ਬੁਰਜ ਜਵਾਹਰ ਸਿੰਘ ਵਾਲਾ ਪਹੁੰਚੀ ‘ਆਪ’, ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੀਤੀ ਅਰਦਾਸ, ਸਰਕਾਰ ’ਤੇ ਮੜ੍ਹੇ ਵੱਡੇ ਦੋਸ਼

Tuesday, Jun 01, 2021 - 06:38 PM (IST)

ਜੈਤੋ (ਗੁਰਮੀਤਪਾਲ) : ਬੁਰਜ ਜਵਾਹਰ ਸਿੰਘ ਵਾਲਾ ’ਚ ਸ੍ਰੀ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਣ ਦਾ ਛੇਵੇਂ ਸਾਲ ਵੀ ਇਨਸਾਫ ਨਾ ਮਿਲਣ ਕਰਕੇ ਅੱਜ ਆਮ ਆਦਮੀ ਪਾਰਟੀ ਦੀ ਸੂਬਾਈ ਲੀਡਰਸ਼ਿਪ ਵੱਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਦੋਸ਼ੀਆਂ ਨੂੰ ਸਜ਼ਾਵਾਂ, ਸਰਬੱਤ ਦੇ ਭਲੇ ਅਤੇ ਪੰਜਾਬ ਦੇ ਬਿਹਤਰ ਭਵਿੱਖ ਦੀ ਕਾਮਨਾ ਸਹਿਤ ਅਰਦਾਸ ਕੀਤੀ ਗਈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਬੀਬੀ ਸਰਬਜੀਤ ਕੌਰ ਮਾਣੂੰਕੇ, ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ, ਪ੍ਰੋਫੈਸਰ ਸਾਧੂ ਸਿੰਘ ਸਾਬਕਾ ਐੱਮ. ਪੀ., ਬੀਬੀ ਬਲਜਿੰਦਰ ਕੌਰ ਵਿਧਾਇਕ ਤਲਵੰਡੀ ਸਾਬੋ, ਮਾਸਟਰ ਬਲਦੇਵ ਸਿੰਘ ਜੈਤੋ ਅਤੇ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਦੀ ਅਗਵਾਈ ਹੇਠ ਆਪ ਆਗੂਆਂ ਨੇ ਬੁਰਜ ਜਵਾਹਰ  ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਬੇਨਤੀ ਕੀਤੀ ਗਈ। ਇਸ ਉਪਰੰਤ ਬਹਿਬਲ ਗੋਲੀ ਕਾਂਡ ’ਚ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਗ੍ਰਹਿ ਉਨ੍ਹਾਂ ਦੇ ਸਪੁੱਤਰ ਸੁਖਰਾਜ ਸਿੰਘ ਅਤੇ ਪਿੰਡ ਸਰਾਵਾਂ ਵਿਖੇ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੇ ਪਿਤਾ ਸਰਦਾਰ ਸਾਧੂ ਸਿੰਘ ਨਾਲ ਬੇਅਦਬੀ ਅਤੇ ਬਹਿਬਲ ਕਾਂਡ ਸਬੰਧੀ ਸਰਕਾਰਾਂ ਦੀ ਕਾਰਗੁਜ਼ਾਰੀ ਸਬੰਧੀ ਗੱਲਬਾਤ ਕੀਤੀ ਗਈ। ਇਸ ਉਪਰੰਤ ਬਰਗਾੜੀ ਵਿਖੇ ਆਪ ਆਗੂ ਜਸਮੇਲ ਸਿੰਘ ਕਾਕਾ ਬਰਾੜ ਦੇ ਗ੍ਰਹਿ ਵਿਖੇ ਪੱਤਰਕਾਰ ਵਾਰਤਾ ਦੌਰਾਨ ਸਰਦਾਰ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਲੰਬਾ ਅਰਸਾ ਬੀਤ ਜਾਣ ਉਪਰੰਤ ਕਈ ਜਾਂਚ ਕਮਿਸ਼ਨ ਬਣੇ ਹਨ। ਸਿੱਟ ਬਣਨ ਦੇ ਬਾਵਜੂਦ ਇਨਸਾਫ ਦੀ ਕਿਰਨ ਬੇਸਿੱਟਾ ਰਹਿਣਾ ਸਾਬਤ ਕਰਦਾ ਹੈ ਕਿ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀਆਂ ਬੇਹੱਦ ਦੁਖਦਾਈ ਘਟਨਾਵਾਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਕੈਪਟਨ ਸਰਕਾਰ ਵੀ ਸੁਹਿਰਦ ਨਹੀਂ ਹੈ।

