CM ਭਗਵੰਤ ਮਾਨ ਬੋਲੇ, 'ਪੰਜਾਬ ਨੂੰ ਲੰਡਨ-ਪੈਰਿਸ ਨਹੀਂ ਸਗੋਂ ਅਸਲੀ ਪੰਜਾਬ ਬਣਾਉਣਾ ਹੈ'

03/18/2022 11:18:20 AM

ਚੰਡੀਗੜ੍ਹ/ਜਲੰਧਰ (ਅਸ਼ਵਨੀ ਕੁਮਾਰ, ਧਵਨ)- ਭਾਰਤੀ ਕ੍ਰਿਕਟ ਟੀਮ ਦੇ ਪ੍ਰਦਰਸ਼ਨ ਦੀ ਮਿਸਾਲ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਚ ਵਿਚ ਜਿੱਤ ਹੋਵੇ ਜਾਂ ਹਾਰ ਹੋਵੇ ਪਰ ਟੀਮ ਦਾ ਜ਼ਜਬਾ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ। ਇਸ ਕਾਰਨ ਉਨ੍ਹਾਂ ਨੇ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਅਧਿਕਾਰੀਆਂ ਨੂੰ ਇਕ ਟੀਮ ਦੀ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਸਰੋਕਾਰ ਪੰਜਾਬ ਨੂੰ ਲੰਡਨ, ਕੈਲੇਫੋਰਨੀਆਂ ਜਾਂ ਪੈਰਿਸ ਬਣਾਉਣਾ ਨਹੀਂ, ਸਗੋਂ ਅਸਲੀ ਪੰਜਾਬ ਬਣਾਉਣਾ ਹੈ।

ਸਿਆਸੀ ਬਦਲਾਖੋਰੀ ਦੇ ਰਾਹ ’ਤੇ ਨਹੀਂ ਚੱਲੇਗੀ ‘ਆਪ’ ਸਰਕਾਰ
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਆਸੀ ਬਦਲਾਖੋਰੀ ਦੇ ਰਾਹ ’ਤੇ ਨਹੀਂ ਚੱਲੇਗੀ ਅਤੇ ਉਨ੍ਹਾਂ ਨੇ ਸਮੁੱਚੀ ਪ੍ਰਸ਼ਾਸਨਿਕ ਮਸ਼ੀਨਰੀ ਨੂੰ ਕਿਹਾ ਕਿ ਉਹ ਪਿਛਲੀਆਂ ਸਰਕਾਰਾਂ ਦੇ ਉਲਟ ਆਪਣੀ ਡਿਊਟੀ ਬਿਨਾਂ ਕਿਸੇ ਸਿਆਸੀ ਦਬਾਅ ਅਤੇ ਦਲੇਰੀ ਨਾਲ ਸਮਰਪਿਤ ਭਾਵਨਾ, ਗੰਭੀਰਤਾ ਅਤੇ ਈਮਾਨਦਾਰੀ ਨਾਲ ਨਿਭਾਉਣ, ਤਾਂ ਜੋ ਪੰਜਾਬੀਆਂ ਦੀਆਂ ਉਮੀਦਾਂ ’ਤੇ ਖਰਾ ਉਤਰਿਆ ਜਾ ਸਕੇ, ਜਿਨ੍ਹਾਂ ਨੇ ਭਾਰੀ ਫਤਵਾ ਦੇ ਕੇ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮਾਨ ਨੇ ਕਿਹਾ ਕਿ ਮੈਂ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਆਪਣੇ ਕੋਲ ਲਾਲ ਡਾਇਰੀ ਨਹੀਂ ਰੱਖਦਾ, ਸਗੋਂ ਮੇਰੇ ਕੋਲ ਤਾਂ ਹਰੀ ਡਾਇਰੀ ਹੁੰਦੀ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਬਦਲਾਖੋਰੀ ਬਾਰੇ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।

ਇਹ ਵੀ ਪੜ੍ਹੋ: ਇਕੱਠਿਆਂ ਬਲੀਆਂ ਸੜਕ ਹਾਦਸੇ 'ਚ ਮਰੇ ਦੋ ਭਰਾਵਾਂ ਸਣੇ 3 ਦੋਸਤਾਂ ਦੀਆਂ ਚਿਖ਼ਾਵਾਂ, ਰੋ-ਰੋ ਹਾਲੋ ਬੇਹਾਲ ਹੋਈਆਂ ਮਾਂਵਾਂ

