‘ਆਪ’ ਦੀ ਜਿੱਤ ਨਾਲ ਸੱਟੇਬਾਜ਼ਾਂ ਨੂੰ ਹੋਇਆ ਕਰੋੜਾਂ ਦਾ ਫਾਇਦਾ, ਇੰਨੀ ਵੱਡੀ ਜਿੱਤ ਦੀ ਨਹੀਂ ਸੀ ਉਮੀਦ

Friday, Mar 11, 2022 - 05:42 PM (IST)

‘ਆਪ’ ਦੀ ਜਿੱਤ ਨਾਲ ਸੱਟੇਬਾਜ਼ਾਂ ਨੂੰ ਹੋਇਆ ਕਰੋੜਾਂ ਦਾ ਫਾਇਦਾ, ਇੰਨੀ ਵੱਡੀ ਜਿੱਤ ਦੀ ਨਹੀਂ ਸੀ ਉਮੀਦ

ਜਲੰਧਰ (ਖੁਰਾਣਾ)–ਪੰਜਾਬ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਨੇ ਨਾ ਸਿਰਫ ਦੇਸ਼ ਦੇ ਵੱਡੇ-ਵੱਡੇ ਸਿਆਸੀ ਪੰਡਿਤਾਂ ਤੱਕ ਨੂੰ ਹੈਰਾਨ ਕਰ ਦਿੱਤਾ, ਉਥੇ ਹੀ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਬਾਅਦ ਪੰਜਾਬ ’ਚ ਬੇਮਿਸਾਲ ਜਿੱਤ ਨਾਲ ਸੱਟੇਬਾਜ਼ਾਂ ਨੂੰ ਕਰੋੜਾਂ ਅਤੇ ਸ਼ਾਇਦ ਅਰਬਾਂ ਰੁਪਏ ਦਾ ਫਾਇਦਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਸੱਟਾ ਬਾਜ਼ਾਰ ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਫੇਵਰ ਦੇ ਰਿਹਾ ਸੀ ਅਤੇ ਇਹ ਸਿਲਸਿਲਾ ਉਦੋਂ ਸ਼ੁਰੂ ਹੋਇਆ ਸੀ, ਜਦੋਂ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ, ਉਦੋਂ ਵੀ ਪੰਜਾਬ ਦੇ ਸੱਟੇਬਾਜ਼ ਆਮ ਆਦਮੀ ਪਾਰਟੀ ’ਤੇ 48-50 ਦਾ ਦਾਅ ਲਾ ਰਹੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਪੰਜਾਬ ਵਿਚ ‘ਆਪ’ ਘੱਟ ਤੋਂ ਘੱਟ 48 ਸੀਟਾਂ ਲਿਜਾਏਗੀ। ਉਸ ਸਮੇਂ ਮੁੱਖ ਮੰਤਰੀ ਚੰਨੀ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਇੰਨੀਆਂ ਸੀਟਾਂ ਨਹੀਂ ਆਉਣਗੀਆਂ, ਉਦੋਂ ਲੋਕਾਂ ਨੇ 48 ’ਤੇ ‘ਆਪ’ ਨੂੰ ‘ਨੋ’ ਦਾ ਦਾਅ ਲਾਉਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਜਦੋਂ ਚੋਣਾਂ ਦਾ ਐਲਾਨ ਹੋਇਆ ਅਤੇ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਦੀ ਵੰਡ ਹੋਈ ਤਾਂ ‘ਆਪ’ ਦੇ ਪੱਖ ਵਿਚ ਸੱਟੇਬਾਜ਼ਾਂ ਨੇ ਇਕਦਮ ਫੇਵਰ ਵਧਾ ਦਿੱਤੀ ਅਤੇ ਭਾਅ 57-59 ਤੱਕ ਪਹੁੰਚਾ ਦਿੱਤਾ। ਉਦੋਂ ਵੀ ਲੋਕਾਂ ਨੂੰ ਲੱਗਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵਿਚ ਫੁੱਟ ਪੈਂਦੀ ਜਾ ਰਹੀ ਹੈ, ਇਸ ਪਾਰਟੀ ਦੀਆਂ 57 ਸੀਟਾਂ ਨਹੀਂ ਆਉਣਗੀਆਂ ਤਾਂ ਉਦੋਂ ਵੀ ਸੈਂਕੜੇ ਲੋਕਾਂ ਨੇ ਆਮ ਆਦਮੀ ਪਾਰਟੀ ’ਤੇ ‘ਨੋ’ ਕਹਿੰਦਿਆਂ ਦਾਅ ਲਾਏ।

