''ਆਪ'' ਨੇ ਵੀ ਨਿਯੁਕਤ ਕੀਤੇ ''ਹਲਕਾ ਇੰਚਾਰਜ''
Monday, Dec 04, 2017 - 07:09 AM (IST)
ਚੰਡੀਗੜ੍ਹ (ਰਮਨਜੀਤ) - ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸਮੇਂ ਜਮ ਕੇ 'ਹਲਕਾ ਇੰਚਾਰਜ' ਸਿਸਟਮ ਦੀ ਨਿਖੇਧੀ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਵੀ ਐਤਵਾਰ ਪਾਰਟੀ ਦੇ ਢਾਂਚੇ ਦਾ ਵਿਸਤਾਰ ਕਰਦਿਆਂ 'ਵਿਧਾਨ ਸਭਾ ਪ੍ਰਧਾਨ' ਨਾਂ ਦਾ ਨਵਾਂ ਅਹੁਦਾ ਸਿਰਜਿਤ ਕਰਦਿਆਂ ਹਲਕਾ ਇੰਚਾਰਜ ਨਿਯੁਕਤ ਕੀਤੇ ਹਨ। ਇਸ ਦੇ ਨਾਲ ਹੀ ਪਾਰਟੀ ਵਲੋਂ ਢਾਂਚੇ 'ਚ ਵਾਧਾ ਕਰਦਿਆਂ ਨਵੇਂ ਬੁਲਾਰਿਆਂ ਅਤੇ ਮੀਡੀਆ ਪੈਨਲਿਸਟਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗੁਰਦਾਸਪੁਰ ਲੋਕ ਸਭਾ ਉਪ-ਚੋਣ ਤੋਂ ਤੁਰੰਤ ਬਾਅਦ ਭੰਗ ਕੀਤੇ ਗਏ ਜ਼ਿਲਾ ਯੂਨਿਟ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ ਹੈ। 'ਆਪ' ਲੀਡਰਸ਼ਿਪ ਵਲੋਂ ਕਾਫੀ ਦੇਰ ਨਾਲ ਚਰਚਾ ਤੋਂ ਬਾਅਦ ਕੀਤੀ ਜਾ ਰਹੀ ਤਿਆਰੀ ਦੇ ਰੂਪ 'ਚ ਨਵੇਂ ਢਾਂਚੇ ਦਾ ਵਿਸਤਾਰ ਸਾਹਮਣੇ ਆਇਆ ਹੈ। ਇਸ ਵਿਸਤਾਰ ਜ਼ਰੀਏ ਪਾਰਟੀ ਨੂੰ ਬਲਾਕ ਅਤੇ ਬੂਥ ਪੱਧਰ ਤਕ ਮਜ਼ਬੂਤ ਲੀਡਰਸ਼ਿਪ ਦੇਣ ਦੀ ਕਵਾਇਦ ਕੀਤੀ ਜਾ ਰਹੀ ਹੈ। ਹਾਲਾਂਕਿ ਪਹਿਲੇ ਐਲਾਨ ਜ਼ਰੀਏ ਤਿੰਨ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸਭ ਤੋਂ ਅਹਿਮ ਗੱਲ ਇਹ ਸਾਹਮਣੇ ਆਈ ਹੈ ਕਿ ਜਿਹੜੇ ਵਿਧਾਨ ਸਭਾ ਹਲਕਿਆਂ ਵਿਚ 'ਆਪ' ਦੇ ਉਮੀਦਵਾਰ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਨਹੀਂ ਸਕੇ ਸਨ, ਤਕਰੀਬਨ ਉਨ੍ਹਾਂ ਹੀ ਵਿਧਾਨ ਸਭਾ ਹਲਕਿਆਂ ਦੀ 'ਕਮਾਨ' ਉਨ੍ਹਾਂ ਨੂੰ ਵਿਧਾਨ ਸਭਾ ਪ੍ਰਧਾਨ ਦੇ ਰੂਪ 'ਚ ਸੌਂਪੀ ਗਈ ਹੈ। ਪਾਰਟੀ ਲੀਡਰਸ਼ਿਪ ਵਲੋਂ ਹਾਲਾਂਕਿ ਇਸ ਨੂੰ ਅਗਲੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਦੱਸਿਆ ਜਾ ਰਿਹਾ ਹੈ ਪਰ ਪਾਰਟੀ ਅੰਦਰ ਹੀ ਇਕ ਧੜਾ ਅਜਿਹਾ ਵੀ ਹੈ, ਜੋ ਇਸ ਤੋਂ ਖਫਾ ਹੈ ਕਿਉਂਕਿ ਪਾਰਟੀ ਅਜਿਹਾ ਕਰ ਕੇ ਇਹ ਸੰਕੇਤ ਦੇਣ ਦਾ ਯਤਨ ਕਰ ਰਹੀ ਹੈ ਕਿ ਵਿਧਾਨ ਸਭਾ ਪ੍ਰਧਾਨ ਹੀ ਅਗਲੀ ਵਾਰ ਵੀ ਉਸੇ ਸੀਟ ਤੋਂ ਚੋਣ ਲੜਨਗੇ। ਪਾਰਟੀ ਵਲੋਂ ਫੈਸਲਾ ਕਰਨ ਤੋਂ ਪਹਿਲਾਂ ਚਰਚਾ ਦੌਰਾਨ ਹੋਏ ਵਿਰੋਧ ਦਾ ਸਭ ਤੋਂ ਵੱਡਾ ਕਾਰਨ ਵੀ ਇਹੋ ਹੈ ਕਿ ਪਾਰਟੀ ਦਾਅਵਾ ਕਰਦੀ ਰਹੀ ਹੈ ਕਿ ਵਾਲੰਟੀਅਰਾਂ 'ਚੋਂ ਹੀ ਹਰ ਚੋਣ ਲਈ ਉਮੀਦਵਾਰ ਬਣਦੇ ਹਨ ਪਰ 'ਵਿਧਾਨ ਸਭਾ ਪ੍ਰਧਾਨ' ਵਰਗਾ ਅਹੁਦਾ ਖੜ੍ਹਾ ਕਰ ਕੇ ਪਾਰਟੀ ਦੇ ਇਸ ਮੂਲ ਸਿਧਾਂਤ ਨੂੰ ਹੀ ਤਿਲਾਂਜਲੀ ਦੇਣ ਦਾ ਯਤਨ ਕੀਤਾ ਗਿਆ ਹੈ।
ਪਾਰਟੀ ਵਲੋਂ ਐਤਵਾਰ ਨੂੰ ਜਾਰੀ ਸੂਚੀ 'ਚ 48 ਨਾਂ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਵਿਧਾਨ ਸਭਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ 'ਚ ਜਗਤਾਰ ਸਿੰਘ ਰਾਜਲਾ, ਕਰਨਬੀਰ ਟਿਵਾਣਾ, ਸੱਜਣ ਸਿੰਘ ਚੀਮਾ, ਕਰਤਾਰ ਸਿੰਘ ਪਹਿਲਵਾਨ ਅਤੇ ਬ੍ਰਿਗੇਡੀਅਰ ਰਾਜਕੁਮਾਰ ਦੇ ਨਾਂ ਸ਼ਾਮਲ ਹਨ। ਸੂਚੀ 'ਚ ਹਾਲਾਂਕਿ ਪੂਰੇ ਅੰਮ੍ਰਿਤਸਰ ਜ਼ਿਲੇ ਦੇ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਨਾਮਜ਼ਦ ਕੀਤੇ ਗਏ ਹਨ ਪਰ ਮਜੀਠਾ ਹਲਕਾ, ਜਿਥੋਂ ਹਿੰਮਤ ਸਿੰਘ ਸ਼ੇਰਗਿੱਲ ਨੇ ਚੋਣ ਲੜੀ ਸੀ, ਉਥੋਂ ਕਿਸੇ ਨੂੰ ਵੀ ਨਾਮਜ਼ਦ ਨਹੀਂ ਕੀਤਾ ਗਿਆ ਹੈ। ਉਥੇ ਹੀ ਮੋਗਾ ਦੇ ਜ਼ਿਲਾ ਪ੍ਰਧਾਨ ਵਜੋਂ ਨਸੀਬ ਬਾਵਾ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਬੁਲਾਰਾ ਤੇ ਮੀਡੀਆ ਪੈਨਲਿਸਟ ਟੀਮ ਵਜੋਂ 21 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
