''ਆਮ ਆਦਮੀ ਪਾਰਟੀ'' ਦੀ ਬਾਜਵਾ ਨੂੰ ਸਖ਼ਤ ਚਿਤਾਵਨੀ, ''ਇਕ ਹਫ਼ਤੇ ''ਚ ਮੰਗਣ ਮੁਆਫ਼ੀ ਨਹੀਂ ਤਾਂ'' (ਵੀਡੀਓ)

06/05/2023 5:24:57 PM

ਚੰਡੀਗੜ੍ਹ : ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੀ ਅਹਿਮ ਪ੍ਰੈੱਸ ਚੰਡੀਗੜ੍ਹ ਵਿਖੇ ਹੋਈ। ਇਸ ਦੌਰਾਨ ਮੰਤਰੀਆਂ ਅਤੇ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ 'ਤੇ ਸਖ਼ਤ ਇਤਰਾਜ਼ ਜਤਾਇਆ, ਜਿਸ 'ਚ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਮੋਬਾਇਲ ਰਿਪੇਅਰ ਵਾਲਾ ਦੱਸਿਆ ਗਿਆ ਸੀ। 'ਆਪ' ਨੇ ਬਾਜਵਾ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਇਕ ਹਫ਼ਤੇ ਅੰਦਰ ਮੁਆਫ਼ੀ ਮੰਗਣ ਦਾ ਸਮਾਂ ਦਿੱਤਾ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 3 ਦਿਨ ਪਹਿਲਾਂ ਪੰਜਾਬ ਦੀਆਂ ਵਿਰੋਧੀ ਧਿਰਾਂ ਆਪਣੇ ਕਿਸੇ ਮਕਸਦ ਲਈ ਇਕੱਠੀਆਂ ਹੋਈਆਂ ਸਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਬਾਰੇ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਇਹ ਸੋਚ ਕੇ ਬਾਜਵਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਸੀ ਕਿ ਉਹ ਸੂਝਵਾਨ ਲੀਡਰ ਹਨ ਪਰ ਉਨ੍ਹਾਂ ਦੇ ਦਿਮਾਗ ਦਾ ਪਾਗਲਪਨ ਅਤੇ ਗਰੀਬ ਲੋਕਾਂ ਲਈ ਨਫ਼ਰਤ ਉਸ ਸਮੇਂ ਝਲਕ ਪਈ, ਜਦੋਂ ਉਨ੍ਹਾਂ ਨੇ ਵਿਧਾਇਕ ਲਾਭ ਸਿੰਘ ਉਗੋਕੇ ਬਾਰੇ ਗਲਤ ਬਿਆਨਬਾਜ਼ੀ ਕੀਤੀ।

ਇਹ ਵੀ ਪੜ੍ਹੋ : PU ਮਾਮਲੇ 'ਤੇ CM ਭਗਵੰਤ ਮਾਨ ਦੇ ਅਹਿਮ ਖ਼ੁਲਾਸੇ, ਬੋਲੇ-ਹਰਿਆਣਾ ਨੂੰ ਮੇਰੀ ਕੋਰੀ ਨਾਂਹ (ਵੀਡੀਓ)