ਇਸ ਦੇ ਬਾਵਜੂਦ ਸੱਟਾ ਬਾਜ਼ਾਰ ਵੱਲੋਂ ‘ਆਪ’ ਦੀ ਫੇਵਰ ਦਾ ਕ੍ਰਮ ਲਗਾਤਾਰ ਜਾਰੀ ਰਿਹਾ ਅਤੇ ਚੋਣਾਂ ਦੇ ਨਤੀਜਿਆਂ ਤੋਂ ਇਕ ਹਫਤਾ ਪਹਿਲਾਂ ‘ਆਪ’ ਦੀ ਫੇਵਰ ਵਿਚ ਭਾਅ 65-67 ਤੱਕ ਪਹੁੰਚ ਗਿਆ, ਉਦੋਂ ਵੀ ਜਿਹੜੇ ਲੋਕਾਂ ਨੂੰ ਇੰਨੀਆਂ ਸੀਟਾਂ ਆਉਣ ਦਾ ਅਨੁਮਾਨ ਨਹੀਂ ਸੀ, ਉਨ੍ਹਾਂ ਵੀ ‘ਨੋ’ ’ਤੇ ਲੱਖਾਂ-ਕਰੋੜਾਂ ਦੇ ਦਾਅ ਫਿਰ ਲਾ ਦਿੱਤੇ। ਕੁਝ ਦਿਨ ਪਹਿਲਾਂ ਜਦੋਂ ਟੀ. ਵੀ. ਚੈਨਲਾਂ ਨੇ ਆਪਣੇ-ਆਪਣੇ ਐਗਜ਼ਿਟ ਪੋਲ ’ਚ ‘ਆਪ’ ਦੇ ਆਉਣ ਦੀ ਭਵਿੱਖਬਾਣੀ ਕੀਤੀ ਤਾਂ ਵੀ ਸੱਟੇਬਾਜ਼ਾਂ ਨੇ ਆਮ ਆਦਮੀ ਪਾਰਟੀ ਨੂੰ 69-71 ਤੱਕ ਪਹੁੰਚਾ ਦਿੱਤਾ ਪਰ ਜਿਹੜੇ ਲੋਕ ਐਗਜ਼ਿਟ ਪੋਲ ਨਾਲ ਸਹਿਮਤ ਨਹੀਂ ਸਨ, ਉਹ ਸੱਟੇਬਾਜ਼ਾਂ ਦੀਆਂ ਗੱਲਾਂ ਨਾਲ ਵੀ ਸਹਿਮਤ ਨਹੀਂ ਹੋਏ ਅਤੇ ਉਨ੍ਹਾਂ ਨੂੰ ਲੱਗਾ ਕਿ ਆਮ ਆਦਮੀ ਪਾਰਟੀ 69 ਸੀਟਾਂ ਦਾ ਅੰਕੜਾ ਨਹੀਂ ਛੂਹ ਪਾਵੇਗੀ। ਅਜਿਹੇ ਵਿਚ 69 ’ਤੇ ਵੀ ‘ਨੋ’ ਦੇ ਦਾਅ ਲੱਗਦੇ ਚਲੇ ਗਏ। ਅੱਜ ਜਿਉਂ ਹੀ ਚੋਣ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਨੇ 90 ਸੀਟਾਂ ਦਾ ਅੰਕੜਾ ਵੀ ਪਾਰ ਕਰ ਲਿਆ, ‘ਆਪ’ ’ਤੇ ‘ਨੋ’ ਦੇ ਦਾਅ ਲਾਉਣ ਵਾਲੇ ਸੈਂਕੜੇ-ਹਜ਼ਾਰਾਂ ਪੰਟਰ ਡੁੱਬ ਗਏ ਅਤੇ ਸੱਟੇਬਾਜ਼ਾਂ ਨੂੰ ਕਰੋੜਾਂ (ਸ਼ਾਇਦ ਅਰਬਾਂ) ਦਾ ਫਾਇਦਾ ਹੋਇਆ। ਹੁਣ ਇਸ ਹਫਤੇ ਸੱਟੇਬਾਜ਼ਾਂ ਵੱਲੋਂ ਪੰਟਰਾਂ ਕੋਲੋਂ ਪੈਸਿਆਂ ਦੀ ਉਗਰਾਹੀ ਦਾ ਕ੍ਰਮ ਜਾਰੀ ਰਹੇਗਾ।

