''ਨੋਟ'' ਮੁੱਕਦਿਆਂ ਹੀ ''ਆਪ'' ਨੂੰ ਯਾਦ ਆਏ ਵਾਲੰਟੀਅਰ
Monday, Apr 22, 2019 - 09:58 AM (IST)
![''ਨੋਟ'' ਮੁੱਕਦਿਆਂ ਹੀ ''ਆਪ'' ਨੂੰ ਯਾਦ ਆਏ ਵਾਲੰਟੀਅਰ](https://static.jagbani.com/multimedia/2019_4image_09_57_452724262aamadmiparty1.jpg)
ਚੰਡੀਗੜ੍ਹ : ਆਮ ਆਦਮੀ ਪਾਰਟੀ ਇਸ ਵਾਰ 'ਨੋਟਾਂ' ਦੀ ਥਾਂ ਵਾਲੰਟੀਅਰਾਂ ਦੇ ਸਿਰ 'ਤੇ ਹੀ ਲੋਕ ਸਭਾ ਚੋਣ ਲੜੇਗੀ ਕਿਉਂਕਿ ਪਾਰਟੀ ਕੋਲ ਫੰਡਾਂ ਦੀ ਬਹੁਤ ਘਾਟ ਹੈ, ਜਿਸ ਕਾਰਨ ਪਾਰਟੀ ਨੂੰ ਹੁਣ ਆਪਣੇ ਵਾਲੰਟੀਅਰ ਯਾਦ ਆਏ ਹਨ ਪਰ ਜੇਕਰ 'ਆਪ' ਦੇ ਸਿਧਾਤਾਂ 'ਤੇ ਝਾਤੀ ਮਾਰੀਏ ਤਾਂ ਪਾਰਟੀ 'ਚ ਵਾਲੰਟੀਅਰਾਂ ਨੂੰ ਹੀ ਹਰ ਪੱਧਰ 'ਤੇ ਤਰਜੀਹ ਦੇਣ ਦਾ ਪਾਠ ਪੜ੍ਹਾਇਆ ਹੈ। ਜੇਕਰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਪਾਰਟੀ ਧਨਾਢਾਂ ਅਤੇ ਦਲਬਦਲੂਆਂ ਦੀ ਥਾਂ ਵਾਲੰਟੀਅਰਾਂ ਨੂੰ ਟਿਕਟਾਂ ਦਿੰਦੀ ਤਾਂ ਸ਼ਾਇਦ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਪਾਰਟੀ 'ਚ ਫੁੱਟ ਪੈਣ ਕਾਰਨ ਪਾਰਟੀ ਵਿੱਤੀ ਸੰਕਟ ਵੱਲ ਧੱਕ ਗਈ ਹੈ, ਜਿਸ ਕਾਰਨ ਲੀਡਰਸ਼ਿਪ ਨੂੰ ਇਹ ਚੋਣਾਂ ਪੂਰੀ ਤਰ੍ਹਾਂ ਵਾਲੰਟੀਅਰਾਂ ਦੇ ਮੋਢਿਆਂ 'ਤੇ ਹੀ ਲੜਨ ਲਈ ਮਜਬੂਰ ਹੋਣਾ ਪਿਆ ਹੈ। ਇਸ ਲਈ ਪਾਰਟੀ ਇਸ ਵਾਰ ਇਸ਼ਤਿਹਾਰਾਂ, ਬੈਨਰਾਂ ਅਤੇ ਮਸ਼ਹੂਰ ਗੱਡੀਆਂ ਰਾਹੀਂ ਪ੍ਰਚਾਰ ਕਰਨ ਦੀ ਥਾਂ ਵਾਲੰਟੀਅਰਾਂ ਰਾਹੀਂ ਹੀ ਪ੍ਰਚਾਰ ਕਰਾਵੇਗੀ।