ਸਥਾਨਕ ਉਮੀਦਵਾਰ ’ਤੇ ਦਾਅ ਖੇਡਣ ਦੇ ਰੌਂਅ ’ਚ ਹੈ ‘ਆਪ’ ਤੇ ‘ਕਾਂਗਰਸ’, ਬਾਹਰੀ ਉਮੀਦਵਾਰਾਂ ’ਤੇ ਤੰਜ ਕੱਸਦੇ ਰਹੇ ਵਿਰੋਧੀ

Sunday, Feb 18, 2024 - 06:37 PM (IST)

ਗੁਰਦਾਸਪੁਰ (ਜੀਤ ਮਠਾਰੂ)- ਪਾਕਿਸਤਾਨ ਦੀ ਸਰਹੱਦ ਅਤੇ ਭਾਰਤ ਦੇ ਦੋ ਸੂਬਿਆਂ ਦੀਆਂ ਹੱਦਾਂ ਨਾਲ ਜੁੜੇ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਚੋਣ ਇਤਿਹਾਸ ਬੇਹੱਦ ਰੌਚਕ ਰਿਹਾ ਹੈ, ਜਿਥੇ ਆਜ਼ਾਦੀ ਤੋਂ ਬਾਅਦ ਹੋਈਆਂ 19 ਲੋਕਾਂ ਸਭਾ ਚੋਣਾਂ (ਜ਼ਿਮਨੀ ਚੋਣਾਂ ਸਮੇਤ) ਦੌਰਾਨ ਤਕਰੀਬਨ 13 ਵਾਰ ਕਾਂਗਰਸ ਨੇ ਹੀ ਜਿੱਤਾਂ ਦਰਜ ਕੀਤੀਆਂ ਹਨ। ਇਸ ਹਲਕੇ ਦੀ ਸਭ ਤੋਂ ਖਾਸ ਗੱਲ ਇਹ ਰਹੀ ਹੈ ਕਿ 1996 ਤੋਂ ਪਹਿਲਾਂ ਸਿਰਫ 1977 ਦੀ ਚੋਣ ਨੂੰ ਛੱਡ ਕੇ ਬਾਕੀਆਂ ਦੀਆਂ ਚੋਣਾਂ ਦੌਰਾਨ ਹੀ ਕਾਂਗਰਸੀ ਉਮੀਦਵਾਰ ਜਿੱਤਦੇ ਰਹੇ ਹਨ। ਬਹੁਤਾਂ ਸਮਾਂ ਕਾਂਗਰਸ ਦਾ ਗੜ੍ਹ ਰਹੇ ਇਸ ਹਲਕੇ ’ਚ ਪਿਛਲੇ ਕੁਝ ਸਾਲਾਂ ਤੋਂ ਸਮੀਕਰਨ ਅਤੇ ਹਾਲਾਤ ਇਸ ਕਦਰ ਬਦਲੇ ਹਨ ਕਿ ਹੁਣ ਇਸ ਹਲਕੇ ’ਚ ਉਮੀਦਵਾਰ ਦੀ ਚੋਣ ਅਤੇ ਜਿੱਤ ਹਾਰ ਦਾ ਫੈਸਲਾ ਪਾਰਟੀਆਂ ਦੇ ਚੋਣ ਮੈਨੀਫੈਸਟੋ ਅਤੇ ਸਰਕਾਰਾਂ ਦੀ ਕਾਰਗੁਜਾਰੀ ’ਤੇ ਹੀ ਨਿਰਭਰ ਨਹੀਂ ਕਰਦਾ, ਸਗੋਂ ਉਮੀਦਵਾਰ ਦੇ ਬਾਹਰੀ ਹੋਣ ਤਾਂ ਇਸੇ ਹਲਕੇ ਨਾਲ ਹੀ ਸਬੰਧਤ ਹੋਣ ਦਾ ਮੁੱਦਾ ਵੀ ਹਾਵੀ ਹੁੰਦਾ ਦਿਖਾਈ ਦੇ ਰਿਹਾ ਹੈ।

ਵੈਸੇ ਤਾਂ ਬੇਸ਼ੱਕ ਹਲਕੇ ਦੇ ਲੋਕਾਂ ਨੇ 4 ਵਾਰ ਵਿਨੋਦ ਖੰਨਾ, ਇਕ ਵਾਰ ਸੁਨੀਲ ਜਾਖੜ ਅਤੇ ਇਕ ਵਾਰ ਸੰਨੀ ਦਿਓਲ ਨੂੰ ਚੋਣ ਜਿਤਾ ਕੇ ਬਾਹਰੀ ਉਮੀਦਵਾਰਾਂ ਨੂੰ ਹੀ ਆਪਣਾ ਪਿਆਰ ਤੇ ਬਹੁਮਤ ਦਿੱਤਾ ਸੀ ਪਰ 2019 ਦੀਆਂ ਚੋਣਾਂ ਵਿਚ ਜਿੱਤੇ ਸੰਨੀ ਦਿਓਲ ਦੀ ਗੁਰਦਾਸਪੁਰ ਹਲਕੇ ਵਿਚ ਲੰਮੀ ਗੈਰ-ਮੌਜੂਦਗੀ ਨੇ ਨਾ ਸਿਰਫ਼ ਵਿਰੋਧੀ ਪਾਰਟੀਆਂ ਨੂੰ ਭਾਜਪਾ ’ਤੇ ਸਿਆਸੀ ਤੰਜ ਕੱਸਣ ਦਾ ਵਧੀਆ ਮੁੱਦਾ ਦਿੱਤਾ ਹੈ, ਸਗੋਂ ਇਸ ਨਾਲ ਆਮ ਲੋਕਾਂ ਵਿਚ ਵੀ ਬਾਹਰੀ ਉਮੀਦਵਾਰ ਨੂੰ ਜਿਤਾਉਣ ਕਾਰਨ ਨਿਰਾਸ਼ਾ ਪੈਦਾ ਕੀਤੀ ਹੈ।

ਇਹ ਵੀ ਪੜ੍ਹੋ : ਸ਼ੰਭੂ ਤੋਂ ਕਿਸਾਨ ਗਿਆਨ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਦੇਖ ਧਾਹਾਂ ਮਾਰ ਰੋਇਆ ਪਰਿਵਾਰ

ਇਸ ਕਾਰਨ ਹੁਣ 2024 ਦੀਆਂ ਚੋਣਾਂ ਦੌਰਾਨ ਕੋਈ ਵੀ ਪਾਰਟੀ ਗੁਰਦਾਸਪੁਰ ਦੇ ਚੋਣ ਮੈਦਾਨ ਵਿਚ ਕਿਸੇ ਬਾਹਰੀ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨ ਦੇ ਰੌਂਅ ਵਿਚ ਨਜ਼ਰ ਨਹੀਂ ਆ ਰਹੀ। ਭਾਵੇਂ ਅਜੇ ਵੀ ਕੁਝ ਪਾਰਟੀਆਂ ਵੱਲੋਂ ਕਿਸੇ ਵੱਡੇ ਕਲਾਕਾਰ ਜਾਂ ਖਿਡਾਰੀ ਨੂੰ ਚੋਣ ਮੈਦਾਨ ਵਿਚ ਉਤਾਰਨ ਦੇ ਚਰਚੇ ਸੁਣਾਈ ਦੇ ਰਹੇ ਹਨ ਪਰ ਖਾਸ ਤੌਰ ’ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਇਸ ਵਾਰ ਕਿਸੇ ਲੋਕਲ ਉਮੀਦਵਾਰ ’ਤੇ ਹੀ ਦਾਅ ਖੇਡਣ ਦੀ ਤਿਆਰੀ ਕੀਤੀ ਜਾ ਰਹੀ ਹੈ।

