ਅਕਾਲੀ-ਭਾਜਪਾ ਗਠਜੋੜ ਟੁੱਟਣ ''ਤੇ ਭਗਵੰਤ ਮਾਨ ਦਾ ਵੱਡਾ ਬਿਆਨ
Sunday, Sep 27, 2020 - 06:45 PM (IST)
ਜਲੰਧਰ/ਰੂਪਨਗਰ— ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਗਠਜੋੜ ਤੋੜਨ ਦੇ ਐਲਾਨ ਤੋਂ ਬਾਅਦ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਲੋਕਾਂ ਨੇ ਹੁਣ ਨਹੁੰ ਤੋਂ ਮਾਸ ਨੂੰ ਪਲਾਸ ਨਾਲ ਵੱਖ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਸਰ ਇਹ ਕਹਿੰਦੇ ਰਹੇ ਕਿ ਮੇਰੇ ਜਿਊਂਦੇ-ਜੀਅ ਅਕਾਲੀ ਦਲ ਅਤੇ ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਟੁੱਟ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਣ ਇਹ ਦੱਸ ਦੇਣ ਕਿ ਉਨ੍ਹਾਂ ਨੇ ਬਾਦਲ੍ਹ ਸਾਬ੍ਹ ਦਾ ਕਿਉਂ ਬੁਢਾਪਾ ਰੋਲਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਜਿੰਨੀ ਖ਼ੁਸ਼ੀ ਭਾਜਪਾ ਨੇ ਇਨ੍ਹਾਂ ਦੇ ਵੱਖ ਹੋਣ ਦੀ ਮਨਾਈ ਹੈ, ਉਸ ਤੋਂ ਪਤਾ ਲੱਗਾ ਜਾਂਦਾ ਹੈ ਕਿ ਇਹ ਕਿੰਨੇ ਕੁ ਉਨ੍ਹਾਂ ਦੇ ਚਹੇਤੇ ਸਨ।
ਉਨ੍ਹਾਂ ਕਿਹਾ ਕਿ ਹਰਿਸਮਰਤ ਕੌਰ ਬਾਦਲ ਰਾਤ ਦੇ ਸਮੇਂ ਕਰੀਬ ਸਾਢੇ 11 ਵਜੇ ਰਾਸ਼ਟਰਪਤੀ ਨੂੰ ਜਗਾ ਤੋਂ ਅਸਤੀਫ਼ੇ 'ਤੇ ਦਸਤਖ਼ਤ ਕਰਵਾਏ ਕਿ ਕਿਤੇ ਸਵੇਰ ਨੂੰ ਮੁਕਰ ਨਾ ਜਾਣ ਅਤੇ ਅਗਲੇ ਹੀ ਦਿਨ ਫੂਡ ਪ੍ਰੋਸੈਸਿੰਗ ਦਾ ਮਹਿਕਮਾ ਨਰਿੰਦਰ ਸਿੰਘ ਤੋਮਰ ਨੂੰ ਦੇ ਦਿੱਤਾ ਜਾਂਦਾ ਹੈ। ਉਹ ਵੀ ਇੰਨੇ ਜ਼ਿਆਦਾ ਕਾਹਲੇ ਸਨ ਕਿ ਸ਼ੁਕਰ ਹੈ ਅਕਾਲੀ ਦਲ ਤੋਂ ਖਹਿੜਾ ਛੁੱਟਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨਾਲੋਂ ਵੱਖ ਹੋਣ 'ਤੇ ਪੰਜਾਬ 'ਚ ਵੀ ਬੇਹੱਦ ਖ਼ੁਸ਼ੀ ਮਨਾਈ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਤਾਂ ਇਨ੍ਹਾਂ ਦਾ ਖਹਿੜਾ ਪਹਿਲਾਂ ਹੀ ਛੁਟ ਚੁੱਕਿਆ ਹੈ ਅਤੇ ਹੁਣ ਭਾਜਪਾ ਤੋਂ ਵੱਖ ਹੋਣ 'ਤੇ ਵੀ ਲੋਕਾਂ ਨੇ ਪੰਜਾਬ 'ਚ ਵੀ ਖ਼ੁਸ਼ੀ ਮਨਾਈ ਗਈ ਹੈ।
ਕਿਸਾਨ ਜਥੇਬੰਦੀਆਂ ਤੇ ਆਮ ਲੋਕਾਂ ਨੇ ਨਹੁੰ, ਕੀਤਾ ਮਾਸ ਤੋਂ ਵੱਖ
