ਮੋਦੀ ਸਰਕਾਰ ਵਲੋਂ ਬਜਟ 'ਚ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਵਧਾਉਣ ਦਾ ਐਲਾਨ ਇਕ ਡੁਰਾਮਾ : ਨੀਲ ਗਰਗ
Tuesday, Feb 13, 2018 - 02:57 PM (IST)

ਬਠਿੰਡਾ (ਮੁਨੀਸ਼) — ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਤੇ ਬਠਿੰਡਾ ਸ਼ਹਿਰੀ ਦੇ ਮੀਤ ਪ੍ਰਧਾਨ ਸ. ਮਹਿੰਦਰ ਸਿੰਘ ਫੁੱਲੋਮੀਠੀ ਨੇ ਸਾਂਝੇ ਬਿਆਨ 'ਚ ਕਿਹਾ ਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਬਜਟ 'ਚ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਵਧਾਉਣ ਦਾ ਐਲਾਨ ਇਕ ਡੁਰਾਮਾ ਹੀ ਹੈ ਕਿਉਂਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ ਦੌਰਾਨ ਪਾਰਲੀਮੈਂਟ 'ਚ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਵਧਾਉਣ ਦਾ ਜੋ ਵਾਅਦਾ ਕੀਤਾ ਗਿਆ ਹੈ ਉਹ ਵੀ ਇਕ ਜੁਮਲਾ ਹੈ । ਡਾਕਟਰ ਸਵਾਮੀਨਾਥਨ ਕਮਿਸ਼ਨ ਨੇ ਜਿਹੜੀਆਂ ਰਿਪੋਰਟਾਂ ਅੱਜ ਤੋਂ ਬਾਰਾਂ ਸਾਲ ਪਹਿਲਾਂ ਕੇਂਦਰ ਸਰਕਾਰ ਦਿੱਤੀਆ ਸਨ ਉਸ ਮੁਤਾਬਕ ਕਿਸਾਨਾਂ ਨੂੰ C2 ਮੁਤਾਬਕ ਭਾਅ ਦੇਣੇ ਬਣਦੇ ਨੇ, ਜਿਸ 'ਚ ਜ਼ਮੀਨ ਦਾ ਠੇਕਾ ਤੇ ਕੁੱਝ ਹੋਰ ਖਰਚੇ ਜੋੜ ਕੇ ਫਸਲਾਂ ਦੇ ਭਾਅ ਵਧਾਉਣੇ ਸਨ ਪਰ ਕੇਂਦਰ ਦੀ ਮੋਦੀ ਸਰਕਾਰ A2 ਮੁਤਾਬਕ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਜੋੜ ਵਧਾਉਣਾ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਹੈ ਕਿਉਂਕਿ A2 ਮੁਤਾਬਕ ਕਈ ਫਸਲਾਂ ਦੇ ਭਾਅ ਘਟਣਗੇ ਲੋਕ ਸਭਾ ਚੋਣਾਂ 2014 ਦੌਰਾਨ ਭਾਜਪਾ ਪਾਰਟੀ ਨੇ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਦਿੱਤੇ ਜਾਣਗੇ ਪਰ ਚਾਰ ਸਾਲਾ 'ਚ ਸਿਰਫ਼ ਜੁਮਲਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ । ਕਿਸਾਨਾਂ ਨਾਲ ਇਸ ਤੋਂ ਵੱਡਾ ਧੋਖਾ ਕੀ ਹੋ ਸਕਦਾ ਹੈ। ਇਸ ਵਿਚ ਬਾਦਲ ਪਰਿਵਾਰ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਾ ਹੋਣ ਕਾਰਨ ਕਿਸਾਨਾਂ ਨੂੰ ਸਹੀ ਰੇਟ ਨਹੀ ਮਿਲੇ ਤੇ ਕਿਸਾਨਾਂ ਸਿਰ ਕਰੋੜਾਂ ਰੁਪਏ ਦਾ ਕਰਜਾ ਚੜ੍ਹਿਆ । ਹਰ ਰੋਜ਼ ਜੋ ਕਿਸਾਨ ਆਤਮ ਹੱਤਿਆ ਕਰ ਰਹੇ ਹਨ, 1997 ਤੋ ਪਹਿਲਾਂ ਕਿਸਾਨਾ ਸਿਰ ਨਾ ਮਾਤਰ ਹੀ ਕਰਜ਼ਾ ਸੀ ਪਰ 1997 ਤੋ ਲੈ ਕੇ ਹੁਣ ਤੱਕ ਜਿਸ 'ਚ 15 ਸਾਲ ਪੰਜਾਬ 'ਚ ਬਾਦਲ ਦੀ ਸਰਕਾਰ ਰਹੀ , ਇਨ੍ਹਾਂ ਵੀਹ ਸਾਲਾ 'ਚ ਕਰੋੜਾਂ ਰੁਪਏ ਕਰਜਾ ਕਿਸਾਨਾਂ ਸਿਰ ਕੈਪਟਨ ਤੇ ਬਾਦਲ ਦੀ ਦੇਣ ਹੈ ਪਹਿਲਾਂ ਤਾਂ ਬਾਦਲ ਸਾਹਿਬ 2007 ਤੋਂ ਲੈ ਕੇ 2014 ਤੱਕ ਕਹਿੰਦੇ ਸਨ ਕਿ ਕੇਂਦਰ 'ਚ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ 'ਚ ਯੂ. ਪੀ. ਏ. ਦੀ ਸਰਕਾਰ ਪੰਜਾਬ ਨਾਲ ਤੇ ਸਾਰੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ। ਕਿਸਾਨਾ ਨੂੰ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਨਹੀ ਦਿੰਦੇ ਪਰ ਹੁਣ ਤਾਂ ਬਾਦਲ ਸਾਹਿਬ ਤੁਹਾਡੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ 'ਚ ਸਰਕਾਰ ਹੈ, ਜਿਸ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਬਣੀ ਸਰਕਾਰ 'ਚ ਬੀਬਾ ਹਰਸਿਮਰਤ ਕੌਰ ਬਾਦਲ ਮਹੱਤਵਪੂਰਨ ਕੇਂਦਰੀ ਮੰਤਰੀ ਹਨ ਘਟੋ-ਘੱਟ ਹੁਣ ਤਾਂ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾ ਦਿਓ ਤਾਂ ਕਿ ਕਿਸਾਨਾਂ ਨੂੰ ਲਾਹੇਵੰਦ ਭਾਅ ਮਿਲ ਸਕਣ ਨੀਲ ਗਰਗ ਨੇ ਅੱਗੇ ਕਿਹਾ ਕੇ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਬਜਟ ਨੂੰ ਕਿਸਾਨਾਂ ਦੇ ਹੱਕ ਕਹਿਣਾ ਸਿਰਫ਼ ਮਗਰਮੱਛ ਵਾਲੇ ਹੰਜੂ ਵਹਾਉਣ ਦਾ ਕੋਈ ਫਾਇਦਾ ਨਹੀਂ ਬਲਕਿ ਜੇਕਰ ਤੁਸੀ ਚਾਹੋ ਤਾਂ ਮੋਦੀ ਸਾਹਿਬ ਨੂੰ ਕਹਿ ਕੇ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਲਾਗੂ ਕਰਵਾ ਦਿਓ ਤਾਂ ਜੋ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਭਲਾ ਹੋ ਸਕੇ। ਜੇਕਰ ਹੁਣ ਵੀ ਤੁਸੀਂ ਇਹ ਲਾਗੂ ਨਹੀਂ ਕਰਵਾ ਸਕਦੇ ਤਾਂ ਘਟੋ-ਘੱਟ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਕੇਂਦਰੀ ਮੰਤਰੀ ਮੰਡਲ 'ਚੋਂ ਅਸਤੀਫਾ ਕਰਵਾ ਦਿਓ ਤਾਂਕਿ ਕਿਸਾਨਾਂ ਨੂੰ ਪਤਾ ਲਗ ਸਕੇ ਕਿ ਤੁਸੀ ਕਿਸਾਨਾਂ ਦੇ ਸੱਚੇ ਹਮਦਰਦ ਹੋ । ਨਹੀਂ ਤਾਂ ਪੰਜਾਬ ਦੇ ਕਿਸਾਨ ਸਮਝਣਗੇ ਕਿ ਅਕਾਲੀ ਦਲ ਬਾਦਲ ਡਰਾਮੇਬਾਜੀ ਤੋਂ ਸਿਵਾਏ ਕੁੱਝ ਨਹੀਂ ਕਰ ਰਿਹਾ। ਇਸ ਮੌਕੇ ਸਾਬਕਾ ਸਰਪੰਚ ਨਛੱਤਰ ਸਿੰਘ ਦਾਨ ਸਿੰਘ ਵਾਲਾ ਹਾਜ਼ਰ ਸਨ।