''ਆਪ'' ਕੋਰ ਕਮੇਟੀ ਦੀ ਮੀਟਿੰਗ ਅੱਜ, ਗਵਰਨਰ ਨੂੰ ਵੀ ਮਿਲੇਗਾ ਵਫ਼ਦ

Tuesday, Oct 16, 2018 - 09:08 AM (IST)

''ਆਪ'' ਕੋਰ ਕਮੇਟੀ ਦੀ ਮੀਟਿੰਗ ਅੱਜ, ਗਵਰਨਰ ਨੂੰ ਵੀ ਮਿਲੇਗਾ ਵਫ਼ਦ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਪੰਜਾਬ ਵਲੋਂ ਨਵਗਠਿਤ ਕੋਰ ਕਮੇਟੀ ਦੀ ਪਹਿਲੀ ਮੀਟਿੰਗ ਮੰਗਲਵਾਰ ਨੂੰ ਹੋਣ ਜਾ ਰਹੀ ਹੈ। ਕੋਰ ਕਮੇਟੀ 'ਚ ਕੁੱਲ 22 ਮੈਂਬਰ ਹਨ ਤੇ ਇਸ ਦੀ ਪ੍ਰਧਾਨਗੀ ਬੁਢਲਾਡਾ ਤੋਂ ਵਿਧਾਇਕ ਬੁੱਧ ਰਾਮ ਕਰਨਗੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵਲੋਂ ਮੰਗਲਵਾਰ ਨੂੰ ਹੀ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਮੁੱਦੇ 'ਤੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਇਕ ਮੀਮੋ ਸੌਂਪਿਆ ਜਾਵੇਗਾ। 'ਆਪ' ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਸੱਦ ਲਈ ਗਈ ਹੈ।

ਮੰਗਲਵਾਰ ਨੂੰ ਹੋਣ ਵਾਲੀ ਇਸ ਬੈਠਕ 'ਚ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਤੋਂ ਲੈ ਕੇ ਪੰਜਾਬ 'ਚ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਚਰਚਾ ਹੋਵੇਗੀ। ਸੰਭਾਵਨਾ ਹੈ ਕਿ ਬੈਠਕ ਦੌਰਾਨ ਹੀ ਪੰਜਾਬ 'ਚ  'ਆਪ' ਵਿਧਾਇਕਾਂ ਦੀ ਧੜੇਬਾਜ਼ੀ ਨੂੰ ਖਤਮ ਕਰਨ ਸਬੰਧੀ ਵੀ ਚਰਚਾ ਕੀਤੀ ਜਾਵੇ ਤੇ ਬਾਗੀ ਸੁਖਪਾਲ ਸਿੰਘ ਖਹਿਰਾ ਧੜੇ ਨਾਲ ਗੱਲਬਾਤ ਦਾ ਰਸਤਾ ਅਖਤਿਆਰ ਕਰਨ ਵੱਲ ਵਧਿਆ ਜਾਵੇਗਾ। ਉਥੇ ਹੀ ਪਾਰਟੀ ਵਿਧਾਇਕ ਐੱਚ. ਐੱਸ. ਫੂਲਕਾ ਵਲੋਂ ਆਪਣੇ ਵਿਧਾਇਕ ਅਹੁਦੇ ਤੋਂ ਭੇਜੇ ਗਏ ਅਸਤੀਫੇ ਦੇ ਮੁੱਦੇ 'ਤੇ ਵੀ ਪਾਰਟੀ ਫੋਰਮ 'ਚ ਚਰਚਾ ਹੋਵੇਗੀ।


Related News