ਲੋਕਤੰਤਰ ਦੇ ਚਾਰੇ ਥੰਮ੍ਹਾਂ ਨੂੰ ਆਪਣੇ ਕਿਰਦਾਰ ਨਿਭਾਉਣ ਦੀ ਲੋੜ : ਜਸਟਿਸ ਜ਼ੋਰਾ ਸਿੰਘ
Saturday, Feb 13, 2021 - 04:31 PM (IST)
ਜਲੰਧਰ- ਆਮ ਆਦਮੀ ਪਾਰਟੀ ਦੇ ਕਾਨੂੰਨੀ ਸੈੱਲ ਦੇ ਪ੍ਰਮੁੱਖ ਅਤੇ ਰਿਟਾਇਰ ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਦੇਸ਼ ’ਚ ਇਸ ਸਮੇਂ ਲੋਕਤੰਤਰ ਦੇ ਚਾਰੇ ਥੰਮ੍ਹਾਂ ਨੂੰ ਆਪਣੇ ਕਿਰਦਾਰ ਨਿਭਾਉਣ ਦੀ ਲੋੜ ਹੈ। ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਲੋਕਤੰਤਰ ਦੇ ਚੌਥੇ ਥੰਮ੍ਹ ਪ੍ਰੈੱਸ ਦਾ ਕਿਰਦਾਰ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ, ਜਿਸ ਨੂੰ ਲੋਕਾਂ ਦੇ ਮਸਲਿਆਂ ਨੂੰ ਉਭਾਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵੱਲੋਂ ਜਿਸ ਤਰ੍ਹਾਂ ਨਾਲ ਦਿਲੇਰੀ ਨਾਲ ਪੱਤਰਕਾਰਤਾ ਕੀਤੀ ਜਾ ਰਹੀ ਹੈ ਉਹ ਦੇਸ਼ ਦੇ ਸਾਹਮਣੇ ਇਕ ਮਿਸਾਲ ਹੈ।
ਇਹ ਵੀ ਪੜ੍ਹੋ : ਗਰਲਫਰੈਂਡ ਲਈ NRI ਕੁੜੀ ਨਾਲ ਵਿਆਹ ਕਰਵਾ ਕੈਨੇਡਾ ਪੁੱਜਾ ਨੌਜਵਾਨ, ਪੂਰਾ ਮਾਮਲਾ ਕਰੇਗਾ ਹੈਰਾਨ
ਉਨ੍ਹਾਂ ਦਿੱਲੀ ’ਚ ਖਰਾਬ ਹੁੰਦੇ ਹਾਲਾਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇਸ਼ ਦੇ ਮੁਖੀਆ ਹਨ ਅਤੇ ਉਨ੍ਹਾਂ ਦਾ ਕਿਰਦਾਰ ਹੋਰ ਵੀ ਅਹਿਮ ਹੋ ਜਾਂਦਾ ਹੈ। ਉਨ੍ਹਾਂ ਨੇ ਆਪਣਾ ਹੰਕਾਰ ਤਿਆਗ ਕੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ। ਜਸਟਿਸ ਜੋਰਾ ਸਿੰਘ ਇਥੇ ਪੰਜਾਬ ਕੇਸਰੀ ਸਮੂਹ ਵੱਲੋਂ ਆਯੋਜਿਤ 117ਵੇਂ (18) ਸ਼ਹੀਦ ਪਰਿਵਾਰ ਫੰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ।
ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)
ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ’ਚ ਸਾਰੇ ਧਰਮਾਂ ਦੇ ਲੋਕਾਂ ਨੇ ਯੋਗਦਾਨ ਪਾਇਆ ਸੀ। ਆਪਣੀਆਂ ਕੁਰਬਾਨੀਆਂ ਦਿੰਦੇ ਸਮੇਂ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਉਹ ਕਿਸੇ ਵਿਸ਼ੇਸ਼ ਧਰਮ ਲਈ ਕੁਰਬਾਨੀ ਦੇਣ ਜਾ ਰਿਹਾ ਹੈ ਸਗੋਂ ਉਨ੍ਹਾਂ ਦੇ ਸਾਹਮਣੇ ਉਦੇਸ਼ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ। ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਹੁਣ ਵੀ ਦੇਸ਼ ਦੇ ਅੰਦਰ ਸਦਭਾਵਨਾ ਦਾ ਮਾਹੌਲ ਕਾਇਮ ਰੱਖਣ ਲਈ ਇਹ ਜ਼ਰੂਰੀ ਹੈ ਕਿ ਹੁਕਮਰਾਨ ਪਾਰਟੀ ਕਿਸਾਨਾਂ ਦੇ ਮਸਲੇ ਨੂੰ ਕਿਸੇ ਵਿਸ਼ੇਸ਼ ਸੂਬੇ ਨਾਲ ਸਬੰਧਤ ਹੋਣਾ ਨਾ ਸਮਝੇ। ਇਹ ਲੜਾਈ ਧਰਮਾਂ ਨਾਲ ਸਬੰਧਤ ਨਹੀਂ ਹੈ। ਜੇਕਰ ਇਹ ਮਸਲਾ ਹੱਲ ਨਾ ਹੋਇਆ ਤਾਂ ਇਸਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ।
ਇਹ ਵੀ ਪੜ੍ਹੋ : ਕੈਪਟਨ ਦੇ ਆਮ ਆਦਮੀ ਪਾਰਟੀ ’ਤੇ ਵੱਡੇ ਹਮਲੇ, ਕਿਹਾ- ‘ਆਪ’ ਨੂੰ ਪੰਜਾਬ ਦੀ ‘ਆਨ, ਬਾਨ ਤੇ ਸ਼ਾਨ’ ਦਾ ਕੀ ਪਤਾ