ਵਿਕਾਸ ਦੇ ਏਜੰਡੇ ’ਤੇ ਚੋਣਾਂ ਜਿੱਤੇਗੀ ਆਮ ਆਦਮੀ ਪਾਰਟੀ: ਅਰਵਿੰਦ ਕੇਜਰੀਵਾਲ

Wednesday, Dec 15, 2021 - 08:09 PM (IST)

ਜਲੰਧਰ- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ’ਆਪ’ 2022 ਦੀਆਂ ਚੋਣਾ ਵਿਕਾਸ ਦੇ ਏਜੰਡੇ ’ਤੇ ਲੜੇਗੀ ਅਤੇ ਭਾਰੀ ਜਿੱਤ ਪ੍ਰਾਪਤ ਕਰੇਗੀ, ਕਿਉਂਕਿ ਪੰਜਾਬ ਸਮੇਤ ਦੇਸ਼ ਭਰ ’ਚ ਦਿੱਲੀ ਸਰਕਾਰ ਦੀ ‘ਕੰਮ ਦੀ ਰਾਜਨੀਤੀ’ ਨੇ ਇੱਕ ਨਵੀਂ ਉਮੀਦ ਜਗਾਈ ਹੈ। ਬੁੱਧਵਾਰ ਨੂੰ ਆਪਣੀ ਦੋ ਰੋਜ਼ਾ ਪੰਜਾਬ ਫੇਰੀ ਦੇ ਪਹਿਲੇ ਦਿਨ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਬੈਠਕ ਕਰ ਰਹੇ ਸਨ। ਬੈਠਕ ’ਚ ਸੂਬਾ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਵੀ ਉਚੇਚੇ ਤੌਰ ’ਤੇ ਮੌਜ਼ੂਦ ਸਨ। 

PunjabKesari

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀਆਂ ਉਦਯੋਗ ਵਿਰੋਧੀ ਨੀਤੀਆਂ ਕਾਰਨ ਲੱਕੜ ਆਧਾਰਿਤ ਇੰਡਸਟਰੀ ਬੰਦ ਹੋਣ ਦੇ ਕੰਢੇ
ਕੇਜਰੀਵਾਲ ਨੇ ਪਾਰਟੀ ਉਮੀਦਵਾਰਾਂ ਤੋਂ ਉਨ੍ਹਾਂ ਦੇ ਹਲਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਹਸਲ ਕੀਤੀ ਅਤੇ ਚੋਣ ਲੜਨ ਲਈ ਲੋੜੀਂਦੇ ਤੇ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ। ਪਾਰਟੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਕੇਜਰੀਵਾਲ ਨੇ ਸਪੱਸ਼ਟ ਕੀਤਾ ਕਿ ‘ਆਪ’ ਦਾ ਮਿਸ਼ਨ 2022 ਸਕਾਰਾਤਮਕ ਅਤੇ ਪੰਜਾਬ ਦੇ ਬਹੁਪੱਖੀ ਵਿਕਾਸ ਦੇ ਏਜੰਡੇ ’ਤੇ ਕੇਂਦਰਿਤ ਰਹੇਗਾ। ਕੇਜਰੀਵਾਲ ਨੇ ਦੱਸਿਆ ਕਿ ਅੱਜ ਸੂਬੇ ਦੇ ਲੋਕ ਅਤੇ ਸੂਬੇ ਦੀ ਵਿੱਤੀ ਸਥਿਤੀ ਗੰਭੀਰ ਚੁਣੌਤੀਆਂ ਅਤੇ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ। 
ਕੇਜਰੀਵਾਲ ਨੇ ਦੱਸਿਆ ਕਿ ਜੇਕਰ ਸੂਬੇ ਨੂੰ ਵਿਕਾਸ ਦੀ ਪਟੜੀ ’ਤੇ ਚੜਾਉਣਾ ਹੈ ਤਾਂ ਇਸ ਲਈ ਸਾਫ਼ ਸਪੱਸ਼ਟ ਨੀਅਤ, ਨੀਤੀ ਅਤੇ ਇਮਾਨਦਾਰੀ ਦੇ ਨਾਲ ਨਾਲ ਦ੍ਰਿੜ ਸਿਆਸੀ ਇੱਛਾ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ, ਪ੍ਰੰਤੂ ਇਹ ਪੰਜਾਬ ਅਤੇ ਪੰਜਾਬੀਆਂ ਦੀ ਬਦਕਿਸਮਤੀ ਰਹੀ ਹੈ ਕਿ ਜਿੰਨਾਂ (ਕਾਂਗਰਸ, ਬਾਦਲ, ਭਾਜਪਾ) ਨੂੰ ਸੱਤਾ  ਸੌਂਪੀ ਉਹ ਇੱਕ ਦੂਜੇ ਤੋਂ ਵਧ ਕੇ ਬੇਈਮਾਨ ਨਿਕਲੇ। ਉਨ੍ਹਾਂ ਆਪਣਾ ਤਾਂ ਸੱਤ ਪੁਸ਼ਤਾਂ ਤੱਕ ਦਾ ਵਿਕਾਸ ਕਰ ਲਿਆ, ਪ੍ਰੰਤੂ ਲੋਕਾਂ ਅਤੇ ਸੂਬੇ ਨੂੰ ਗੰਭੀਰ ਸੰਕਟਾਂ ਦੀ ਦਲਦਲ ’ਚ ਫਸਾ ਦਿੱਤਾ।