‘ਆਪ’ ’ਚ ਕੋਣ ਹੋ ਸਕਦਾ ਹੈ ਲੋਕਲ ਉਮੀਦਵਾਰ

ਆਮ ਆਦਮੀ ਪਾਰਟੀ ਨੇ ਹਮੇਸ਼ਾ ਸੰਨੀ ਦਿਓਲ ਦੀ ਗੈਰ-ਮੌਜੂਦਗੀ ਨੂੰ ਲੈ ਕੇ ਭਾਜਪਾ ’ਤੇ ਤੰਜ ਕੱਸਿਆ ਹੈ, ਜਿਸ ਕਾਰਨ ਇਹ ਸਮਝਿਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਇਸ ਵਾਰ ਕਿਸੇ ਬਾਹਰੀ ਉਮੀਦਵਾਰ ਦੀ ਬਜਾਏ ਲੋਕਲ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨ ਲਈ ਕੁਝ ਸੰਭਾਵੀ ਉਮੀਦਵਾਰਾਂ ਦਾ ਸਰਵੇ ਕਰਵਾਇਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਨੇ ਤਿੰਨ-ਤਿੰਨ ਉਮੀਦਵਾਰਾਂ ਦਾ ਪੈਨਲ ਵੀ ਤਿਆਰ ਕੀਤਾ ਹੈ, ਜਿਸ ਦੇ ਬਾਅਦ ਅਗਲੀ ਸਕਰੂਟਨੀ ਹੋਵੇਗੀ। ਇਨ੍ਹਾਂ ’ਚੋਂ ਇਕ ਉਮੀਦਵਾਰ ਨੂੰ ਤਾਂ ਬਕਾਇਦਾ ਇਸ਼ਾਰਾ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਟਿਕਟ ਨਹੀਂ ਮਿਲੇਗੀ।

ਮੌਜੂਦਾ ਹਾਲਾਤਾਂ ਬਾਰੇ ਸਿਆਸੀ ਮਾਹਿਰਾਂ ਦੀ ਰਾਏ ਅਨੁਸਾਰ ਇਸ ਮੌਕੇ ਆਮ ਆਦਮੀ ਪਾਰਟੀ ਬਟਾਲਾ ਹਲਕੇ ਦੇ ਵਿਧਾਇਕ ਸ਼ੈਰੀ ਕਲਸੀ ਦਾ ਨਾਮ ਵੀ ਵਿਚਾਰ ਕਰ ਸਕਦੀ ਹੈ ਕਿਉਂਕਿ ਸ਼ੈਰੀ ਕਲਸੀ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ। ਉਹ ਸੂਬਾ ਪੱਧਰ ’ਤੇ ਕੰਮ ਕਰਨ ਵਾਲੇ ਅਤੇ ਪਾਰਟੀ ਦੀ ਵਿਚਾਰਧਾਰਾ ’ਤੇ ਖਰੇ ਉਤਰਨ ਵਾਲੇ ਆਮ ਪਰਿਵਾਰ ਨਾਲ ਸਬੰਧਤ ਨੌਜਵਾਨ ਆਗੂ ਹਨ, ਜਿਨ੍ਹਾਂ ਨੇ ਬਟਾਲਾ ਵਿਚ ਪਾਰਟੀ ਦੀ ਮਜ਼ਬੂਤੀ ਲਈ ਪਿਛਲੇ ਸਾਲਾਂ ਦੌਰਾਨ ਸਖ਼ਤ ਮਿਹਨਤ ਕੀਤੀ ਹੈ, ਜਿਸ ਦੀ ਬਦੌਲਤ ਉਨ੍ਹਾਂ ਨੇ ਸਖ਼ਤ ਮੁਕਾਬਲੇ ਵਿਚ ਬਟਾਲਾ ਵਿਧਾਨ ਸਭਾ ਹਲਕੇ ਦੀ ਸੀਟ ਪਾਰਟੀ ਦੀ ਝੋਲੀ ਵਿਚ ਪਾਈ ਸੀ।