ਉਨ੍ਹਾਂ ਕਿਹਾ ਕਿ ਇਹ ਜਿਹੜਾ ਨਹੁੰ, ਮਾਸ ਤੋਂ ਵੱਖ ਹੋਇਆ ਹੈ, ਉਹ ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਦੇ ਪਲਾਸ ਨੇ ਖਿੱਚਿਆ ਹੈ ਕਿਉਂਕਿ ਇਹ ਇੰਝ ਵੱਖ ਹੋਣ ਵਾਲਾ ਨਹੀਂ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਰ ਕਾਨੂੰਨ ਦੀ ਸਪੋਰਟ ਕਰਦੇ ਰਹੇ ਹਨ। ਜੀ. ਐੱਸ. ਟੀ. ਦੇ ਮੁੱਦੇ 'ਤੇ ਵੀ ਅਕਾਲੀ ਦਲ ਨੇ ਇਹ ਹੀ ਕਿਹਾ ਸੀ ਕਿ ਮੋਦੀ ਨੇ ਬਹੁਤ ਵਧੀਆ ਫ਼ੈਸਲਾ ਕੀਤਾ ਹੈ ਅਤੇ ਜਦੋਂ ਮੋਦੀ ਵੱਲੋਂ ਨੋਟਬੰਦੀ ਕੀਤੀ ਗਈ ਤਾਂ ਉਦੋਂ ਵੀ ਅਕਾਲੀ ਦਲ ਇਹ ਹੀ ਕਹਿੰਦਾ ਰਿਹਾ ਕਿ ਮੋਦੀ ਸਾਬ੍ਹ ਨੇ ਵਧੀਆ ਫ਼ੈਸਲਾ ਕੀਤਾ ਹੈ। ਅਚਾਨਕ ਇਹ ਪਤਾ ਨਹੀਂ ਕਿਵੇਂ ਕ੍ਰਾਂਤੀਕਾਰੀ ਹੋ ਗਏ, ਹੁਣ ਤਾਂ ਲੋਕ ਵੀ ਇਨ੍ਹਾਂ 'ਤੇ ਯਕੀਨ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਉਹ ਗੱਲ ਹੋ ਗਈ ਕਿ 'ਲੋਟ ਕੇ ਬੁਧੂ ਘਰ ਕੋ ਆਏ।' ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਣ ਕੈਪਟਨ ਸਾਬ੍ਹ ਨੂੰ ਕਹਿ ਰਹੇ ਹਨ ਕਿ ਸਾਰੇ ਪੰਜਾਬ ਨੂੰ ਹੁਣ ਨੋਟੀਫਾਈਡ ਮੰਡੀ ਐਲਾਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸੁਖੀਬਰ ਸਿੰਘ ਬਾਦਲ ਨੇ ਆਪਣੀ ਸਰਕਾਰ ਵੇਲੇ ਕਿਉਂ ਨਹੀਂ ਐਲਾਨਿਆ। ਮਾਨ ਨੇ ਕਿਹਾ ਕਿ ਅਕਾਲੀਆਂ ਦਾ ਕੋਈ ਪਲਾਨ ਨਹੀਂ ਹੈ, ਨਹੀਂ ਸਗੋਂ ਹੁਣ ਇਹ ਯੂ-ਟਰਨ ਦੀ ਬਜਾਏ ਓ-ਟਰਨ 'ਚ ਫਸ ਗਏ ਹਨ।
ਕੈਪਟਨ ਸਾਬ੍ਹ 'ਤੇ ਵੀ ਸਾਧੇ ਨਿਸ਼ਾਨੇ
ਉਨ੍ਹਾਂ ਕਿਹਾ ਕਿ ਬੀਤੀ ਸਤੰਬਰ ਨੂੰ ਇੰਡੀਆ ਦੇ ਸਾਰੇ ਸੈਕਟਰੀ ਐਗਰੀਕਲਚਰ ਦੀ ਨੀਤੀ ਆਯੋਗ ਨੇ ਇਕ ਮੀਟਿੰਗ ਹੋਈ ਸੀ। ਉਦੋਂ ਖੇਤੀ ਦੇ ਸਕੱਤਰ ਕਾਹਨ ਸਿੰਘ ਪੰਨੂੰ ਸਨ, ਜਿਨ੍ਹਾਂ ਨੇ ਦਿੱਲੀ ਤੋਂ ਆ ਕੇ ਮੁੱਖ ਮੰਤਰੀ ਨੂੰ ਰਿਪੋਰਟ ਦਿੱਤੀ ਸੀ ਕਿ ਇਹ ਬਿੱਲ ਬੇਹੱਦ ਖਤਰਨਾਕ ਹਨ। ਸਾਢੇ 7 ਮਹੀਨਿਆਂ ਤੱਕ ਕੈਪਟਨ ਸਾਬ੍ਹ ਨੇ ਇਹ ਰਿਪੋਰਟ ਦੱਬੀ ਰੱਖੀ ਹੈ, ਇਥੋਂ ਤੱਕ ਕਿ ਉਨ੍ਹਾਂ ਨੇ ਆਲ ਪਾਰਟੀ ਦੀ ਮੀਟਿੰਗ 'ਚ ਵੀ ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸੇ ਕਰਕੇ ਕੈਪਟਨ ਸਾਬ੍ਹ ਵੀ ਬਰਾਬਰ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਿੱਥੋਂ ਤੱਕ ਹੋ ਸਕੇ ਇਨ੍ਹਾਂ ਬਿੱਲਾਂ ਨੂੰ ਰੋਕਣ ਦਾ ਕੋਈ ਵੀ ਕਾਨੂੰਨੀ ਜ਼ਰੀਆ ਮਿਲਦਾ ਹੋਵੇ ਜਾਂ ਸੁਝਾਅ ਮਿਲਦਾ ਹੋਵੇ ਤਾਂ ਅਸੀਂ ਹਮੇਸ਼ਾ ਸੁਆਗਤ ਕਰਾਂਗੇ।