ਚੀਮਾ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਮਾਜਿਕ ਤੌਰ 'ਤੇ ਪਿੱਛੜੇ ਲੋਕਾਂ ਨੂੰ ਪਹਿਲਾਂ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਪਰ ਉਸ ਤੋਂ ਬਾਅਦ ਜਿੰਨੀਆਂ ਵੀ ਸੰਸਥਾਵਾਂ ਨੇ, ਉਨ੍ਹਾਂ ਸਭ 'ਚ ਸੰਵਿਧਾਨਿਕ ਹੱਕ ਲੈ ਕੇ ਦਿੱਤੇ ਪਰ ਅੱਜ ਦੇ ਲੀਡਰ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਬਾਜਵਾ ਨੇ ਗੈਰ-ਸੰਵਿਧਾਨਿਕ ਅਤੇ ਭੈੜੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਇਸ ਮੌਕੇ ਲਾਭ ਸਿੰਘ ਉਗੋਕੇ ਨੇ ਬੋਲਦਿਆਂ ਕਿਹਾ ਕਿ ਬਾਜਵਾ ਦੇ ਬਿਆਨ ਤੋਂ ਉਨ੍ਹਾਂ ਦੀ ਦਲਿਤ ਸਮਾਜ ਪ੍ਰਤੀ ਸੌੜੀ ਮਾਨਸਿਕਤਾ ਝਲਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਜਵਾ ਮੈਨੂੰ ਇਕੱਲੇ ਨੂੰ ਇਹ ਗੱਲ ਬੋਲਦੇ ਤਾਂ ਸ਼ਾਇਦ ਮੈਂ ਜਰ ਲੈਂਦਾ ਪਰ ਬਾਜਵਾ ਨੇ ਗਰੀਬ ਲੋਕਾਂ ਨੂੰ ਮਾੜਾ ਕਿਹਾ ਹੈ, ਜਿਨ੍ਹਾਂ ਦੀ ਗੱਲ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ 6 ਮਹੀਨੇ ਦਾ ਕੋਰਸ ਕਰਕੇ ਮੋਬਾਇਲ ਰਿਪੇਅਰ ਦੀ ਦੁਕਾਨ ਚਲਾ ਰਿਹਾ ਸੀ ਤਾਂ ਕਿ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਾਂ ਪਰ ਆਮ ਆਦਮੀ ਪਾਰਟੀ ਦੀ ਸੋਚ ਨਾਲ ਜੁੜੇ ਤਾਂ ਪਤਾ ਨਹੀਂ ਸੀ ਕਿ ਮੈਂ ਵਿਧਾਨ ਸਭਾ 'ਚ ਪੁੱਜ ਜਾਵਾਂਗਾ ਪਰ ਬਾਜਵਾ ਦੇ ਮਨ 'ਚ ਬਹੁਤ ਜ਼ਿਆਦਾ ਜ਼ਹਿਰ ਭਰਿਆ ਹੋਇਆ ਹੈ। ਉਨ੍ਹਾ ਕਿਹਾ ਕਿ ਦਲਿਤ ਲੋਕ ਮਿਹਨਤ-ਮਜ਼ਦੂਰੀ ਕਰਕੇ ਖਾਂਦੇ ਹਨ, ਬਾਜਵਾ ਵਾਂਗ ਝੂਠ ਬੋਲ-ਬੋਲ ਕੇ ਸਿਆਸਤ ਨਹੀਂ ਕਰਦੇ।

ਇਹ ਵੀ ਪੜ੍ਹੋ : ਰੇਲ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਲੁਧਿਆਣਾ 'ਚ 22 ਟਰੇਨਾਂ ਦੇ ਸਟਾਪੇਜ ਬਦਲੇ

