ਵੋਟ ਖ਼ਰੀਦਣ ਵਾਲਾ ਕਦੇ ਲੋਕਾਂ ਦਾ ਭਲਾ ਨਹੀਂ ਕਰ ਸਕਦਾ, ਸਰਕਾਰ ਬਣਾ ਕੇ ਪੰਜ ਸਾਲ ਮੌਜ ਕਰੇਗਾ: ਭਗਵੰਤ ਮਾਨ
Friday, Feb 18, 2022 - 06:22 PM (IST)
ਲੁਧਿਆਣਾ/ ਚੰਡੀਗੜ– ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼ੁੱਕਰਵਾਰ ਯਾਨੀ ਅੱਜ ਜ਼ਿਲ੍ਹਾ ਲੁਧਿਆਣਾ ’ਚ 'ਆਪ' ਦੇ ਉਮੀਦਵਾਰਾਂ ਸਰਬਜੀਤ ਕੌਰ ਮਾਣੂੰਕੇ, ਮਨਵਿੰਦਰ ਸਿੰਘ ਗਿਆਸਪੁਰਾ, ਤਰੁਨਪ੍ਰੀਤ ਸੋਂਧ, ਜੀਵਨ ਸਿੰਘ ਸੰਗੋਵਾਲ, ਕੇ.ਐੱਨ.ਐੱਸ. ਕੰਗ ਅਤੇ ਹਾਕਮ ਸਿੰਘ ਠੇਕੇਦਾਰ ਦੇ ਹੱਕ ’ਚ ਵੱਖ-ਵੱਖ ਥਾਂਵਾਂ 'ਤੇ ਚੋਣ ਪ੍ਰਚਾਰ ਕੀਤਾ। ਮਾਨ ਨੇ ਵੱਖ-ਵੱਖ ਥਾਂਵਾਂ 'ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 20 ਤਰੀਕ ਆਪਣੀ ਕਿਸਮਤ ਆਪ ਲਿਖਣ ਦਾ ਮੌਕਾ ਹੈ। ਇਸ ਲਈ ਪੰਜਾਬ ਦੇ ਲੋਕ ਇੱਕ-ਇੱਕ ਵੋਟ 'ਝਾੜੂ' ਦੇ ਨਿਸ਼ਾਨ 'ਤੇ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਬਣਾਉਣਗੇ।
ਸ਼ੁੱਕਰਵਾਰ ਨੂੰ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਮੌਜੂਦਾ ਵਿਧਾਇਕ ਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਪਾਇਲ ਦੇ ਉਮੀਦਵਾਰ ਇੰਜ. ਮਨਵਿੰਦਰ ਸਿੰਘ ਗਿਆਸਪੁਰਾ, ਗਿੱਲ ਦੇ ਉਮੀਦਵਾਰ ਜੀਵਨ ਸਿੰਘ ਸੰਗੋਵਾਲ, ਦਾਖਾ ਦੇ ਉਮੀਦਵਾਰ ਕੇ.ਐੱਨ.ਐੱਸ. ਕੰਗ, ਰਾਇਕੋਟ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਅਤੇ ਖੰਨਾ ਦੇ ਉਮੀਦਵਾਰ ਤਰੁਨਪ੍ਰੀਤ ਸੋਂਧ ਦੇ ਲਈ ਵੋਟਾਂ ਮੰਗੀਆਂ। ਇਸ ਮੌਕੇ ਮਾਨ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭ੍ਰਿਸ਼ਟ ਪਾਰਟੀਆਂ ਅੱਜ ਤੋਂ ਸ਼ਰਾਬ ਤੇ ਪੈਸੇ ਵੰਡਣਗੀਆਂ। ਵੋਟ ਖ਼ਰੀਦਣ ਵਾਲਾ ਕਦੇ ਲੋਕਾਂ ਦਾ ਭਲਾ ਨਹੀਂ ਕਰ ਸਕਦਾ ਅਤੇ ਉਹ ਸਰਕਾਰ ਬਣਾ ਕੇ ਪੰਜ ਸਾਲ ਆਪ ਮੌਜ ਕਰੇਗਾ, ਪਰ ਤੁਹਾਨੂੰ ਭੁੱਲ ਜਾਵੇਗਾ।
ਉਨ੍ਹਾਂ ਕਿਹਾ ਕਿ 'ਆਪ' ਦੇ ਉਮੀਦਵਾਰਾਂ ਨੂੰ ਪਾਈ ਹੋਈ ਇੱਕ-ਇੱਕ ਵੋਟ ਉਨ੍ਹਾਂ (ਮਾਨ) ਨੂੰ ਮਿਲੇਗੀ ਅਤੇ ਪੰਜਾਬ 'ਚ 'ਝਾੜੂ' ਦੀ ਸਰਕਾਰ ਬਣੇਗੀ।
ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਸ਼ਾ ਮਾਫੀਆ ਨੂੰ ਪੰਜਾਬ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਇਸ ਵਾਰ ਸਾਡੇ ਕੋਲ ਮੌਕਾ ਹੈ, ਨਸ਼ੇ ਵੇਚਣ ਵਾਲਿਆਂ ਨੂੰ ਸਬਕ ਸਿਖਾਉਣ ਦਾ। ਇਸ ਵਾਰ ਮੌਕਾ ਹੈ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚੋਂ ਕੱਢ ਕੇ ਚੰਗੀ ਸਿੱਖਿਆ ਅਤੇ ਰੋਜ਼ਗਾਰ ਦੇਣ ਦਾ। ਮਾਂਵਾਂ ਦੇ ਪੁੱਤ ਬਚਾਉਣ ਦਾ। ਸਾਨੂੰ ਸਿਰਫ਼ ਇੱਕ ਮੌਕਾ ਦੇਵੋ। ਅਸੀਂ ਇਨ੍ਹਾਂ ਸਵਾਰਥੀ ਆਗੂਆਂ ਅਤੇ ਨਸ਼ਾ ਮਾਫੀਆ ਦੇ ਨਾਪਾਕ ਗਠਜੋੜ ਨੂੰ ਖ਼ਤਮ ਕਰਾਂਗੇ।
ਭਗਵੰਤ ਮਾਨ ਨੇ ਕਾਂਗਰਸ ਦਾ ਗਾਂਧੀ ਪਰਿਵਾਰ ਅਤੇ ਅਕਾਲੀ ਦਲ ਬਾਦਲ ਪਰਿਵਾਰ ਆਮ ਆਦਮੀ ਪਾਰਟੀ ਨੂੰ ਹੀ ਗਾਲ੍ਹਾਂ ਕਢਦੇ ਹਨ ਕਿਉਂਕਿ ਇਹ ਪਾਰਟੀਆਂ ਆਪਸ ਵਿਚ ਰਲੀਆਂ ਹੋਈਆਂ ਹਨ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਪੰਜਾਬ ਨੂੰ ਬਚਾਉਣ ਲਈ 20 ਤਰੀਕ ਨੂੰ 'ਝਾੜੂ' ਵਾਲਾ ਬਟਨ ਜ਼ਰੂਰ ਦੱਬਇਓ, ਕਿਉਂਕਿ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਖ਼ਤਮ ਕਰਨ ਲਈ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ।