''ਆਪ'' ਤੇ ''ਲਿਪ'' ਵਿਚ ਲੁਧਿਆਣਾ ਚੋਣਾਂ ਨੂੰ ਲੈ ਕੇ ਬਣੀ ਸਹਿਮਤੀ, ਐਲਾਨ ਅੱਜ ਸੰਭਵ
Saturday, Feb 03, 2018 - 06:40 AM (IST)
ਚੰਡੀਗੜ੍ਹ (ਰਮਨਜੀਤ) - ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਤੇ ਲੋਕ ਇਨਸਾਫ਼ ਪਾਰਟੀ (ਲਿਪ) ਵਿਚਕਾਰ ਉਮੀਦਵਾਰਾਂ ਨੂੰ ਤੈਅ ਕਰਨ ਸਬੰਧੀ ਚੱਲ ਰਹੀਆਂ ਬੈਠਕਾਂ ਦਾ ਦੌਰ ਖਤਮ ਹੋ ਗਿਆ ਹੈ। ਪਤਾ ਲੱਗਾ ਹੈ ਕਿ ਪਾਰਟੀਆਂ ਦੇ ਨੇਤਾਵਾਂ ਵਿਚਕਾਰ ਅੱਧੀਆਂ-ਅੱਧੀਆਂ ਸੀਟਾਂ 'ਤੇ ਸਹਿਮਤੀ ਬਣ ਗਈ ਹੈ ਪਰ ਅਜੇ ਇਹ ਤੈਅ ਨਹੀਂ ਹੋ ਸਕਿਆ ਹੈ ਕਿ ਇਕ ਵਧੀ ਹੋਈ ਸੀਟ ਕਿਸ ਦੇ ਖਾਤੇ ਵਿਚ ਆਵੇਗੀ ਕਿਉਂਕਿ ਆਪ ਦੇ ਨੇਤਾ ਉਸ ਨੂੰ ਆਪਣੀ ਦੱਸ ਰਹੇ ਹਨ, ਜਦਕਿ ਲੋਕ ਇਨਸਾਫ਼ ਪਾਰਟੀ ਵੀ ਵਧੀ ਹੋਈ ਸੀਟ 'ਤੇ ਦਾਅਵਾ ਜਤਾ ਰਹੀ ਹੈ।
ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਵਿਚ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਲੁਧਿਆਣਾ ਨਗਰ ਨਿਗਮ ਲਈ ਗਠਜੋੜ ਸਹਿਯੋਗੀ ਲੋਕ ਇਨਸਾਫ਼ ਪਾਰਟੀ ਨਾਲ ਸੀਟ ਸ਼ੇਅਰਿੰਗ ਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਸਹਿਮਤੀ ਬਣਾਉਣ ਦਾ ਕੰਮ ਦਿੱਤਾ ਗਿਆ ਸੀ। ਦੋਵਾਂ ਪਾਰਟੀਆਂ ਦੇ ਨੇਤਾਵਾਂ ਵਲੋਂ ਲੁਧਿਆਣਾ ਨਗਰ ਨਿਗਮ ਦੀਆਂ 95 ਸੀਟਾਂ ਲਈ ਸਬੰਧਤ ਉਮੀਦਵਾਰਾਂ 'ਤੇ ਚਰਚਾ ਕਰ ਲਈ ਗਈ ਹੈ ਤੇ ਇਹ ਤੈਅ ਕਰ ਲਿਆ ਹੈ ਕਿ ਕਿਹੜੇ ਵਾਰਡ ਤੋਂ ਕੌਣ ਚੋਣਾਂ ਵਿਚ ਉਤਰੇਗਾ।
ਪਾਰਟੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਇਸ ਸਬੰਧੀ ਕਿਹਾ ਕਿ ਦੋਵਾਂ ਪਾਸਿਓਂ ਨੇਤਾਵਾਂ ਵਿਚਕਾਰ ਅੱਧੀਆਂ-ਅੱਧੀਆਂ ਸੀਟਾਂ ਲਈ ਸਹਿਮਤੀ ਬਣ ਗਈ ਹੈ ਤੇ ਕੁੱਝ ਵਾਰਡਾਂ ਸਬੰਧੀ ਸਹਿਮਤੀ ਫਾਈਨਲ ਹੁੰਦੇ ਹੀ ਸ਼ਨੀਵਾਰ ਨੂੰ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਮਾਣੂਕੇ ਨੇ ਕਿਹਾ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਵਿਚ ਕਿਸੇ ਵੀ ਹਾਲਤ ਵਿਚ ਹੋਰ ਸ਼ਹਿਰਾਂ ਦੀ ਤਰ੍ਹਾਂ ਸੱਤਾਧਾਰੀ ਕਾਂਗਰਸ ਦਾ ਧੱਕਾ ਨਹੀਂ ਚੱਲਣ ਦਿੱਤਾ ਜਾਵੇਗਾ।