ਕਾਂਗਰਸ ਦੀਆਂ 25 ਅਤੇ ਅਕਾਲੀ ਦਲ ਦੀਆਂ 17 ਸੀਟਾਂ ’ਤੇ ਵੀ ਲੱਗੇ ਸਨ ਸੱਟੇ
ਦੇਸ਼ ਭਰ ਦੇ ਬੁਕੀਜ਼ ਨੇ ਜਿਥੇ ਇਸ ਵਾਰ ਪੰਜਾਬ ਦੀਆਂ ਚੋਣਾਂ ਵਿਚ ਖੁੱਲ੍ਹ ਕੇ ਸੱਟੇ ਲਾਏ ਅਤੇ ਆਮ ਆਦਮੀ ਪਾਰਟੀ ਦੀ ਫੇਵਰ ਬਰਕਰਾਰ ਰਹੀ, ਉਥੇ ਹੀ ਇਸ ਵਾਰ ਸੱਟੇਬਾਜ਼ਾਂ ਨੇ ਕਾਂਗਰਸ ਨੂੰ ਘੱਟ ਤੋਂ ਘੱਟ 25 ਸੀਟਾਂ ਆਉਣ ਅਤੇ ਅਕਾਲੀਆਂ ਨੂੰ 17 ਸੀਟਾਂ ਮਿਲਣ ’ਤੇ ਵੀ ਖੂਬ ਸੱਟੇ ਲਾਏ। ਵੋਟਿੰਗ ਤੋਂ ਇਕ ਹਫਤਾ ਪਹਿਲਾਂ ਅਤੇ ਇਕ ਹਫਤੇ ਬਾਅਦ ਤੱਕ ਇਹੀ ਮਾਹੌਲ ਬਣਿਆ ਰਿਹਾ ਕਿ ਪੰਜਾਬ ਵਿਚ ਖਿਚੜੀ ਸਰਕਾਰ ਬਣੇਗੀ। ਅਜਿਹੇ ਵਿਚ ਲੋਕਾਂ ਨੂੰ ਭਰੋਸਾ ਸੀ ਕਿ ਕਾਂਗਰਸ ਸਨਮਾਨਜਨਕ ਸੀਟਾਂ ਲੈ ਜਾਵੇਗੀ ਅਤੇ ਅਕਾਲੀ ਦਲ ਵੀ ਸੀਟਾਂ ਜਿੱਤਣ ’ਚ ਪਿੱਛੇ ਨਹੀਂ ਰਹੇਗਾ।

ਜਦੋਂ ਸੱਟੇਬਾਜ਼ਾਂ ਨੇ ਕਾਂਗਰਸ ਨੂੰ 25-27 ਦਾ ਭਾਅ ਦਿੱਤਾ ਭਾਵ 25 ਸੀਟਾਂ ਆਉਣ ਦੀ ਸੰਭਾਵਨਾ ਪ੍ਰਗਟਾਈ, ਅਜਿਹੀ  ਹਾਲਤ ਵਿਚ ਲੱਖਾਂ-ਹਜ਼ਾਰਾਂ ਲੋਕ ਫਿਰ ਝਾਂਸੇ ਵਿਚ ਆ ਗਏ। ਉਨ੍ਹਾਂ ਕਾਂਗਰਸ ਦੀਆਂ 25 ਸੀਟਾਂ ’ਤੇ ‘ਯੈੱਸ’ ਕਰ ਦਿੱਤੀ। ਇਸੇ ਤਰ੍ਹਾਂ ਸੱਟੇਬਾਜ਼ਾਂ ਨੇ ਅਕਾਲੀ ਦਲ ਨੂੰ ਵੀ 17-19 ਦਾ ਭਾਅ ਦਿੱਤਾ ਅਤੇ ਲੋਕਾਂ ਨੂੰ ਲੱਗਾ ਕਿ ਅਕਾਲੀ ਦਲ ਬਸਪਾ ਦਾ ਸਾਥ ਹਾਸਲ ਕਰਨ ਤੋਂ ਬਾਅਦ 17 ਸੀਟਾਂ ਤਾਂ ਲੈ ਹੀ ਜਾਵੇਗਾ। ਅਜਿਹੇ ਵਿਚ ਪੰਟਰਾਂ ਨੇ ਅਕਾਲੀ ਦਲ ਦੀਆਂ 17 ਸੀਟਾਂ ’ਤੇ ਵੀ ‘ਯੈੱਸ’ ਕਰ ਦਿੱਤੀ। ਚੋਣ ਨਤੀਜੇ ਆਉਣ ’ਤੇ ਅਜਿਹੇ ਪੰਟਰ ਵੀ ਡੁੱਬ ਗਏ, ਜਿਨ੍ਹਾਂ ਕਾਂਗਰਸ ਤੇ ਅਕਾਲੀ ਦਲ ’ਤੇ ‘ਯੈੱਸ’ ਕੀਤੀ ਸੀ ਅਤੇ ਸੱਟੇਬਾਜ਼ ਕਰੋੜਾਂ ਰੁਪਏ ਕਮਾ ਗਏ।


author

Manoj

Content Editor

Related News