ਜਲੰਧਰ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ ਭਰਿਆ ਨਾਮਜ਼ਦਗੀ ਪੱਤਰ, CM ਮਾਨ ਵੀ ਰਹੇ ਮੌਜੂਦ
Monday, Apr 17, 2023 - 06:32 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਅੱਜ ਆਪਣੀ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਭਰ ਦਿੱਤੇ ਗਏ ਹਨ। ਸੁਸ਼ੀਲ ਕੁਮਾਰ ਰਿੰਕੂ ਵੱਲੋਂ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਜਲੰਧਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਗਾ ਰੋਡ ਸ਼ੋਅ ਕੀਤਾ ਗਿਆ। ਸੁਸ਼ੀਲ ਰਿੰਕੂ ਦੇ ਹੱਕ ਵਿਚ ਕੀਤੇ ਜਾ ਰਹੇ ਰੋਡ ਸ਼ੋਅ ਦੌਰਾਨ ਸਣੇ ਹੋਰ ਵੀ ਕਈ ਸੀਨੀਅਰ ਲੀਡਰ ਮੌਜੂਦ ਹਨ। ਰਿੰਕੂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ 'ਆਪ' ਲੀਡਰਸ਼ਿਪ ਦੇ ਨਾਲ ਗਏ।
ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ, ਜਿਨ੍ਹਾਂ ਨੂੰ ਜ਼ਿਮਨੀ ਚੋਣ ਲਈ ਪਾਰਟੀ ਦਾ ਇੰਚਾਰਜ ਬਣਾਇਆ ਗਿਆ ਹੈ ਅਤੇ ਹੋਰ ਮੰਤਰੀ ਅਤੇ ਲੀਡਰਸ਼ਿਪ ਸੁਸ਼ੀਲ ਰਿੰਕੂ ਦੇ ਨਾਲ ਅੱਜ ਡੀ. ਸੀ. ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਗਏ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੂੰ ਨਾਮਜ਼ਗਦਗੀ ਪੱਤਰ ਭਰ ਕੇ ਦਿੱਤਾ। ਰੋਡ ਸ਼ੋਅ ਦੌਰਾਨ ਭਗਵੰਤ ਮਾਨ ਨੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਨੂੰ ਵੋਟ ਨਾ ਪਾਉਣ ਅਤੇ ਲੋਕ ਪੱਖੀ ਆਵਾਜ਼ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ 'ਅੰਦਰੂਨੀ ਗੜਬੜ' ਵਿਕਾਸ ਦੇ ਰਾਹ ਵਿੱਚ ਰੋੜਾ ਹੈ। ਆਮ ਆਦਮੀ ਪਾਰਟੀ ਇਮਾਨਦਾਰ ਲੀਡਰਾਂ ਨੂੰ ਅੱਗੇ ਲਿਆਉਂਦੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਵਿਕਾਸ ਕਿਵੇਂ ਕਰਨਾ ਹੈ, ਸਕੂਲ, ਹਸਪਤਾਲ ਅਤੇ ਮੁਹੱਲਾ ਕਲੀਨਿਕ ਕਿਵੇਂ ਬਣਾਉਣੇ ਹਨ, ਬਿਜਲੀ ਕਿਵੇਂ ਮੁਫਤ ਕਰਨੀ ਹੈ ਅਤੇ ਰੁਜ਼ਗਾਰ ਕਿਵੇਂ ਦੇਣਾ ਹੈ।
ਇਹ ਵੀ ਪੜ੍ਹੋ : ਸੁਸ਼ੀਲ ਰਿੰਕੂ ਦੇ ਹੱਕ 'ਚ CM ਮਾਨ ਦੀ ਅਗਵਾਈ 'ਚ 'ਆਪ' ਦਾ ਜਲੰਧਰ 'ਚ 'ਮੈਗਾ ਰੋਡ ਸ਼ੋਅ'
