨੋਟਬੰਦੀ ਲਾਗੂ ਕਰਕੇ ਜੰਮੂ- ਕਸ਼ਮੀਰ 'ਚ ਸ਼ਾਂਤੀ ਸਥਾਪਤ ਕਰਨ ਦਾ ਦਾਅਵਾ ਕੀਤਾ ਸੀ, ਪਰ ਸਰਕਾਰ ਅੱਤਵਾਦ ’ਤੇ ਕਾਬੂ ਪਾਉਣ 'ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਨਾਗਰਿਕਾਂ ਦੇ ਕਤਲ ’ਤੇ ਮੌਨ ਧਾਰ ਲਿਆ ਹੈ। 

ਇਹ ਵੀ ਪੜ੍ਹੋ : ਫਾਈਜ਼ਰ ਨੇ ਅਮਰੀਕਾ ਤੋਂ 5 ਤੋਂ 11 ਸਾਲ ਦੇ ਬੱਚਿਆਂ ਨੂੰ ਕੋਵਿਡ-19 ਟੀਕਾ ਲਾਉਣ ਦੀ ਮੰਗੀ ਇਜ਼ਾਜਤ

ਚੀਮਾ ਨੇ ਕਿਹਾ ਕਿ ਰਾਸ਼ਟਰਵਾਦੀ ਪ੍ਰਧਾਨ ਮੰਤਰੀ ਹੋਣ ਦਾ ਝੂਠਾ ਦਾਅਵਾ ਕਰਨ ਵਾਲੇ ਨਰਿੰਦਰ ਮੋਦੀ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ, ਕਿਉਂਕਿ ਕਸ਼ਮੀਰ ਵਾਦੀ 'ਚ ਅੱਤਵਾਦੀ ਘਟਨਾਵਾਂ ਦਾ ਵਾਪਰਨਾ ਇੱਕ ਗੰਭੀਰ ਮੁੱਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਵੇ ਅਤੇ ਅੱਤਵਾਦੀਆਂ ਨੂੰ ਕਰਾਰਾ ਜਵਾਬ ਦੇ ਕੇ ਜੰਮੂ-ਕਸ਼ਮੀਰ, ਦੇਸ਼ ਅਤੇ ਦੇਸ਼ਵਾਦੀਆਂ ਦੀ ਰੱਖਿਆ ਲਾਜ਼ਮੀ ਕੀਤੀ ਜਾਵੇ, ਕਿਉਂਕਿ ਵਾਦੀ 'ਚ ਸੰਪਰਦਾਇਕ ਤਣਾਅ ਵਧਾਉਣ ਤੋਂ ਇਲਾਵਾ ਘੱਟ ਗਿਣਤੀ ਵਰਗਾਂ 'ਚ ਡਰ ਦੀ ਭਾਵਨਾ ਵੀ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : UK : ਮਾਨਸਿਕ ਬਿਮਾਰੀਆਂ ਵਾਲੇ ਲੋਕਾਂ ਦੀ ਸਹਾਇਤਾ ਲਈ ਮਨੋਵਿਗਿਆਨੀਆਂ ਦੀ ਘਾਟ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਕਸ਼ਮੀਰ 'ਚ ਅਮਨ-ਸ਼ਾਂਤੀ ਕਾਇਮ ਰੱਖਣ 'ਚ ਨਾਕਾਮ ਰਹੀ ਹੈ ਅਤੇ ਨਾਲ-ਨਾਲ ਦੇਸ਼ ਦੇ ਹੋਰਨਾਂ ਸੂਬਿਆਂ 'ਚ ਵੀ ਧਰਮ, ਜਾਤ ਅਤੇ ਖੇਤਰਵਾਦ ਦੇ ਨਾਂ ’ਤੇ ਨਫ਼ਰਤ ਦੇ ਬੀਜ ਬੀਜਣ ਦਾ ਕੋਈ ਮੌਕਾ ਨਹੀਂ ਛੱਡ ਰਹੀ। ਚੀਮਾ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਈਚਾਰਕ ਸਾਂਝ ਬਣਾ ਕੇ ਰੱਖਣ ਅਤੇ ਨਫ਼ਰਤ ਤੇ ਅੱਤਵਾਦ ਫੈਲਾਉਣ ਵਾਲੀਆਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News