ਉਨ੍ਹਾਂ ਨੇ ਕਿਹਾ ਕਿ ਬਾਜਵਾ ਸਾਹਿਬ ਨੂੰ ਜਨਤਕ ਤੌਰ 'ਤੇ ਇਸ ਦੇ ਲਈ ਦਲਿਤ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਪਵੇਗੀ। ਮੰਤਰੀਆਂ ਅਤੇ ਵਿਧਾਇਕਾਂ ਨੇ ਮੰਗ ਕੀਤੀ ਕਿ ਕਾਂਗਰਸ ਦੀ ਕੌਮੀ ਲੀਡਰਸ਼ਿਪ ਪ੍ਰਤਾਪ ਸਿੰਘ ਬਾਜਵਾ ਨੂੰ ਪਾਰਟੀ 'ਚੋਂ ਬਾਹਰ ਕੱਢੇ। ਉਨ੍ਹਾਂ ਕਿਹਾ ਕਿ ਗਰੀਬਾਂ ਦਾ ਅੱਗੇ ਆਉਣਾ ਇਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ। ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਉਹ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਇਹ ਲੋਕ ਮਟੀਰੀਅਲ ਨਹੀਂ, ਸਗੋਂ ਸੰਵਿਧਾਨਕ ਪ੍ਰਕਿਰਿਆ ਰਾਹੀਂ ਚੁਣ ਕੇ ਵਿਧਾਨ ਸਭਾ 'ਚ ਆਏ ਹਨ। ਲੱਖਾਂ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਵਿਧਾਨ ਸਭਾ 'ਚ ਦਾਖ਼ਲ ਹੋਏ ਹਨ। ਤੁਸੀਂ ਉਨ੍ਹਾਂ ਨੂੰ ਮਟੀਰੀਅਲ ਦੱਸ ਕੇ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਤੁਹਾਡੀ ਪਾਰਟੀ ਇਨ੍ਹਾਂ ਲੋਕਾਂ ਨੂੰ ਇਕ ਪਦਾਰਥ ਸਮਝਦੀ ਰਹੀ ਹੈ ਕਿ ਜਦੋਂ ਮਰਜ਼ੀ ਇਨ੍ਹਾਂ ਲੋਕਾਂ ਨੂੰ ਖ਼ਰੀਦ ਲਵਾਂਗੇ ਤੇ ਵੇਚ ਲਵਾਂਗੇ।

ਇਹ ਵੀ ਪੜ੍ਹੋ : PSEB 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਬੋਰਡ ਨੇ ਜਾਰੀ ਕੀਤਾ ਇਹ ਸ਼ਡਿਊਲ

ਇਸੇ ਮਾਨਸਿਕਤਾ ਕਾਰਨ ਉਨ੍ਹਾਂ ਦੇ ਦਿਮਾਗ 'ਚ ਇਹ ਵਿਚਾਰ ਆਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਸਿਪਾਹੀ ਨਾ ਝੁਕਣ ਵਾਲੇ ਹਨ ਅਤੇ ਨਾ ਹੀ ਵਿਕਣ ਵਾਲੇ, ਇਸ ਲਈ ਇਹ ਲੋਕ ਅਜਿਹੀ ਮਾਨਸਿਕਤਾ ਨੂੰ ਖ਼ਤਮ ਕਰ ਦੇਣ। ਉਨ੍ਹਾਂ ਨੇ ਬਾਜਵਾ ਨੂੰ ਕਿਹਾ ਕਿ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਸਨ ਪਰ ਤੁਸੀਂ ਐਵੇਂ ਗਰੀਬੀ ਹਟਾਓ ਦੇ ਨਾਅਰੇ ਦੇ ਕੇ ਸਾਡੀਆਂ ਵੋਟਾਂ ਲੈਂਦੇ ਰਹੇ ਹੋ। ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕਿ ਬਾਜਵਾ ਨੂੰ ਜਨਤਕ ਤੌਰ 'ਤੇ ਦਲਿਤ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਪਵੇਗੀ ਅਤੇ ਇਸ ਦੇ ਲਈ ਉਨ੍ਹਾਂ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਖ਼ਿਲਾਫ ਕਾਨੂੰਨੀ ਤੌਰ 'ਤੇ ਬਣਦਾ ਐਕਸ਼ਨ ਲਿਆ ਜਾਵੇਗਾ। ਇਸ ਦੇ ਨਾਲ ਹੀ ਹਰਪਾਲ ਚੀਮਾ ਵੱਲੋਂ ਕਾਂਗਰਸ ਦੀ ਲੀਡਰਸ਼ਿਪ ਨੂੰ ਬਾਜਵਾ ਨੂੰ ਪਾਰਟੀ 'ਚੋਂ ਬਾਹਰ ਕੱਢਣ ਦੀ ਮੰਗ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News