ਮਾਨ ਨੇ ਕਿਹਾ ਕਿ ‘ਆਪ’ ਨੇ ਦਿੱਲੀ ਵਿੱਚ ਨਗਰ ਨਿਗਮ ਚੋਣਾਂ ਜਿੱਤ ਕੇ ਆਪਣਾ ਮੇਅਰ ਬਣਾ ਲਿਆ ਹੈ, ਹੁਣ ਕੂੜੇ ਦੇ ਪਹਾੜ ਸਾਫ਼ ਕੀਤੇ ਜਾ ਰਹੇ ਹਨ, ਕਿਉਂਕਿ ਆਮ ਆਦਮੀ ਪਾਰਟੀ ਕੰਮ ਕਰਵਾਉਣਾ ਜਾਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੈ, ਜਲੰਧਰ ਦੇ ਕੌਂਸਲਰ ‘ਆਪ’ ਨੂੰ ਸਮਰਥਨ ਦੇ ਰਹੇ ਹਨ ਅਤੇ ਸੁਸ਼ੀਲ ਰਿੰਕੂ ਨੂੰ ਲੋਕਾਂ ਵੱਲੋਂ ਆਪਣਾ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਸ਼ਹਿਰ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣਗੇ। ਮਾਨ ਨੇ ਕਿਹਾ ਕਿ ਜਲੰਧਰ ਸਮਾਰਟ ਸਿਟੀ ਸਕੀਮ ਅਧੀਨ ਆਉਂਦਾ ਹੈ ਪਰ ਇੱਥੇ ਕੋਈ ਵਿਕਾਸ ਨਹੀਂ ਹੋਇਆ ਕਿਉਂਕਿ ਰਵਾਇਤੀ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਵਿੱਚ ਇਰਾਦੇ ਦੀ ਘਾਟ ਹੈ।
ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਆਪਣੇ ਐਲਾਨ ਦੇ 20 ਦਿਨਾਂ ਦੇ ਅੰਦਰ ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਦੀ ਰਾਸ਼ੀ ਵੰਡਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ, ਜਦੋਂ ਮੈਂ ਮੁਆਵਜ਼ੇ ਦਾ ਐਲਾਨ ਕੀਤਾ ਸੀ ਤਾਂ ਵਿਰੋਧੀ ਧਿਰ ਨੇ ਕਿਹਾ ਕਿ 20 ਦਿਨਾਂ ਵਿੱਚ ਦੇਣਾ ਸੰਭਵ ਨਹੀਂ ਹੈ, ਜਦੋਂ ਅਸੀਂ ਕੀਤਾ ਤਾਂ ਉਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ, ਅਸੀਂ ਉਨ੍ਹਾਂ ਨੂੰ ਚੈੱਕ ਅਤੇ ਪੈਸੇ ਦਿਖਾਏ, ਹੁਣ ਉਹ ਕਹਿ ਰਹੇ ਹਨ ਕਿ ਇਹ ਸਭ ਤੱਕ ਨਹੀਂ ਪਹੁੰਚਿਆ। ਮਾਨ ਨੇ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਆਰਥਿਕ ਨੁਕਸਾਨ ਝੱਲ ਰਹੇ ਕਿਸਾਨ ਧੀਰਜ ਰੱਖਣ, ਇਹ ਪੈਸਾ ਸਾਰੇ ਕਿਸਾਨਾਂ ਤੱਕ ਪਹੁੰਚ ਜਾਵੇਗਾ। ਉਨ੍ਹਾਂ ਅੱਗੇ ਕਿਹਾ, ਅਸੀਂ ਤੁਹਾਡੇ ਵਰਗੇ ਹਾਂ ਅਤੇ ਤੁਹਾਡੇ ਨਾਲ ਹਾਂ। ਅਸੀਂ ਹਰ ਰੋਜ਼ ਲੋਕ ਪੱਖੀ ਫੈਸਲੇ ਲੈਂਦੇ ਰਹਾਂਗੇ ਅਤੇ 3-4 ਹੋਰ ਵੱਡੇ ਐਲਾਨ ਹੋਣ ਵਾਲੇ ਹਨ। ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕ ਇਤਿਹਾਸ ਰਚਣਗੇ ਅਤੇ ਜਦ ਇਹ ਲਿਖਿਆ ਜਾਵੇਗਾ ਕਿ ਇਹ ਕ੍ਰਾਂਤੀ ਪੂਰੇ ਦੇਸ਼ ਵਿੱਚ ਫੈਲੀ, ਇਸਦੀ ਸ਼ੁਰੂਆਤ 2022 ਵਿੱਚ ਪੰਜਾਬ ਵਿਚ ਹੋਈ ਸੀ, ਜਲੰਧਰ ਇਸ ਕ੍ਰਾਂਤੀ ਦੇ ਸ਼ੁਰੂਆਤੀ ਕੇਂਦਰਾਂ ‘ਚੋਂ ਇੱਕ ਸੀ।