ਚੰਗਾ ਕੰਮ ਕਰਨ ਵਾਲਿਆਂ ਨੂੰ ਬੈਸਟ ਪ੍ਰਫ਼ਾਰਮੈਂਸ ਐਵਾਰਡ ਦਾ ਐਲਾਨ
ਮੁੱਖ ਮੰਤਰੀ ਨੇ ਜ਼ਮੀਨੀ ਪੱਧਰ ’ਤੇ ਆਮ ਆਦਮੀ ਦੇ ਜੀਵਨ ਵਿਚ ਬਦਲਾਅ ਲਿਆਉਣ ਦੇ ਨਾਲ-ਨਾਲ ਸਾਰਿਆਂ ਨੂੰ ਮੁਫ਼ਤ ਅਤੇ ਨਿਰਪੱਖ ਨਿਆਂ ਯਕੀਨੀ ਬਣਾਉਣ ਲਈ ਸਿਵਲ ਅਤੇ ਪੁਲਸ ਅਧਿਕਾਰੀਆਂ ਨੂੰ ਤਿਮਾਹੀ ਆਧਾਰ ’ਤੇ ‘ਬੈਸਟ ਪ੍ਰਫਾਰਮੈਂਸ ਐਵਾਰਡ’ (ਬਿਹਤਰ ਕਾਰਗੁਜ਼ਾਰੀ ਵਿਖਾਉਣ ਲਈ ਐਵਾਰਡ ) ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ, ਜਿਸ ਨਾਲ ਉਨ੍ਹਾਂ ਦਾ ਮਨੋਬਲ ਵਧਾਇਆ ਜਾ ਸਕੇ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਇਹ ਯਤਨ ਯਕੀਨੀ ਤੌਰ ’ਤੇ ਹੋਰ ਅਧਿਕਾਰੀਆਂ ਨੂੰ ਅਤੇ ਬਿਹਤਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਰਗੁਜ਼ਾਰੀ ਵਿਖਾਉਣ ਲਈ ਪ੍ਰੇਰਿਤ ਕਰੇਗਾ। ਮੁੱਖ ਮੰਤਰੀ ਨੇ ਡੀ. ਜੀ. ਪੀਜ਼ ਨੂੰ ਸਾਰੇ ਪੁਲਸ ਕਰਮਚਾਰੀਆਂ ਦੇ ਜਨਮਦਿਨ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਸੁਨੇਹਾ ਭੇਜਣ ਦੇ ਵੀ ਨਿਰਦੇਸ਼ ਦਿੱਤੇ।
ਇਸ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਭਾਸ਼ਣ ਵਿਚ ਸੂਬੇ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਲੋਕਪੱਖੀ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ’ਤੇ ਸਹੀ ਮਾਇਨਿਆਂ ਵਿਚ ਲਾਗੂ ਕਰਨ ਲਈ ਸਿਵਲ ਅਤੇ ਪੁਲਸ ਪ੍ਰਸ਼ਾਸਨ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੂਰੇ ਤਾਲਮੇਲ ਨਾਲ ਕੰਮ ਕਰਨਗੇ। ਬੈਠਕ ਵਿਚ ਮੁੱਖ ਸਕੱਤਰ ਏ. ਵੇਣੂ ਪ੍ਰਸਾਦ ਅਤੇ ਡੀ. ਜੀ. ਪੀ. ਵੀ. ਕੇ. ਭਾਵਰਾ ਤੋਂ ਇਲਾਵਾ ਸੀਨੀਅਰ ਸਿਵਲ ਅਤੇ ਪੁਲਸ ਅਧਿਕਾਰੀ ਸ਼ਾਮਲ ਸਨ।       

ਇਹ ਵੀ ਪੜ੍ਹੋ: ਜਲੰਧਰ: ਡਿਫਾਲਟਰਾਂ ਖ਼ਿਲਾਫ਼ ਪਾਵਰਕਾਮ ਦੀ ਵੱਡੀ ਕਾਰਵਾਈ, ਬਿਜਲੀ ਚੋਰਾਂ ’ਤੇ 7 ਲੱਖ ਤੋਂ ਵਧੇਰੇ ਦਾ ਠੋਕਿਆ ਜੁਰਮਾਨਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News