ਇਹ ਵੀ ਪੜ੍ਹੋ : ਕਾਂਗਰਸੀਆਂ ਨੇ ਆਪਣੀ ਅੰਦਰੂਨੀ ਲੜਾਈ ਦੇ ਚਲਦਿਆਂ ਜਨਤਾ ਨੂੰ ਛੱਡਿਆ ਰਾਮ ਭਰੋਸੇ: ਅਸ਼ਵਨੀ ਸ਼ਰਮਾ

ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਦੋ ਸਿੱਖਾਂ ਦੇ ਕਤਲ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਪੰਜਾਬ ਵਾਸੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇਨਸਾਫ਼ ਨਹੀਂ ਦੇਣਾ ਚਾਹੁੰਦੀ। ਸਗੋਂ ਇਸ ਮਾਮਲੇ 'ਤੇ ਨਵੀਂ ਤੋਂ ਨਵੀ ਵਿਸ਼ੇਸ਼ ਜਾਂਚ ਕਮੇਟੀ (ਸਿੱਟ) ਬਣਾ ਕੇ ਮਾਮਲੇ ਨੂੰ ਲਮਕਾਉਣ ਦੀ ਕੋਸ਼ਿਸ ਕਰ ਰਹੀ ਹੈ ਤਾਂ ਜੋ ਮੁੱਖ ਦੋਸ਼ੀਆਂ ਦੇ ਦਾਗ ਧੋਤੇ ਜਾਣ। ਆਪ ਆਗੂਆਂ ਨੇ ਕਿਹਾ ਕਿ ਸਾਲ 2015 'ਚ ਅਕਾਲੀ ਦਲ ਬਾਦਲ ਦੇ ਰਾਜ ਦੌਰਾਨ ਬਰਗਾੜੀ ਵਿਖੇ ਇੱਕ ਸਾਜਿਸ਼ ਦੇ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ। ਇਸ ਬੇਅਦਬੀ ਦੇ ਖ਼ਿਲਾਫ਼ ਸ਼ਾਂਤਮਈ ਧਰਨਾ ਦੇ ਰਹੀ ਸਿੱਖ ਸੰਗਤ 'ਤੇ ਪੁਲਸ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਇਸ ਗੋਲੀਬਾਰੀ 'ਚ ਦੋ ਸਿੱਖ ਨੌਜਵਾਨ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 'ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦੌਰਾਨ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ (ਅਮਰਿੰਦਰ ਸਿੰਘ) ਮੁੱਖ ਮੰਤਰੀ ਬਣਦੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਾਜਿਸ਼ ਕਰਤਾ ਅਤੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾ ਜ਼ਰੂਰ ਦਿਵਾਉਣਗੇ। ਆਪ ਆਗੂਆਂ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਸਾਢੇ ਚਾਰ ਸਾਲ ਦੇ ਲਗਭਗ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਪਤੀ ਦੇ ਸਾਜਿਸ਼ ਕਰਤਾ ਤੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾ ਨਹੀਂ ਦਿਵਾਈ, ਕਿਉਂਕਿ ਕੈਪਟਨ ਸਰਕਾਰ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਮੋਹਰਿਆਂ ਨੂੰ ਬਚਾਉਣ ਦੇ ਰਾਹ ’ਤੇ ਚੱਲ ਰਹੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣ’ਤੇ ਜਾਣੋ ਕੀ ਬੋਲੇ ਹਰੀਸ਼ ਰਾਵਤ

ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 2015 ਤੋਂ ਹੁਣ ਤੱਕ ਸੱਤ ਜਾਂਚ ਕਮੇਟੀਆਂ ਬਣਾਈਆਂ ਜਾ ਚੁੱਕੀਆਂ ਹਨ, ਜਦੋਂ ਕਿ ਦੋ ਕਮਿਸ਼ਨ, ਤਿੰਨ ਸਿੱਟ , ਸੀ. ਬੀ. ਆਈ. ਦੀ ਜਾਂਚ ਵੀ ਇਨਸਾਫ਼ ਦਿਵਾਉਣ ’ਚ ਅਸਫਲ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਸੀ. ਬੀ. ਆਈ. ਤੋਂ ਕੇਸ ਵਾਪਸ ਲੈਣ ਤੋਂ ਬਾਅਦ ਸੀਨੀਅਰ ਪੁਲਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਦੀ ਰਿਪੋਰਟ ਤੋਂ ਮੂੰਹ ਕਿਉਂ ਮੋੜ ਰਹੀ ਹੈ। ਹਾਈਕੋਰਟ ਦੇ ਸਿੰਗਲ ਬੈਂਚ ਵੱਲੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਜਾਂਚ ਕਮੇਟੀ ਦੀ ਰਿਪੋਰਟ ਰੱਦ ਕਰਨ ਤੋਂ ਤੁਰੰਤ ਬਾਅਦ ਕੈਪਟਨ ਸਰਕਾਰ ਹਾਈਕੋਰਟ ਦੇ ਡਬਲ ਬੈਂਚ ਕੋਲ ਕਿਉਂ ਨਹੀਂ ਗਈ। ਸਰਕਾਰ ਚੁੱਪ ਕਿਉਂ ਬੈਠੀ ਰਹੀ। ਕੁਲਤਾਰ ਸਿੰਘ ਸੰਧਵਾਂ ਨੇ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੇ ਭਰਾ ਜਗਦੀਪ ਸਿੰਘ ਵਲੋਂ ਕਲਰਕ ਦੀ ਪੋਸਟ ਲਈ ਕੀਤੀਆਂ ਬੇਨਤੀਆਂ ਦੀ ਕਾਪੀ ਵਿਖਾਉਂਦੇ ਹੋਏ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ, ਭੱਠਲ ਦੇ ਪਰਿਵਾਰ , ਵਿਧਾਇਕਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਲਈ ਕਿਸੇ ਨਿਯਮਾਂ ਦੀ ਪਰਵਾਹ ਨਹੀਂ ਕਰ ਰਹੀ। ਦੂਸਰੇ ਪਾਸੇ ਸ਼ਹੀਦ ਪਰਿਵਾਰ ਵੱਲੋਂ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਮਿਲਣ ਦੇ ਬਾਵਜੂਦ ਮਾਮੂਲੀ ਟਾਈਪਿੰਗ ਟੈਸਟ ਤੋਂ ਵੀ  ਛੋਟ ਨਹੀਂ ਦਿੱਤੀ ਗਈ। ਇਸ ਮੌਕੇ ਕਿਸਾਨ ਵਿੰਗ ਦੇ ਸੂਬਾ ਉਪ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ, ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ, ਜ਼ਿਲ੍ਹਾ ਯੂਥ ਪ੍ਰਧਾਨ ਅਮੋਲਕ ਸਿੰਘ, ਜ਼ਿਲ੍ਹਾ ਪ੍ਰਧਾਨ ਬਠਿੰਡਾ ਨੀਲ ਗਰਗ, ਅਵਤਾਰ ਸਿੰਘ ਸਹੋਤਾ,ਗੁਰਭੇਜ ਸਿੰਘ ਬਰਾੜ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਨੂੰ ਰਾਹਤ, ਪ੍ਰਸ਼ਾਸਨ ਨੇ ਬਦਲਿਆ ਦੁਕਾਨਾਂ ਬੰਦ ਕਰਨ ਦਾ ਸਮਾਂ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor

Related News