ਆਮ ਆਦਮੀ ਪਾਰਟੀ ਨੇ ਘੇਰੀ ਕੇਂਦਰ ਸਰਕਾਰ, ਆਰਡੀਨੈਂਸ 'ਤੇ ਚੁੱਕੇ ਸਵਾਲ
Saturday, May 20, 2023 - 02:35 PM (IST)
ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸ ਖ਼ਿਲਾਫ਼ ਸਵਾਲ ਚੁੱਕੇ ਗਏ ਹਨ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਕੇਂਦਰ ਦਾ ਇਹ ਆਰਡੀਨੈਂਸ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਇਕ ਈਮਾਨਦਾਰ ਸਰਕਾਰ ਦਿੱਤੀ ਹੈ, ਜਿਸ ਕਾਰਨ 90 ਫ਼ੀਸਦੀ ਲੋਕਾਂ ਨੇ ਪਿਛਲੀ 3 ਵਾਰ ਉਨ੍ਹਾਂ ਨੂੰ ਜਿਤਾਇਆ ਹੈ ਅਤੇ ਇਸ ਗੱਲ ਤੋਂ ਪ੍ਰਧਾਨ ਮੰਤਰੀ ਮੋਦੀ ਡਰਦੇ ਹਨ। ਉਨ੍ਹਾਂ ਕਿਹਾ ਕਿ ਇਹ ਆਰਡੀਨੈਂਸ ਸੁਪਰੀਮ ਕੋਰਟ 'ਚ ਨਹੀਂ ਟਿਕੇਗਾ। ਭਾਜਪਾ ਨੇ ਲੋਕਾਂ ਦੀ ਚੁਣੀ ਹੋਈ ਸਰਕਾਰ ਦਾ ਮਜ਼ਾਕ ਬਣਾ ਰੱਖਿਆ ਹੈ ਅਤੇ ਲੋਕਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਇਸ ਤਾਨਾਸ਼ਾਹੀ ਰਵੱਈਏ ਨੂੰ ਦੇਸ਼ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ।
ਇਹ ਵੀ ਪੜ੍ਹੋ : ਨੂੰਹ ਕਿਤੇ ਵੀਡੀਓ ਨਾ ਦੇਖ ਲਵੇ, ਡਰਦੀ ਸੱਸ ਘਰੋਂ ਚਲੀ ਗਈ, ਫਿਰ 2 ਸਾਲਾਂ ਬਾਅਦ...
ਉਨ੍ਹਾਂ ਕਿਹਾ ਕਿ ਜਿਸ ਤਰੀਕੇ ਇਨ੍ਹਾਂ ਨੂੰ ਦਿੱਲੀ 'ਚ ਹਰਾਇਆ ਹੈ, 2024 'ਚ ਸਾਰੇ ਮੁਲਕ 'ਚ ਵੀ ਲੋਕ ਇਨ੍ਹਾਂ ਨੂੰ ਹਰਾਉਣਗੇ। ਇਸ ਦੇ ਨਾਲ ਹੀ 2000 ਦੇ ਨੋਟ ਬੰਦ ਕਰਨ ਦੇ ਮਾਮਲੇ 'ਤੇ ਮਾਲਵਿੰਦਰ ਕੰਗ ਨੇ ਕਿਹਾ ਕਿ ਜਦੋਂ ਨੋਟਬੰਦੀ ਕੀਤੀ ਸੀ ਤਾਂ ਭਾਜਪਾ ਕਹਿੰਦੀ ਸੀ ਕਿ 2000 ਦੇ ਨੋਟ ਨਾਲ ਭ੍ਰਿਸ਼ਟਾਚਾਰ, ਗਰੀਬੀ ਤੇ ਅੱਤਵਾਦ ਖ਼ਤਮ ਹੋਵੇਗਾ ਅਤੇ ਹੁਣ ਕਹਿੰਦੇ ਹਨ ਕਿ ਇਸ ਨੂੰ ਬੰਦ ਕਰਨ ਨਾਲ ਭ੍ਰਿਸ਼ਟਾਚਾਰ ਅਤੇ ਗਰੀਬੀ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਦੇ ਇਹ ਹਾਲਾਤ ਹਨ ਕਿ ਇਸ ਨੂੰ ਪਤਾ ਹੀ ਨਹੀਂ ਹੈ ਕਿ ਕਰਨਾ ਕੀ ਹੈ। ਨੋਟਬੰਦੀ ਕਰਕੇ ਇਸ ਸਰਕਾਰ ਨੇ ਲੋਕਾਂ ਨੂੰ ਦਰ-ਦਰ ਭਟਕਣ ਲਈ ਮਜਬੂਰ ਕੀਤਾ ਸੀ ਅਤੇ ਲੋਕ ਰੋਜ਼ੀ-ਰੋਟੀ ਦੇ ਮੁਥਾਜ਼ ਹੋ ਗਏ ਹਨ। ਹੁਣ ਫਿਰ ਨਵਾਂ ਫ਼ਰਮਾਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨੀ ਤਾਨਾਸ਼ਾਹੀ ਸਰਕਾਰ ਨੂੰ ਦੇਸ਼ ਦੇ ਲੋਕ ਸਵੀਕਾਰ ਨਹੀਂ ਕਰਨਗੇ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹਥਿਆਰ ਤੇ ਸ਼ਸਤਰ ਰੱਖਣ 'ਤੇ ਰੋਕ, DC ਨੇ ਜਾਰੀ ਕਰ ਦਿੱਤੇ ਹੁਕਮ
ਜਿਸ ਤਰੀਕੇ ਨਾਲ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ, ਲੋਕ ਇਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਤਾਨਾਸ਼ਾਹ ਸਰਕਾਰ ਖ਼ਿਲਾਫ਼ ਲੋਕਾਂ ਦੀ ਆਵਾਜ਼ ਬੁਲੰਦ ਹੋ ਕੇ ਰਹੇਗੀ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਰਾਜਧਾਨੀ ਦਿੱਲੀ ਵਿਚ ਅਧਿਕਾਰੀਆਂ ਦੇ ਤਬਾਦਲੇ, ਤਾਇਨਾਤੀ ਅਤੇ ਵਿਜੀਲੈਂਸ ਨਾਲ ਸਬੰਧਿਤ ਅਧਿਕਾਰਾਂ ਨੂੰ ਲੈ ਕੇ ਇਕ ਆਰਡੀਨੈਂਸ ਜਾਰੀ ਕੀਤਾ ਹੈ। ਹੁਣ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਦਾ ਅਧਿਕਾਰ ਲੈਫਟੀਨੈਂਟ ਗਵਰਨਰ ਦੇ ਹੱਥਾਂ ਵਿਚ ਚਲਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