'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਇਹ ਜ਼ਿੰਮੇਵਾਰੀ ਸੌਂਪਣ ਲਈ ਧੰਨਵਾਦ ਕੀਤਾ। ਉਨ੍ਹਾਂ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਜਲੰਧਰ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ, ਜਿਹੜੇ ਰਿੰਕੂ ਨੂੰ ਸਮਰਥਨ ਦੇਣ ਲਈ ਵੱਡੀ ਗਿਣਤੀ 'ਚ ਇਕੱਠੇ ਹੋਏ।
ਇਹ ਵੀ ਪੜ੍ਹੋ : ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਲੰਧਰ ਨੂੰ ਮਿਲੇ 900 ਕਰੋੜ ਤੋਂ ਵਧੇਰੇ ਰੁਪਏ, ਸਰਵੇ ਰਿਪੋਰਟ 'ਚ ਹੋਇਆ ਵੱਡਾ ਖ਼ੁਲਾਸਾ
ਅਰਵਿੰਦ ਕੇਜਰੀਵਾਲ 20 ਅਪ੍ਰੈਲ ਨੂੰ ਜਲੰਧਰ ਵਿੱਚ ਸੁਸ਼ੀਲ ਰਿੰਕੂ ਲਈ ਚੋਣ ਪ੍ਰਚਾਰ ਕਰਨਗੇ
ਜਲੰਧਰ ਦੇ ਲੋਕਾਂ ਨੂੰ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਕਰਾਂ ਅਤੇ ਸਮਰਥਕਾਂ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 20 ਅਪ੍ਰੈਲ ਨੂੰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਜਲੰਧਰ ਪਹੁੰਚਣਗੇ। ਉਨ੍ਹਾਂ ਲੋਕਾਂ ਨੂੰ ਚੋਣਾਂ ਵਿੱਚ ਇਸੇ ਤਰ੍ਹਾਂ ਆਪਣਾ ਸਮਰਥਨ ਅਤੇ ਉਤਸ਼ਾਹ ਵਿਖਾਉਣ ਦੀ ਅਪੀਲ ਕਰਦਿਆਂ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ।
ਦੱਸਣਯੋਗ ਹੈ ਕਿ ਜਲੰਧਰ ਲੋਕ ਸਭਾ ਸੀਟ ’ਤੇ ਜ਼ਿਮਨੀ ਚੋਣ 10 ਮਈ ਨੂੰ ਹੋਵੇਗੀ ਅਤੇ 13 ਮਈ ਨੂੰ ਇਸ ਦਾ ਨਤੀਜਾ ਐਲਾਨਿਆ ਜਾਵੇਗਾ। ਯਾਦ ਰਹੇ ਕਿ ਕਾਂਗਰਸ ਵੱਲੋਂ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਨੂੰ ਇਥੋਂ ਉਮੀਦਵਾਰ ਐਲਾਨਿਆ ਗਿਆ ਹੈ। ਜਦਕਿ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।
ਇਹ ਵੀ ਪੜ੍ਹੋ : ਸਪੇਨ ਗਏ ਪੁੱਤ ਦੀ ਘਰ ਪਰਤੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗਮਗੀਨ ਮਾਹੌਲ 'ਚ ਹੋਇਆ ਸਸਕਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।