PunjabKesari

ਇਹ ਵੀ ਪੜ੍ਹੋ- ਟਰਾਂਸਪੋਰਟ ਮੰਤਰੀ ਵਲੋਂ ਸੜਕਾਂ ’ਤੇ ਸਥਿਤ ਬਲੈਕ ਸਪਾਟਸ ਨੂੰ ਪਹਿਲ ਦੇ ਆਧਾਰ ’ਤੇ ਠੀਕ ਕਰਨ ਦੇ ਹੁਕਮ
ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਕੰਮ ਦੀ ਰਾਜਨੀਤੀ’  ਵਿੱਚ ਵਿਸ਼ਵਾਸ਼ ਕਰਦੀ ਹੈ ਅਤੇ ਦਿੱਲੀ ਦਾ ਵਿਕਾਸ ਮਾਡਲ ਅੱਜ ਸਭ ਦੇ ਸਾਹਮਣੇ ਹੈ। ਇਸ ਲਈ ਵਿਕਾਸ ਦੇ ਏਜੰਡੇ ’ਤੇ ਕੇਂਦਰਿਤ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਵੀ ਦਿੱਲੀ ਵਾਂਗ ਸਿਹਤ , ਸਿੱਖਿਆ, ਭ੍ਰਿਸ਼ਟਾਚਾਰ ਮੁੱਕਤ, ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਵਾਲਾ ਸਾਫ਼ ਸੁੱਥਰਾ ਸ਼ਾਸਨ ਦੇਵੇਗੀ। ਇਸ ਲਈ ਹਰੇਕ ਉਮੀਦਵਾਰ ਆਪਣੇ ਚੋਣ ਪ੍ਰਚਾਰ ਦੌਰਾਨ ਵਿਕਾਸ ਦੇ ਏਜੰਡੇ ’ਤੇ ਜ਼ੋਰ ਦੇਵੇ। 
ਇਸ ਮੌਕੇ ‘ਆਪ’ ਦੀ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ) ਸਮੇਤ ਲਾਲ ਚੰਦ ਕਟਾਰੂਚੱਕ, ਰਾਜਵਿੰਦਰ ਕੌਰ, ਸੁਰਿੰਦਰ ਸਿੰਘ ਸੋਢੀ, ਪ੍ਰੇਮ ਕੁਮਾਰ, ਨੀਲ ਗਰਗ ਅਤੇ ਹੋਰ ਉਮੀਦਵਾਰ ਹਾਜ਼ਰ ਸਨ।  

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Bharat Thapa

Content Editor

Related News