ਇਹ ਵੀ ਪੜ੍ਹੋ :  ਸ਼ੰਭੂ ਬਾਰਡਰ ਤੋਂ ਦੁਖਦਾਈ ਖ਼ਬਰ, ਕਿਸਾਨ ਗਿਆਨ ਸਿੰਘ ਦੀ ਮੌਤ

ਇਸ ਵਾਰ ਵੀ ਪਾਰਟੀ ਜੇਕਰ ਲੋਕਲ ਉਮੀਦਵਾਰ ਨੂੰ ਵਿਚਾਰਦੀ ਹੈ ਤਾਂ ਉਨ੍ਹਾਂ ਦਾ ਨਾਮ ਅੱਗੇ ਹੋ ਸਕਦਾ ਹੈ ਪਰ ਸ਼ੈਰੀ ਕਲਸੀ ਦੀ ਜਿੱਤ ਦੇ ਬਾਅਦ ਪਾਰਟੀ ’ਤੇ ਇਕ ਜ਼ਿਮਨੀ ਚੋਣ ਦਾ ਬੋਝ ਵੀ ਪੈ ਸਕਦਾ ਹੈ, ਜਿਸ ਕਾਰਨ ਪਾਰਟੀ ਜੇਕਰ ਕਿਸੇ ਹੋਰ ਉਮੀਦਵਾਰ ਦਾ ਨਾਮ ਵਿਚਾਰਦੀ ਹੈ ਤਾਂ ਪਿਛਲੇ 10 ਸਾਲਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਦਾ ਝੰਡਾ ਫੜ ਕੇ ਕੰਮ ਕਰ ਰਹੇ ਗੁਰਦਾਸਪੁਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਦਾ ਨਾਮ ਵੀ ਬਹੁਤ ਚਰਚਾ ਵਿਚ ਹੈ।

ਰਾਜੀਵ ਸ਼ਰਮਾ ਦੀ ਜ਼ਿਲ੍ਹੇ ਅਤੇ ਸਟੇਟ ਦੀ ਲੀਡਰਸ਼ਿਪ ਨਾਲ ਚੰਗੀ ਨੇੜਤਾ ਹੋਣ ਦੇ ਨਾਲ ਦਿੱਲੀ ਬੈਠੀ ਲੀਡਰਸ਼ਿਪ ਨਾਲ ਵੀ ਸਿੱਧੀ ਪਹੁੰਚ ਦੱਸੀ ਜਾ ਰਹੀ ਹੈ ਅਤੇ ਜੇਕਰ ਪਾਰਟੀ ਦੀ ਸੇਵਾ ਦੀ ਗੱਲ ਕੀਤੀ ਜਾਵੇ ਤਾਂ ਰਾਜੀਵ ਸ਼ਰਮਾ 2014 ਵਿਚ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਹਲਕਾ ਫਤਿਹਗੜ੍ਹ ਚੂੜੀਆਂ ਦੇ ਸ਼ੋਸ਼ਲ ਮੀਡੀਆ ਇੰਚਾਰਜ ਵੀ ਰਹੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਨੇ ਉਨ੍ਹਾਂ ਨੂੰ ਪੂਰੇ ਜ਼ਿਲੇ ਦੇ ਸ਼ੋਸ਼ਲ ਮੀਡੀਆ ਵਿੰਗ ਦਾ ਇੰਚਾਰਜ ਵੀ ਬਣਾਇਆ। ਜਨਵਰੀ 2022 ਵਿਚ ਉਨ੍ਹਾਂ ਨੂੰ ਸਮੁੱਚੇ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ ਅਤੇ ਹੁਣ ਤੱਕ ਵੀ ਇਸ ਪੂਰੇ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਅੰਦਰ ਆਮ ਆਦਮੀ ਪਾਰਟੀ ਦੀ ਅਗਵਾਈ ਕਰ ਰਹੇ ਹਨ।

ਇਹ ਵੀ ਪੜ੍ਹੋ : ਲੋਕਾਂ ਦਾ ਧਿਆਨ ਖਿੱਚਦੀ ਹੈ ਇਹ ਕੋਠੀ, ਕੰਮ ਨਾਲ ਇੰਨਾ ਪਿਆਰ ਕਿ ਘਰ ਦੀ ਛੱਤ 'ਤੇ ਬਣਾ ਦਿੱਤੀ PRTC ਦੀ ਬੱਸ

