ਗਿੱਲ ਨੂੰ ਸ਼ਰਧਾਂਜਲੀ ਭੇਟ ਕਰ ਕੇ ਕਾਂਗਰਸ, ਭਾਜਪਾ ਤੇ ਆਪ ਵਿਧਾਇਕਾਂ ਨੇ ਸਿੱਖ ਭਾਵਨਾਵਾਂ ਦਾ ਅਪਮਾਨ ਕੀਤਾ
Thursday, Jun 15, 2017 - 06:57 AM (IST)
ਜਲੰਧਰ (ਚਾਵਲਾ) - ਦਲ ਖ਼ਾਲਸਾ ਦਾ ਮੰਨਣਾ ਹੈ ਕਿ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਕੇ. ਪੀ. ਐੱਸ. ਗਿੱਲ ਨੂੰ ਸ਼ਰਧਾਂਜਲੀ ਭੇਟ ਕਰ ਕੇ ਵਿਧਾਇਕਾਂ ਨੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ ਅਤੇ ਸਰਕਾਰੀ ਤਸ਼ੱਦਦ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਸ਼ਿਕਾਰ ਹੋਏ ਲੋਕਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਹੈ। ਸਖਤ ਸ਼ਬਦਾਂ ਵਿਚ ਬਿਆਨ ਜਾਰੀ ਕਰਦਿਆਂ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਤੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਗਿੱਲ ਸ਼ਰਧਾਂਜਲੀ ਜਾਂ ਸਤਿਕਾਰ ਦਾ ਹੱਕਦਾਰ ਨਹੀਂ।
ਉਨ੍ਹਾਂ ਦੋਸ਼ ਲਾਇਆ ਕਿ ਵਿਧਾਨ ਸਭਾ ਵਿਚ ਉਸ ਵਿਅਕਤੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਜਿਸ ਨੇ ਕਾਨੂੰਨ ਦੇ ਘੇਰੇ ਤੋਂ ਬਾਹਰ ਜਾ ਕੇ ਮਿਲੇ ਹੱਕਾਂ ਦੀ ਨਾਜਾਇਜ਼ ਵਰਤੋਂ ਕਰਦਿਆਂ ਲੋਕਾਂ ਦਾ ਕਤਲੇਆਮ ਕਰਵਾਇਆ। 'ਆਪ' ਦੇ ਵਿਧਾਇਕਾਂ 'ਤੇ ਸਖਤ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਦਾ ਵਿਰੋਧ ਨਾ ਕਰ ਕੇ ਅਤੇ ਸੈਸ਼ਨ ਤੋਂ ਵਾਕਆਊਟ ਨਾ ਕਰ ਕੇ ਐਡਵੋਕੇਟ ਐੱਚ. ਐੱਸ. ਫੂਲਕਾ ਅਤੇ ਉਨ੍ਹਾਂ ਦੇ ਪਾਰਟੀ ਵਿਧਾਇਕਾਂ ਨੇ ਮਨੁੱਖੀ ਅਧਿਕਾਰਾਂ ਦੇ ਮੰਚ 'ਤੇ ਕੀਤੇ ਆਪਣੇ ਸਾਰੇ ਚੰਗੇ ਕੰਮਾਂ 'ਤੇ ਪ੍ਰਸ਼ਨਚਿੰਨ੍ਹ ਲਵਾ ਲਿਆ ਹੈ। ਉਨ੍ਹਾਂ ਕਿਹਾ ਕਿ ਗਿੱਲ ਨੂੰ ਸ਼ਰਧਾਂਜਲੀ ਭੇਟ ਕਰ ਕੇ ਕਾਂਗਰਸ, ਭਾਜਪਾ ਅਤੇ ਆਪ ਵਿਧਾਇਕਾਂ ਨੇ ਸਿੱਖ ਭਾਵਨਾਵਾਂ ਦਾ ਅਪਮਾਨ ਕੀਤਾ ਹੈ।
ਦੂਜੇ ਪਾਸੇ ਵਿਧਾਨ ਸਭਾ ਵਿਚੋਂ ਰੋਸ ਜਤਾਉਂਦਿਆਂ ਵਾਕਆਊਟ ਕਰਨ ਲਈ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਲੋਕ ਇਨਸਾਫ ਪਾਰਟੀ ਦੀ ਸਿਫਤ ਕੀਤੀ। ਉਨ੍ਹਾਂ ਵਿਅੰਗ ਕੱਸਦਿਆਂ ਕਿਹਾ ਕਿ ਵੈਸੇ ਅਕਾਲੀ ਬਹੁਤ ਘੱਟ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹਨ। ਸਿੱਖ ਭਾਵਨਾਵਾਂ ਪ੍ਰਤੀ ਵਿਰੋਧੀ ਰਵੱਈਆ ਅਖਤਿਆਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਪਹਿਲਾਂ ਕੇ. ਪੀ. ਐੱਸ. ਗਿੱਲ ਦਾ ਹਾਲ ਚਾਲ ਪੁੱਛਣ ਗਿਆ ਅਤੇ ਬਾਅਦ ਵਿਚ ਉਸਦੇ ਭੋਗ 'ਤੇ ਗਿਆ। ਪੰਜਾਬ ਦੇ ਲੋਕਾਂ ਨੇ ਕੈਪਟਨ ਦੇ ਇਨ੍ਹਾਂ ਦੋਵਾਂ ਕਦਮਾਂ ਦਾ ਬਹੁਤ ਬੁਰਾ ਮਨਾਇਆ ਸੀ। ਉਨ੍ਹਾਂ ਕਿਹਾ ਕਿ ਹੁਣ ਤਾਂ ਸਾਰੇ ਹੱਦ ਬੰਨੇ ਟੱਪ ਕੇ ਵਿਧਾਨ ਸਭਾ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਜ਼ਿੰਮੇਵਾਰ ਅਤੇ ਸਿੱਖ ਨੌਜਵਾਨਾਂ ਦਾ ਕਾਤਲ ਸਮਝੇ ਜਾਂਦੇ ਵਿਅਕਤੀ ਨੂੰ ਸ਼ਰਧਾਂਜਲੀ ਦੇ ਕੇ ਕੈਪਟਨ ਦੀ ਅਗਵਾਈ ਹੇਠ ਵਿਧਾਇਕਾਂ ਨੇ ਗਿੱਲ ਦੀ ਕਮਾਂਡ ਹੇਠ ਕੀਤੇ ਗਏੇ ਜਬਰੀ ਲਾਪਤਾ, ਝੂਠੇ ਮੁਕਾਬਲੇ ਅਤੇ ਅਣਮਨੁੱਖੀ ਤਸ਼ੱਦਦ ਨੂੰ ਜਾਇਜ਼ ਠਹਿਰਾਇਆ ਹੈ।
