ਭਗਵੰਤ ਨੇ ਬਿਨਾਂ ਮਨਜ਼ੂਰੀ ਖੋਲਿਆ ਦਫਤਰ, ਚੋਣ ਕਮਿਸ਼ਨ ਨੇ ਕੀਤਾ ਬੰਦ

05/11/2019 11:38:19 AM

ਭਵਾਨੀਗੜ੍ਹ (ਵਿਕਾਸ, ਸੰਜੀਵ)—ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਵੱਲੋਂ ਭਵਾਨੀਗੜ੍ਹ ਵਿਖੇ ਖੋਲ੍ਹੇ ਗਏ ਚੋਣ ਦਫ਼ਤਰ ਨੂੰ ਅੱਜ ਇੱਥੇ ਪਹੁੰਚੀ ਚੋਣ ਕਮਿਸ਼ਨ ਦੀ ਇਕ ਟੀਮ ਨੇ ਬੰਦ ਕਰਵਾ ਦਿੱਤਾ। ਪਤਾ ਲੱਗਿਆ ਹੈ ਕਿ ਆਰਜ਼ੀ ਚੋਣ ਦਫ਼ਤਰ ਖੋਲ੍ਹਣ ਸਬੰਧੀ ਬਾਕਾਇਦਾ ਤੌਰ 'ਤੇ ਪ੍ਰਸ਼ਾਸਨ ਤੋਂ ਲਈ ਜਾਣ ਵਾਲੀ ਮਨਜ਼ੂਰੀ ਨਾ ਲਈ ਹੋਣ ਕਰਕੇ ਚੋਣ ਕਮਿਸ਼ਨ ਦੀ ਖਰਚਾ ਨਿਗਰਾਨ ਟੀਮ ਦੇ ਅਧਿਕਾਰੀਆਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਐੱਸ. ਡੀ. ਐੱਮ. ਸੰਗਰੂਰ-ਕਮ-ਏ.ਆਰ. ਓ ਅਵਿਕੇਸ਼ ਗੁਪਤਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਅੱਜ ਸਹਾਇਕ ਖਰਚਾ ਨਿਗਰਾਨ ਅਫਸਰ ਗਗਨ ਅਰੋੜਾ ਨੇ ਟੀਮ ਸਮੇਤ ਭਵਾਨੀਗੜ੍ਹ 'ਚ 'ਆਪ' ਦੇ ਖੋਲ੍ਹੇ ਚੋਣ ਦਫ਼ਤਰ ਸਬੰਧੀ ਉਥੇ ਹਾਜ਼ਰ ਵਿਅਕਤੀਆਂ ਨੂੰ ਮਨਜ਼ੂਰੀ ਦਿਖਾਉਣ ਲਈ ਕਿਹਾ ਤਾਂ ਉਹ ਮਨਜ਼ੂਰੀ ਦੇ ਕਾਗਜ਼ਾਤ ਪੇਸ਼ ਨਹੀਂ ਕਰ ਸਕੇ। ਐੱਸ. ਡੀ. ਐੱਮ. ਗੁਪਤਾ ਨੇ ਦੱਸਿਆ ਕਿ ਜਿਸ 'ਤੇ ਅਧਿਕਾਰੀਆਂ ਵੱਲੋਂ ਸਬੰਧਤ ਪਾਰਟੀ ਨੂੰ ਤੁਰੰਤ ਆਪਣਾ ਚੋਣ ਦਫ਼ਤਰ ਬੰਦ ਕਰ ਕੇ ਦਫ਼ਤਰ ਖੋਲ੍ਹਣ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਲਈ ਕਿਹਾ ਗਿਆ। ਐੱਸ.ਡੀ.ਐੱਮ. ਗੁਪਤਾ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਪਾਰਟੀ ਨੂੰ ਹੁਣੇ ਹੀ ਉਨ੍ਹਾਂ ਵੱਲੋਂ ਨੋਟਿਸ ਵੀ ਜਾਰੀ ਕੀਤਾ ਜਾ ਰਿਹਾ ਹੈ।

....ਤੇ ਟੈਂਪੂ 'ਚ ਹੀ ਖੋਲ੍ਹ ਦਿੱਤਾ ਚੋਣ ਦਫ਼ਤਰ
ਚੋਣ ਕਮਿਸ਼ਨ ਦੀ ਟੀਮ ਵੱਲੋਂ ਚੋਣ ਦਫਤਰ ਬੰਦ ਕਰਵਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਲੰਟੀਅਰ ਟੈਂਪੂ ਵਿਚ ਹੀ ਆਪਣਾ ਦਫਤਰ ਖੋਲ੍ਹ ਕੇ ਬੈਠ ਗਏ। ਇਥੇ ਟੈਂਪੂ 'ਚ ਬੈਠ ਕੇ ਹੀ ਉਹ ਪਾਰਟੀ ਸਮਰਥਕਾਂ ਨੂੰ ਮਿਲਦੇ ਰਹੇ।


Shyna

Content Editor

Related News