ਰੰਧਾਵਾ ਦਾ ਕੇਜਰੀਵਾਲ 'ਤੇ ਵੱਡਾ ਬਿਆਨ, ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਆਖਿਆ 'ਪੈੱਗਵੰਤ ਮਾਨ'
Wednesday, Dec 16, 2020 - 08:15 PM (IST)
ਚੰਡੀਗੜ੍ਹ : ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਇਸ ਦਾਅਵੇ ਕਿ ਦਿੱਲੀ ਵਿਚ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ) ਤੋਂ ਵੱਧ ਭਾਅ ਦਿੱਤਾ ਗਿਆ ਹੈ, ਨੂੰ ਝੂਠ ਦਾ ਪੁਲੰਦਾ ਐਲਾਨਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਦਿੱਲੀ ਸਰਕਾਰ ਨੇ ਐੱਮ.ਐੱਸ.ਪੀ ਤੋਂ ਵੱਧ ਭਾਅ 'ਤੇ ਫ਼ਸਲ ਚੁੱਕੀ ਤਾਂ ਬਿਹਾਰ, ਯੂ.ਪੀ. ਅਤੇ ਮੱਧ ਪ੍ਰਦੇਸ਼ ਤੋਂ ਝੋਨਾ ਪੰਜਾਬ ਵਿਕਣ ਲਈ ਕਿਉਂ ਪਹੁੰਚਿਆ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਝੋਨੇ ਦੀ ਖਰੀਦ ਦੌਰਾਨ ਦੂਸਰੇ ਰਾਜਾਂ ਤੋਂ ਪੰਜਾਬ ਵਿਚ ਵਿਕਣ ਲਈ ਆਏ ਝੋਨੇ ਦੇ ਟਰੱਕਾਂ ਦੇ ਟਰੱਕ ਕਿਸਾਨਾਂ ਅਤੇ ਪੁਲਸ ਵੱਲੋਂ ਪੰਜਾਬ ਸਰਹੱਦ 'ਤੇ ਫੜ੍ਹੇ ਗਏ। ਉਨ੍ਹਾਂ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਦਿੱਲੀ ਵਿਚ ਝੋਨੇ ਦਾ ਕੁੱਲ ਉਤਪਾਦਨ ਪੰਜਾਬ ਦੇ ਇਕ ਬਲਾਕ ਨਾਲੋਂ ਵੀ ਘੱਟ ਹੋਵੇਗਾ, ਫਿਰ ਦੂਸਰੇ ਸੂਬਿਆਂ ਤੋਂ ਆਉਣ ਵਾਲਾ ਝੋਨਾ ਵਿਕਣ ਲਈ ਦਿੱਲੀ ਕਿਉਂ ਨਹੀਂ ਗਿਆ ਜਦੋਂ ਕਿ ਤੁਸੀਂ ਤਾਂ ਐੱਮ.ਐੱਸ.ਪੀ. ਤੋਂ ਵੀ ਵੱਧ ਕੀਮਤ ਤੇ ਝੋਨਾ ਖਰੀਦ ਰਹੇ ਸੀ?
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ
ਰੰਧਾਵਾ ਨੇ ਕਿਹਾ ਕਿ ਕੇਜਰੀਵਾਲ ਨੇ ਆਪਣੀ ਸਿਆਸਤ ਦੀ ਸ਼ੁਰੂਆਤ ਹੀ ਝੂਠ ਨਾਲ ਕੀਤੀ ਸੀ ਅਤੇ ਗਰਮ ਮੁੱਦਿਆਂ ਤੇ ਗੁੰਮਰਾਹਕੁਨ ਝੂਠੇ ਬਿਆਨ ਦਾਗ ਕੇ ਉਹ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਲਾਹਾ ਲੈਣ ਲਈ ਦੀ ਸਿਆਸਤ ਝੂਠ 'ਤੇ ਆਧਾਰਤ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਹੀ ਉਹ ਦਿੱਲੀ ਦੇ ਮੁੱਖ ਮੰਤਰੀ ਬਣੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਅਸਲ ਵਿਚ ਕੇਜਰੀਵਾਲ ਭਾਜਪਾ ਵੱਲੋਂ ਖੜ੍ਹਾ ਕੀਤਾ ਗਿਆ ਇਕ ਮੁਖੌਟਾ ਹੈ ਜੋ ਆਨੇ-ਬਹਾਨੇ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਆਪਣੇ ਮਾਲਕਾਂ ਦਾ ਹੁਕਮ ਵਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 23 ਨਵੰਬਰ ਨੂੰ ਦਿੱਲੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਨੂੰ ਲਾਗੂ ਕਰਨ ਲਈ ਜਾਰੀ ਕੀਤੇ ਜਾਣ ਨਾਲ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਇਸ ਬੀ-ਟੀਮ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਗੱਲ-ਗੱਲ ਤੇ ਧਰਨੇ 'ਤੇ ਬੈਠਣ ਵਾਲਾ ਕੇਜਰੀਵਾਲ ਅੱਜ ਬਹਾਨਾ ਬਣਾ ਰਿਹਾ ਹੈ ਕਿ ਉਸ ਨੂੰ ਘਰ ਵਿਚ ਕੈਦ ਕਰ ਦਿੱਤਾ ਗਿਆ ਹੈ। ਇਥੇ ਸਵਾਲ ਹੈ ਕਿ ਉਸ ਨੂੰ ਪਹਿਲਾਂ ਕਦੇ ਘਰ ਵਿੱਚ ਨਜਰਬੰਦ ਕਿਉਂ ਨਹੀਂ ਕੀਤਾ ਗਿਆ ਅਤੇ ਹੁਣ ਜਦੋਂ ਉਸ ਨੂੰ ਕਿਸਾਨ ਹਿਤਾਂ ਵਿਚ ਪ੍ਰਧਾਨ ਮੰਤਰੀ ਨਿਵਾਸ ਅੱਗੇ ਧਰਨਾ ਦੇਣਾ ਚਾਹੀਦਾ ਹੈ ਤਾਂ ਉਹ ਬਹਾਨੇ ਬਣਾ ਰਿਹਾ ਹੈ।
ਇਹ ਵੀ ਪੜ੍ਹੋ : ਮਾਂ-ਧੀ ਨੇ ਇਕੱਠਿਆਂ ਲਿਆ ਫਾਹਾ, ਖ਼ੁਦਕੁਸ਼ੀ ਨੋਟ 'ਚ ਪੜ੍ਹਿਆ ਤਾਂ ਖੁੱਲ੍ਹਿਆ ਭੇਤ
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਲੋਕਾਂ ਵਿਚ ਪੈੱਗਵੰਤ ਮਾਨ ਵਜੋਂ ਜਾਣੇ ਜਾਂਦੇ ਕਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਜੇਕਰ ਸੱਚੀ-ਮੁੱਚੀ ਕਿਸਾਨ ਹਿਤੈਸ਼ੀ ਹਨ ਤਾਂ ਕੁਝ ਦਿਨਾਂ ਲਈ ਆਪਣੀ ਨਸ਼ੇ ਦੀ ਲੱਤ ਦੀ ਕੁਰਬਾਨੀ ਕਰਕੇ ਕੇਂਦਰ ਸਰਕਾਰ ਵਿਰੁੱਧ ਜੰਤਰ-ਮੰਤਰ ਵਿਖੇ ਧਰਨਾ ਹੋਣ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ, ਧਾਰਮਿਕ ਸਮਾਗਮਾਂ, ਦਾਹ-ਸੰਸਕਾਰ ਮੌਕੇ ਅਤੇ ਸੰਸਦ ਤੱਕ ਨਸ਼ੇ ਦੀ ਹਾਲਤ ਵਿਚ ਪਹੁੰਚਣ ਵਾਲੇ ਭਗਵੰਤ ਮਾਨ ਜੇਕਰ ਜੰਤਰ-ਮੰਤਰ ਵਿਖੇ ਕੁਝ ਦਿਨ ਨਸ਼ੇ ਤੋਂ ਬਿਨਾ ਧਰਨਾ ਦੇਣ ਵਿਚ ਕਾਮਯਾਬ ਹੋ ਗਏ ਤਾਂ ਇਸ ਨਾਲ ਲੋਕਾਂ ਵਿਚ ਘੱਟੋ-ਘੱਟ ਇਹ ਵਿਸ਼ਵਾਸ ਬਹਾਲ ਕਰ ਸਕਣਗੇ ਕਿ ਉਹ ਆਪਣੇ-ਆਪ 'ਤੇ ਤਾਂ ਕੰਟਰੋਲ ਕਰ ਹੀ ਲੈਂਦੇ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਪੰਜਾਬ ਭਾਜਪਾ ਵੀ ਹੋਈ ਸਰਗਰਮ, ਸ਼ਵੇਤ ਮਲਿਕ ਨੇ ਆਖੀ ਵੱਡੀ ਗੱਲ
ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੂੰ ਕੇਜਰੀਵਾਲ ਪਿੱਛੇ ਲੱਗ ਕੇ ਭਾਜਪਾ ਦੀ 'ਬੀ' ਟੀਮ ਵਜੋਂ ਕਿਸਾਨ ਵਿਰੋਧ ਕੰਮ ਨਾ ਕਰਨ ਦੀ ਅਪੀਲ ਕਰਦਿਆਂ ਰੰਧਾਵਾ ਨੇ ਕਿਹਾ ਕਿ ਭਾਜਪਾ ਵੱਲੋਂ ਦੇਸ਼ ਦੇ ਕੁਝ ਚੋਣਵੇਂ ਸਨਅਤਕਾਰਾਂ ਨਾਲ ਮਿਲ ਕੇ ਦੇਸ਼ ਵਿਚੋਂ ਵਿਰੋਧੀ ਧਿਰ ਨੂੰ ਖ਼ਤਮ ਕਰਨ ਲਈ ਰਚੀ ਗਈ ਸਾਜ਼ਿਸ਼ ਦਾ ਇਕ ਪਾਤਰ ਹੈ ਕੇਜਰੀਵਾਲ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਭਾਜਪਾ ਅਤੇ ਇੰਨਾ ਅਦਾਰਿਆਂ ਦੇ ਇਸ਼ਾਰੇ 'ਤੇ ਹੀ 2016 ਵਿਚ ਜਦੋਂ ਕਿ ਕਿਸਾਨ ਬਿੱਲਾਂ ਦੀ ਕੋਈ ਚਰਚਾ ਵੀ ਨਹੀਂ ਸੀ, ਆਪਣੇ ਇਕ ਟਵੀਟ ਰਾਹੀਂ ਖੇਤੀਬਾੜੀ ਵਿਚ ਵੱਡੇ ਅਦਾਰਿਆਂ ਦੇ ਨਿਵੇਸ਼ ਦੀ ਵਕਾਲਤ ਕਰਕੇ ਇੰਨ੍ਹਾਂ ਕਾਨੂੰਨਾਂ ਦਾ ਮੁੱਢ ਬੰਨ੍ਹਿਆ ਸੀ। ਉਨ੍ਹਾਂ ਆਮ ਆਦਮੀ ਪਾਰਟੀ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਨੂੰ ਕੇਜਰੀਵਾਲ ਵੱਲੋਂ ਵਾਰ-ਵਾਰ ਪਾਣੀਆਂ, ਪਰਾਲੀ ਮਾਮਲੇ ਸਮੇਤ ਹੋਰਨਾਂ ਮੁੱਦਿਆਂ ਤੇ ਪੰਜਾਬ ਵਿਰੋਧੀ ਸਟੈਂਡ ਲੈਣ ਅਤੇ ਹੁਣ ਕਾਹਲੀ ਵਿਚ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਦਿਖਾਈ ਨਹੀ ਦਿੰਦਾ? ਕੀ ਤੁਹਾਡੇ ਲਈ ਸੌੜੇ ਸਿਆਸੀ ਲਾਹੇ ਕਿਸਾਨਾਂ ਤੇ ਪੰਜਾਬ ਦੇ ਹਿੱਤਾਂ ਤੋਂ ਵੀ ਵੱਡੇ ਹੋ ਗਏ ਹਨ?
ਇਹ ਵੀ ਪੜ੍ਹੋ : ਭਗਵੰਤ ਮਾਨ ਦੀਆਂ ਕੇਂਦਰ ਨੂੰ ਖਰੀਆਂ-ਖਰੀਆਂ, ਕਿਹਾ ਮੋਦੀ ਸਰਕਾਰ ਨੇ ਬਣਾਇਆ ਇਹ ਰਿਕਾਰਡ