ਇਥੇ ਹੀ ਬੱਸ ਨਹੀਂ ਸੰਗਰੂਰ ਜ਼ਿਮਨੀ ਚੋਣ, ਹਿਮਾਚਲ ’ਚ ਹਮੀਰਪੁਰ ਜ਼ਿਲ੍ਹੇ ਅੰਦਰ, ਗੁਜਰਾਤ, ਭੋਪਾਲ ਅਤੇ ਹਰਿਆਣਾ ਵਿਚ ਵੀ ਉਨ੍ਹਾਂ ਨੂੰ ਜ਼ਿਲ੍ਹਾ ਪੱਧਰੀ ਅਤੇ ਅਸੈਂਬਲੀ ਹਲਕਿਆਂ ਵਿਚ ਇੰਚਾਰਜ ਤੇ ਕੋਆਰਡੀਨੇਟਰ ਲਗਾਇਆ ਗਿਆ ਹੈ। ਰਾਜੀਵ ਸ਼ਰਮਾ ਨੇ ਪਿਛਲੇ ਸਾਲ ਅਪ੍ਰੈਲ ਮਹੀਨੇ ਦੌਰਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਦੇ ਬਾਅਦ ਟਰੱਸਟ ਨੂੰ ਘਾਟੇ ਵਿਚ ਕੱਢ ਕੇ ਆਮਦਨ ਦੇ ਸਰੋਤ ਸ਼ੁਰੂ ਕਰਵਾਏ ਹਨ ਅਤੇ ਬੱਸ ਅੱਡੇ ਦੇ ਰੁਕੇ ਹੋਏ ਨਿਰਮਾਣ ਕਾਰਜ ਸ਼ੁਰੂ ਕਰਵਾਏ ਹਨ।

ਇਸੇ ਤਰ੍ਹਾਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦਾ ਨਾਮ ਵੀ ਕਾਫ਼ੀ ਚਰਚਾ ਵਿਚ ਹੈ, ਜਿਨ੍ਹਾਂ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਹੁਣ ਸੂਬਾ ਪੱਧਰ ’ਤੇ ਬਾਖੂਬੀ ਕੰਮ ਕਰ ਰਹੇ ਹਨ। ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਸਮੇਤ ਹੋਰ ਕਈ ਆਗੂਆਂ ਦੇ ਸਮਰਥਕ ਵੀ ਆਪਣੇ ਆਗੂਆਂ ਨੂੰ ਟਿਕਟ ਦੇਣ ਦੀ ਮੰਗ ਕਰ ਰਹੇ ਹਨ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਆਮ ਆਦਮੀ ਪਾਰਟੀ ਇਨ੍ਹਾਂ ’ਚੋਂ ਕਿਸੇ ਉਮੀਦਵਾਰ ’ਤੇ ਦਾਅ ਖੇਡਦੀ ਹੈ ਅਤੇ ਜਾਂ ਫਿਰ ਹੋਰ ਕੋਈ ਹੋਰ ਪੈਂਤੜਾ ਖੇਡਦੀ ਹੈ।

ਕਾਂਗਰਸ ’ਚ ਰੰਧਾਵਾ ਅਤੇ ਪਾਹੜਾ ਦੇ ਨਾਮ ਚਰਚਾ ’ਚ

ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਮੌਕੇ ਗੁਰਦਾਸਪੁਰ ਹਲਕੇ ਦੇ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਦਾ ਨਾਮ ਸਭ ਤੋਂ ਅੱਗੇ ਹੈ। ਬਰਿੰਦਰਮੀਤ ਸਿੰਘ ਪਾਹੜਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਹੋਰ ਕਈ ਅਹੁੱਦਿਆਂ ’ਤੇ ਕੰਮ ਕਰ ਚੁੱਕੇ ਹਨ ਅਤੇ ਲਗਾਤਾਰ ਦੋ ਵਾਰ ਗੁਰਦਾਸਪੁਰ ਤੋਂ ਵਿਧਾਇਕ ਚੁਣੇ ਗਏ ਹਨ, ਜੋ ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ। ਬਰਿੰਦਰਮੀਤ ਸਿੰਘ ਪਾਹੜਾ ਨੇ ਆਪਣੇ ਸਿਆਸੀ ਸਫ਼ਰ ਵਿਚ ਬਹੁਤ ਵੱਡੇ ਮੁਕਾਮ ਹਾਸਲ ਕੀਤੇ ਹਨ ਅਤੇ ਪੰਜਾਬ ਸਮੇਤ ਕੇਂਦਰ ਦੀ ਸਿਆਸਤ ਵਿਚ ਉਨ੍ਹਾਂ ਨੇ ਚੰਗੀ ਪਹਿਚਾਣ ਬਣਾਈ ਹੈ, ਜਿਸ ਕਾਰਨ ਨਾ ਸਿਰਫ ਜ਼ਿਲ੍ਹੇ ਦੀ ਲੀਡਰਸ਼ਿਪ ਸਗੋਂ ਪੰਜਾਬ ਦੇ ਜ਼ਿਆਦਾਤਰ ਆਗੂ ਵੀ ਪਾਹੜਾ ਨੂੰ ਹੀ ਗੁਰਦਾਸਪੁਰ ਤੋਂ ਚੋਣ ਲੜਾਉਣ ਦੇ ਇਛੁੱਕ ਦੱਸੇ ਜਾ ਰਹੇ ਹਨ ਪਰ ਜੇਕਰ ਪਾਹੜਾ ਪਰਿਵਾਰ ਦੀ ਗੱਲ ਕਰੀਏ ਤਾਂ ਪਾਹੜਾ ਪਰਿਵਾਰ ਉਕਤ ਚੋਣ ਲੜਨ ਲਈ ਹਾਮੀ ਤਾਂ ਭਰ ਰਿਹਾ ਹੈ ਪਰ ਮੰਗ ਇਹ ਕੀਤੀ ਜਾ ਰਹੀ ਹੈ ਕਿ ਬਰਿੰਦਰਮੀਤ ਸਿੰਘ ਪਾਹੜਾ ਦੀ ਬਜਾਏ ਯੂਥ ਆਗੂ ਬਲਜੀਤ ਸਿੰਘ ਪਾਹੜਾ ਨੂੰ ਯੂਥ ਕਾਂਗਰਸ ਦੇ ਕੋਟੇ ਟਿਕਟ ਦਿੱਤੀ ਜਾਵੇ ਕਿਉਂਕਿ ਬਲਜੀਤ ਸਿੰਘ ਪਾਹੜਾ ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ।

