ਕੈਪਟਨ ਦੇ ਫੁਰਮਾਨ ਖਿਲਾਫ ''ਆਪ'', ਥਰਮਲ ਕਰਮੀਆਂ ਦੇ ਹੱਕ ''ਚ ਉਤਰੀ

12/22/2017 12:09:45 PM

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਖਿਲਾਫ ਉਤਰ ਗਈ ਹੈ। ਆਮ ਆਦਮੀ ਪਾਰਟੀ ਇਨ੍ਹਾਂ ਥਰਮਲ ਪਲਾਂਟਾਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਹੱਕ 'ਚ ਨਿੱਤਰ ਆਈ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਅਜਿਹੇ ਫੈਸਲੇ ਨਾਲ ਬਹੁਤ ਸਾਰੇ ਮੁਲਾਜ਼ਮ ਬੇਰੋਜ਼ਗਾਰ ਹੋ ਜਾਣਗੇ। ਵੀਰਵਾਰ ਨੂੰ ਜਾਰੀ ਹੋਏ ਇਕ ਬਿਆਨ 'ਚ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਸਹਿ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀਆਂ ਸਾਰੀਆਂ ਯੂਨਿਟਾਂ ਅਤੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦੀਆਂ 2 ਯੂਨਿਟਾਂ ਨੂੰ ਸਥਾਈ ਰੂਪ 'ਚ ਬੰਦ ਕਰਨ ਦਾ ਫੈਸਲਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਪੱਧਰ 'ਤੇ ਕੈਪਟਨ ਸਰਕਾਰ ਦੀ ਸੋਚ ਵੀ ਦੀਵਾਲੀਆ ਹੋ ਗਈ ਹੈ ਕਿਉਂਕਿ ਸੂਬੇ ਨੂੰ ਪ੍ਰਾਈਵੇਟ ਥਰਮਲ ਪਲਾਂਟ ਲਾਬੀ ਦੇ ਰਹਿਮੋ-ਕਰਮ 'ਤੇ ਹੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਖਾਮਿਆਜ਼ਾ ਸੂਬੇ ਦੀ ਜਨਤਾ ਨੂੰ ਲੰਬੇ ਸਮੇਂ ਤੱਕ ਭੁਗਤਣਾ ਪਵੇਗਾ ਕਿਉਂਕਿ ਏਕਾਧਿਕਾਰ ਹੋਣ ਕਾਰਨ ਪ੍ਰਾਈਵੇਟ ਥਰਮਲ ਪਲਾਂਟ ਲਾਬੀ ਮਨਮਾਨੇ ਮੁੱਲਾਂ 'ਤੇ ਬਿਜਲੀ ਵੇਚਣਗੇ ਅਤੇ ਪੰਜਾਬ ਦੇ ਲੋਕਾਂ ਕੋਲ ਮਹਿੰਗੀ ਬਿਜਲੀ ਖਰੀਦਣ ਤੋਂ ਇਲਾਵਾ ਕੋਈ ਦੂਜਾ ਬਦਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਉਤਸ਼ਾਹਿਤ ਕਰਨ ਵਾਲੀ ਪੰਜਾਬ ਸਰਕਾਰ ਦਾ ਇਹ ਫੈਸਲਾ ਜਨ ਵਿਰੋਧੀ ਅਤੇ ਪੰਜਾਬ ਵਿਰੋਧੀ ਸਾਬਿਤ ਹੋਵੇਗਾ।


Related News