ਮ੍ਰਿਤਕ ਅੰਦੋਲਨਕਾਰੀ ਮਕੈਨਿਕ ਦੇ ਪਰਿਵਾਰ ਦੀ ਮਦਦ ਲਈ ''ਆਪ'' ਨੇ ਇਕੱਠੇ ਕੀਤੇ 10 ਲੱਖ
Friday, Dec 04, 2020 - 06:15 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਬੇਦੀ, ਸਿੰਗਲਾ): ਆਮ ਆਦਮੀ ਪਾਰਟੀ (ਆਪ) ਨੇ ਪਹਿਲ ਕਦਮੀ ਕਰਦੇ ਹੋਏ ਕਿਸਾਨ ਅੰਦੋਲਨ ਦੌਰਾਨ ਬੀਤੇ ਦਿਨੀਂ ਕਿਸਾਨੀ ਸੰਘਰਸ਼ ਦੌਰਾਨ ਟਰੈਕਟਰ ਮਕੈਨਿਕ ਦੇ ਪਰਿਵਾਰ ਦੀ ਮਦਦ ਲਈ ਕਦਮ ਚੁੱਕਿਆ ਹੈ।ਬੀਤੇ ਦਿਨੀਂ ਕਾਰ ਨੂੰ ਅੱਗ ਲੱਗਣ ਕਰਕੇ ਜਾਨ ਗਵਾਉਣ ਵਾਲੇ ਮਕੈਨਿਕ ਜਨਕ ਰਾਜ ਵਾਸੀ ਧਨੌਲਾ ਦੇ ਪਰਿਵਾਰ ਨਾਲ ਮੁਸੀਬਤ ਸਮੇਂ ਖੜ੍ਹਦੇ ਹੋਏ ਆਮ ਆਦਮੀ ਪਾਰਟੀ ਵਲੋਂ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਫ਼ੰਡ ਇਕੱਠਾ ਕਰਨ ਲਈ ਇਕ ਮੁਹਿੰਮ ਚਲਾਈ ਗਈ ਸੀ।ਇਸ ਮੁਹਿੰਮ ਦੇ ਸ਼ੁਰੂ ਹੋਣ ਤੋਂ 72 ਘੰਟਿਆਂ ਅੰਦਰ ਦੁਪਹਿਰ ਬੁੱਧਵਾਰ ਤੱਕ 9 ਲੱਖ ਰੁਪਏ ਇਕੱਠੇ ਹੋਏ।ਇਸ ਹਾਦਸੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਯੂਥ ਵਿੰਗ ਦੀ ਸਹਿ-ਪ੍ਰਧਾਨ ਅਨਮੋਲ ਗਗਨ ਮਾਨ ਨੇ ਪੀੜਤ ਪਰਿਵਾਰ ਦੇ ਨਾਲ ਘਰ ਪਹੁੰਚ ਕੇ ਹਮਦਰਦੀ ਪ੍ਰਗਟਾਈ।ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਸ ਮੁਹਿੰਮ 'ਚ ਦਿੱਲੀ-ਪੰਜਾਬ ਤੋਂ ਲੈ ਕੇ 'ਆਪ' ਨਾਲ ਜੁੜੇ ਹੋਏ ਐੱਨ.ਆਰ.ਆਈਜ਼. ਨੇ ਦਿਲ ਖੋਲ੍ਹ ਕੇ ਮਦਦ ਕੀਤੀ ਹੈ।'ਆਪ' ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅੰਦੋਲਨਕਾਰੀ ਕਿਸਾਨਾਂ ਦੀ ਤਨ, ਮਨ ਅਤੇ ਧਨ ਨਾਲ ਮਦਦ ਕਰ ਰਹੀ ਹੈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਕੈਨੇਡਾ ਰਹਿੰਦੇ ਫਿਰੋਜ਼ਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਅਨਮੋਲ ਗਗਨ ਮਾਨ ਨੇ ਦੱਸਿਆ ਕਿ ਕੇਂਦਰ ਵਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਸ਼ਨੀਵਾਰ ਦੀ ਰਾਤ ਨੂੰ ਬਹਾਦਰਗੜ੍ਹ-ਦਿੱਲੀ ਹੱਦ ਦੇ ਨੇੜੇ ਟਿਕਰੀ ਵਿਖੇ ਕਾਰ ਨੂੰ ਅੱਗ ਲੱਗਣ ਕਾਰਨ ਮਕੈਨਿਕ ਜਨਕ ਰਾਜ ਵਾਸੀ ਧਨੌਲਾ ਦੀ ਮੌਤ ਹੋ ਗਈ ਸੀ। ਜਨਕ ਰਾਜ ਸੰਘਰਸ਼ ਦੌਰਾਨ ਕਿਸਾਨਾਂ ਦੇ ਟਰੈਕਟਰਾਂ ਅਤੇ ਹੋਰ ਵਾਹਨਾਂ ਦੀ ਮੁਫ਼ਤ ਮੁਰੰਮਤ ਕਰਨ ਲਈ ਗਿਆ ਹੋਇਆ ਸੀ।