ਦਿੱਲੀ ਫਤਿਹ ਕਰਨ ਪਿੱਛੋਂ ਕੇਜਰੀਵਾਲ ਪੰਜਾਬ ''ਚ ਦੇਣਗੇ ਦਸਤਕ, ਬਠਿੰਡਾ ''ਚ ਕਰਨਗੇ ਰੋਡ ਸ਼ੋਅ

Wednesday, Feb 12, 2020 - 06:28 PM (IST)

ਬਠਿੰਡਾ : ਲਗਾਤਾਰ ਤੀਜੀ ਵਾਰ ਦਿੱਲੀ ਵਾਸੀਆਂ ਦਾ ਦਿਲ ਜਿੱਤਣ ਵਾਲੇ ਅਰਵਿੰਦ ਕੇਜਰੀਵਾਲ ਫਰਵਰੀ ਮਹੀਨੇ ਦੇ ਅਖੀਰ ਵਿਚ ਬਠਿੰਡਾ ਆ ਸਕਦੇ ਹਨ। ਇਸ ਦਾ ਖੁਲਾਸਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਐੱਮ. ਪੀ. ਭਗਵੰਤ ਮਾਨ ਨੇ ਕੀਤਾ ਹੈ। ਭਗਵੰਤ ਮਾਨ ਮੁਤਾਬਕ ਅਰਵਿੰਦ ਕੇਜਰੀਵਾਲ ਇਸੇ ਫਰਵਰੀ ਮਹੀਨੇ ਦੇ ਅਖੀਰ ਵਿਚ ਬਠਿੰਡਾ ਵਿਚ ਰੋਡ ਸ਼ੋਅ ਕਰਨਗੇ। ਮਾਨ ਮੁਤਾਬਕ ਕੇਜਰੀਵਾਲ ਦਾ ਅਗਲਾ ਨਿਸ਼ਾਨਾ ਹੁਣ ਪੰਜਾਬ ਫਤਿਹ ਕਰਨ ਦਾ ਹੈ, ਜਿਸ ਲਈ ਉਹ ਪਹਿਲਾ ਗੇੜਾ ਫਰਵਰੀ ਮਹੀਨੇ 'ਚ ਹੀ ਮਾਰਨਗੇ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਉਹ ਬਠਿੰਡਾ ਤੇ ਸੰਗਰੂਰ ਹਲਕੇ ਵਿਚ ਰੋਡ ਸ਼ੋਅ ਕਰਨਗੇ।

'ਆਪ' ਲੀਡਰਸ਼ਿਪ ਦਿੱਲੀ ਚੋਣਾਂ ਦੇ ਜੇਤੂ ਪ੍ਰਭਾਵ ਨੂੰ ਪੰਜਾਬ 'ਚ ਫੌਰੀ ਵਰਤਣਾ ਚਾਹੁੰਦੀ ਹੈ। ਖੁੱਸੇ ਹੋਏ ਆਧਾਰ ਨੂੰ ਬਹਾਲ ਕਰਨ ਲਈ 'ਆਪ' ਲੀਡਰਸ਼ਿਪ ਨੂੰ ਇਹੋ ਢੁਕਵਾਂ ਸਮਾਂ ਜਾਪਦਾ ਹੈ। ਭਗਵੰਤ ਮਾਨ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਮੌਕੇ ਵੱਡਾ ਇਕੱਠ ਜੁੜੇਗਾ ਅਤੇ ਇਸ ਦੀ ਸ਼ੁਰੂਆਤ ਬਠਿੰਡਾ ਤੋਂ ਹੋਵੇਗੀ। ਬਠਿੰਡਾ ਖ਼ਿੱਤੇ ਦੇ ਲੋਕਾਂ ਨੇ 'ਆਪ' ਨੂੰ ਵੱਡਾ ਮਾਣ ਦਿੱਤਾ ਹੈ। ਇਹ ਰੋਡ ਸ਼ੋਅ ਸੰਗਰੂਰ ਵਿਖੇ ਸਮਾਪਤ ਹੋਵੇਗਾ, ਜਿਸ ਦੀ ਰੂਪ ਰੇਖਾ ਤਿਆਰ ਕੀਤੀ ਜਾਣੀ ਹੈ।

ਮਾਨ ਨੇ ਕਿਹਾ ਕਿ ਦਿੱਲੀ ਚੋਣਾਂ ਵਿਚ ਦੇਸ਼ ਦੇ ਆਮ ਲੋਕ ਜਿੱਤੇ ਹਨ। ਦਿੱਲੀ ਦੇ ਸਕੂਲ ਕਾਲਜ ਜਿੱਤੇ ਹਨ। ਦਿੱਲੀ ਦੇ ਮੁਹੱਲਾ ਕਲੀਨਿਕ ਜਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਜਿੱਤ ਦਾ ਵੱਡਾ ਅਸਰ ਪਵੇਗਾ ਅਤੇ ਪੰਜਾਬੀਆਂ ਦਾ ਯਕੀਨ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਵਿਚ ਤੀਸਰੀ ਵਾਰ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ 'ਆਪ' ਨੂੰ ਸਰਕਾਰ ਚਲਾਉਣੀ ਵੀ ਆਉਂਦੀ ਹੈ ਅਤੇ ਬਣਾਉਣੀ ਵੀ ਆਉਂਦੀ ਹੈ। ਪੰਜਾਬ ਹੀ ਹੈ ਜਿਸ ਨੇ ਚਾਰ ਐੱਮ. ਪੀ. ਦਿੱਤੇ ਸਨ। ਉਨ੍ਹਾਂ ਕਿਹਾ ਕਿ ਰਵਾਇਤੀ ਸਿਆਸੀ ਧਿਰਾਂ ਇੱਕੋ ਇਲਜ਼ਾਮ ਲਾਉਂਦੀਆਂ ਸਨ ਕਿ 'ਆਪ' ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਹੈ ਅਤੇ ਹੁਣ ਚੋਣਾਂ 'ਚ ਹੋਈ ਜਿੱਤ ਨੇ ਰਵਾਇਤੀ ਧਿਰਾਂ ਦੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ।


Gurminder Singh

Content Editor

Related News