ਜਸਬੀਰ ਬੀਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇਗੀ ''ਆਪ''

09/03/2019 3:17:33 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਅਨੁਸ਼ਾਸਨ ਦੇ ਮਾਮਲੇ 'ਚ ਸਖ਼ਤ ਹੁੰਦਿਆਂ ਸਾਬਕਾ ਆਈ. ਏ. ਐੱਸ. ਅਧਿਕਾਰੀ ਜਸਬੀਰ ਸਿੰਘ ਬੀਰ ਨੂੰ 'ਕਾਰਨ ਦੱਸੋ' ਨੋਟਿਸ ਭੇਜਣ ਦਾ ਫ਼ੈਸਲਾ ਲਿਆ ਹੈ। ਸੋਮਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਜਸਬੀਰ ਸਿੰਘ ਬੀਰ ਦੇ ਹਵਾਲੇ ਨਾਲ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਬਾਰੇ ਟਿੱਪਣੀਆਂ ਦਾ ਸੂਬਾ ਕੋਰ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆਂ ਜਸਬੀਰ ਸਿੰਘ ਬੀਰ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ। ਸੋਮਵਾਰ ਸਵੇਰੇ ਫ਼ੋਨ 'ਤੇ ਹੋਈ ਕਾਨਫ਼ਰੰਸ ਕਾਲ ਦੌਰਾਨ ਸੂਬਾ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਬਾਕੀ ਮੈਂਬਰਾਂ ਨੇ ਅਮਨ ਅਰੋੜਾ ਬਾਰੇ ਛਪੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਜਸਬੀਰ ਸਿੰਘ ਬੀਰ ਨਾ ਤਾਂ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਨ ਅਤੇ ਨਾ ਹੀ ਪਿਛਲੇ ਲੰਬੇ ਸਮੇਂ ਤੋਂ ਪਾਰਟੀ 'ਚ ਸਰਗਰਮ ਹਨ, ਬੀਰ ਨੇ ਕਿਸ ਹੈਸੀਅਤ 'ਚ ਅਮਨ ਅਰੋੜਾ ਨੂੰ ਲੈ ਕੇ ਅਨੁਸ਼ਾਸਨੀ ਕਮੇਟੀ ਦੀ 6 ਸਤੰਬਰ ਨੂੰ ਆਪਹੁਦਰੀ ਬੈਠਕ ਬੁਲਾਉਣ ਦਾ ਫ਼ੈਸਲਾ ਕਰ ਲਿਆ, ਇਸ ਬਾਰੇ ਜਸਬੀਰ ਸਿੰਘ ਬੀਰ ਨੂੰ ਪਾਰਟੀ ਦੇ ਸੰਬੰਧਿਤ ਪਲੇਟਫ਼ਾਰਮ 'ਤੇ ਸਪੱਸ਼ਟੀਕਰਨ ਦੇਣਾ ਪਵੇਗਾ।

ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਪਿੱਛੇ ਪਾਰਟੀ ਵਿਰੋਧੀ ਤਾਕਤਾਂ ਨਜ਼ਰ ਆ ਰਹੀਆਂ ਹਨ ਅਤੇ ਉਹ ਠੀਕ ਉਸ ਸਮੇਂ ਸਾਜ਼ਿਸ਼ ਤਹਿਤ ਕੋਈ ਨਾ ਕੋਈ ਅਜਿਹੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਜਦ ਆਮ ਆਦਮੀ ਪਾਰਟੀ ਸੂਬੇ ਦੀ ਸਿਆਸਤ ਦਾ ਕੇਂਦਰ ਬਿੰਦੂ ਬਣਦੀ ਹੈ ਅਤੇ ਕੈਪਟਨ, ਮੋਦੀ ਅਤੇ ਬਾਦਲਾਂ ਦੀਆਂ ਲੋਕ ਵਿਰੋਧੀ ਸਰਕਾਰਾਂ ਤੋਂ ਅੱਕੇ ਲੋਕ 'ਆਪ' ਵੱਲ ਝੁਕਣ ਲੱਗਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਗਏ 'ਸਾਡਾ ਐਮ.ਪੀ ਸਾਡੇ ਘਰ', ਆਮ ਆਦਮੀ ਆਰਮੀ ਮੈਂਬਰਸ਼ਿਪ ਮੁਹਿੰਮ, ਬਿਜਲੀ ਮੋਰਚਾ ਅਤੇ ਸੂਬਾ ਪੱਧਰੀ 'ਪੰਜਾਬ ਬੋਲਦਾ ਹੈ' ਪ੍ਰੋਗਰਾਮ ਨੇ ਵਿਰੋਧੀਆਂ ਨੂੰ ਚਿੰਤਤ ਕਰ ਦਿੱਤਾ ਹੈ। ਇਸ ਲਈ ਕਾਂਗਰਸ, ਅਕਾਲੀ-ਭਾਜਪਾ ਅਤੇ ਇਨ੍ਹਾਂ ਦੀਆਂ 'ਬੀ' ਟੀਮਾਂ 'ਆਪ' ਦੀ ਸਾਖ ਖ਼ਰਾਬ ਕਰਨ ਲਈ ਇੱਕ ਵਾਰ ਫੇਰ ਇੱਕਜੁੱਟ ਹੋ ਕੇ ਸਾਜ਼ਿਸ਼ਾਂ ਰਚਣ ਲੱਗੀਆਂ ਹਨ, ਹਾਲਾਂਕਿ ਜ਼ਮੀਨੀ ਹਕੀਕਤ ਨੂੰ ਸਮਝਦੀ ਹੋਈ ਪੰਜਾਬ ਦੀ ਜਨਤਾ ਇਨ੍ਹਾਂ ਵਿਰੋਧੀ ਤਾਕਤਾਂ ਦੇ ਬਹਿਕਾਵੇ 'ਚ ਨਹੀਂ ਆ ਰਹੀ।

ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਅਮਨ ਅਰੋੜਾ ਦੇ ਕਿਸੇ ਬਿਆਨ ਨੂੰ ਲੈ ਕੇ ਜਸਬੀਰ ਸਿੰਘ ਬੀਰ ਦੀ ਪਾਰਟੀ ਪ੍ਰਧਾਨ ਭਗਵੰਤ ਮਾਨ ਨਾਲ ਕੋਈ ਗੱਲ ਨਹੀਂ ਹੋਈ, ਜਦਕਿ ਬੀਰ ਆਪਣੀ ਟਿੱਪਣੀ 'ਚ ਅਮਨ ਅਰੋੜਾ ਦੇ ਬਿਆਨ ਬਾਰੇ ਅਨੁਸ਼ਾਸਨੀ ਕਮੇਟੀ ਸੱਦਣ ਲਈ ਭਗਵੰਤ ਮਾਨ ਨਾਲ ਗੱਲ ਹੋਣ ਦਾ ਹਵਾਲਾ ਦੇ ਰਹੇ ਹਨ। ਜੋ ਸਿੱਧੇ ਤੌਰ 'ਤੇ ਪਾਰਟੀ ਵਿਰੋਧੀ ਗਤੀਵਿਧੀ ਹੈ, ਜਿਸ ਲਈ ਜਸਬੀਰ ਸਿੰਘ ਬੀਰ ਤੋਂ ਸਪੱਸ਼ਟੀਕਰਨ ਮੰਗਿਆ ਜਾ ਰਿਹਾ ਹੈ।
'ਆਪ' ਆਗੂਆਂ ਨੇ ਪਾਰਟੀ ਪ੍ਰਧਾਨ ਭਗਵੰਤ ਮਾਨ ਦੇ ਹਵਾਲੇ ਨਾਲ ਦੱਸਿਆ ਕਿ 28 ਸਤੰਬਰ ਦੀ ਬੈਠਕ ਤੋਂ ਪਹਿਲਾਂ ਹੀ ਅਮਨ ਅਰੋੜਾ ਨੇ ਪਾਰਟੀ ਪ੍ਰਧਾਨ ਅਤੇ ਕੋਰ ਕਮੇਟੀ ਚੇਅਰਮੈਨ ਨੂੰ ਆਪਣੀ ਦਿੱਲੀ ਜਾਣ ਦੀ ਮਜਬੂਰੀ ਬਾਰੇ ਦੱਸ ਦਿੱਤਾ ਸੀ, ਇਸ ਲਈ ਅਮਨ ਅਰੋੜਾ ਦੀ ਮੀਟਿੰਗ ਚੋਂ ਗੈਰਹਾਜ਼ਰੀ ਕੋਈ ਮੁੱਦਾ ਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਬੀਰ ਨੇ ਇਸ ਗੱਲ ਨੂੰ ਵੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਪਾਰਟੀ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਵਰਜ ਦਿੱਤਾ ਗਿਆ ਸੀ।


Anuradha

Content Editor

Related News