ਮਾਨ ਨੇ ਕਿਹਾ ਕਿ 'ਆਪ' ਰੱਬ ਅੱਗੇ ਇਹ ਅਰਦਾਸ ਕਰਦੀ ਹੈ ਕਿ ਬਿਨਾਂ ਕਿਸੇ ਜਾਨੀ-ਮਾਲੀ ਨੁਕਸਾਨ ਦੇ ਕਿਸਾਨ ਸੰਘਰਸ਼ ਦੀ ਜਿੱਤ ਹੋਵੇ ਪਰ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਰ ਕੇ ਕੋਈ ਅਣਹੋਣੀ ਵਾਪਰਦੀ ਹੈ ਤਾਂ 'ਆਪ' ਅੰਦੋਲਨਕਾਰੀ ਕਿਸਾਨਾਂ ਦੇ ਹਰ ਦੁੱਖ 'ਚ ਨਾਲ ਖੜ੍ਹੇਗੀ।
ਇਹ ਵੀ ਪੜ੍ਹੋ: ਜਵਾਨ ਪੁੱਤ ਦੇ ਸਿਹਰਾ ਸਜਾਉਣ ਦੀ ਬਜਾਏ ਸੰਗਲਾਂ ਨਾਲ ਬੰਨ੍ਹਣ ਲਈ ਮਜ਼ਬੂਰ ਹੋਈ ਇਹ ਵਿਧਵਾ ਮਾਂ
ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੇਸ਼ ਦੇ ਅੰਨਦਾਤਾ ਦੀ ਦਿਨ-ਰਾਤ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਕੇਂਦਰ ਦੇ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ-ਹਰਿਆਣਾ ਸਰਹੱਦ 'ਤੇ ਕੀਤੇ ਜਾ ਰਹੇ ਅੰਦੋਲਨ ਵਿਚ ਪਾਰਟੀ ਦੇ ਕੌਮੀ ਕਨਵੀਨਰ ਦੇ ਆਦੇਸ਼ ਅਨੁਸਾਰ ਆਮ ਆਦਮੀ ਪਾਰਟੀ ਦੇ ਆਗੂ, ਵਿਧਾਇਕ ਅਤੇ ਵਰਕਰ ਬਿਨਾਂ ਕਿਸੇ ਪਾਰਟੀ ਦੇ ਝੰਡੇ-ਬੈਨਰ ਤੋਂ ਪਾਰਟੀ ਦੇ ਸੇਵਾਦਾਰ ਦਿਨ-ਰਾਤ ਕੰਮ ਕਰ ਰਹੇ ਹਨ।'ਆਪ' ਆਗੂਆਂ ਨੇ ਦੱਸਿਆ ਕਿ ਕੇਜਰੀਵਾਲ ਸਰਕਾਰ ਵੱਲੋਂ ਕਿਸਾਨਾਂ ਲਈ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਕਿਸਾਨਾਂ ਲਈ ਸਿਹਤ ਸੇਵਾਵਾਂ ਲਈ ਡਾਕਟਰੀ ਟੀਮਾਂ ਅਤੇ ਐਂਬੂਲੈਂਸ, ਲੰਗਰ, ਪੀਣ ਵਾਲੇ ਪਾਣੀ ਦੇ ਟੈਂਕਰ ਅਤੇ ਮੋਬਾਇਲ ਪਖਾਨੇ ਦੀ ਸਹੂਲਤ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ: ਚਚੇਰੇ ਭਰਾਵਾਂ ਦੇ ਜ਼ਮੀਨੀ ਵਿਵਾਦ ਦਾ ਹੋਇਆ ਖ਼ੌਫਨਾਕ ਅੰਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਨੋਟ: 'ਆਪ' ਦੀ ਇਸ ਪਹਿਲ 'ਤੇ ਤੁਹਾਡੀ ਕੀ ਹੈ ਰਾਏ