PunjabKesari

ਪਾਹੜਾ ਪਰਿਵਾਰ ਦੇ ਸੂਤਰ ਦੱਸਦੇ ਹਨ ਕਿ ਪਾਹੜਾ ਪਰਿਵਾਰ ਇਹ ਤਰਕ ਦੇ ਰਿਹਾ ਹੈ ਕਿ ਬਰਿੰਦਰਮੀਤ ਸਿੰਘ ਪਾਹੜਾ ਹਰ ਹਾਲਤ ਵਿਚ ਇਹ ਚੋਣ ਜਿੱਤਣ ਦੀ ਸਮਰੱਥਾ ਵਿਚ ਹਨ ਅਤੇ ਜੇਕਰ ਬਰਿੰਦਰ ਪਾਹੜਾ ਦੀ ਜਿੱਤ ਉਪਰੰਤ ਉਨ੍ਹਾਂ ਨੂੰ ਇਕ ਜ਼ਿਮਨੀ ਚੋਣ ਵੀ ਲੜਨੀ ਪਵੇਗੀ। ਇਸ ਤੋਂ ਇਲਾਕਾ ਇਹ ਵੀ ਪਤਾ ਲੱਗਾ ਹੈ ਕਿ ਹਾਈਕਮਾਨ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਚੋਣ ਲੜਨ ਲਈ ਕਿਹਾ ਗਿਆ ਸੀ ਪਰ ਰੰਧਾਵਾ ਇਸ ਮੌਕੇ ਰਾਜਸਥਾਨ ’ਚ ਵੀ ਇੰਚਾਰਜ ਹਨ, ਜਿਸ ਕਾਰਨ ਰੰਧਾਵਾ ਵੱਲੋਂ ਇਹ ਤਰਕ ਦਿੱਤਾ ਗਿਆ ਹੈ ਕਿ ਉਨ੍ਹਾਂ ਨੇ ਬਹੁਤ ਮੁਸ਼ਕਲ ਅਤੇ ਮਿਹਨਤ ਨਾਲ ਰਾਜਸਥਾਨ ’ਚ ਕਾਂਗਰਸ ਦਾ ਪੱਧਰ ਉੱਚਾ ਚੁੱਕਿਆ ਹੈ ਅਤੇ ਜੇਕਰ ਉਹ ਗੁਰਦਾਸਪੁਰ ਦੇ ਚੋਣ ਮੈਦਾਨ ਵਿਚ ਆ ਗਏ ਤਾਂ ਰਾਜਸਥਾਨ ਵਿਚ ਉਨ੍ਹਾਂ ਦੀ ਗੈਰ-ਮੌਜੂਦਗੀ ਨੁਕਸਾਨ ਕਰ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News