ਅਕਾਲੀ-ਭਾਜਪਾ ਤੇ ਕਾਂਗਰਸ ਨੇ ਮਿਲ ਕੇ ਲੋਕਾਂ ਨੂੰ ਦਿੱਤਾ ਧੋਖਾ: ਚੀਮਾ

11/28/2018 11:08:27 AM

ਜਲੰਧਰ (ਬੁਲੰਦ)— ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਹਰਪਾਲ ਚੀਮਾ ਨੇ ਜਲੰਧਰ 'ਚ ਮੰਗਲਵਾਰ ਆਪਣੇ ਦੌਰੇ ਦੌਰਾਨ ਭਗਤ ਸਿੰਘ ਕਾਲੋਨੀ ਨਾਲ ਵਹਿੰਦੇ ਗੰਦੇ ਨਾਲੇ ਦਾ ਦੌਰਾ ਕੀਤਾ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਭਗਤ ਸਿੰਘ ਕਾਲੋਨੀ ਦਾ ਨਿਰਮਾਣ 1975 'ਚ ਇੰਪਰੂਵਮੈਂਟ ਟਰੱਸਟ ਨੇ ਕਰਵਾਇਆ ਸੀ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਇਲਾਕੇ ਦੇ ਲੋਕਾਂ ਦੀ ਗੰਦੇ ਨਾਲੇ ਦੀ ਦਿੱਕਤ ਹੱਲ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਲਾਕੇ 'ਚ ਵਹਿੰਦੇ ਗੰਦੇ ਨਾਲੇ ਨਾਲ ਦਰਜਨਾਂ ਮੁਹੱਲੇ ਗੰਦਗੀ ਸਹਿਣ ਲਈ ਮਜਬੂਰ ਹਨ। ਕਾਂਗਰਸ ਸਰਕਾਰ, ਅਕਾਲੀ ਅਤੇ ਭਾਜਪਾ ਦੀ ਸਰਕਾਰ ਪਿਛਲੇ ਦਹਾਕਿਆਂ ਤੋਂ ਇਲਾਕੇ ਦੇ ਲੋਕਾਂ ਨੂੰ ਧੋਖੇ 'ਚ ਰੱਖ ਰਹੀ ਹੈ ਕਿ ਗੰਦੇ ਨਾਲੇ ਨੂੰ ਬੰਦ ਕਰਵਾਇਆ ਜਾਵੇਗਾ ਪਰ ਕਿਸੇ ਨੇ ਇਸ ਵੱਲ ਕੋਈ ਕਦਮ ਨਹੀਂ ਉਠਾਇਆ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਇਸ ਪ੍ਰਦੂਸ਼ਿਤ ਪਾਣੀ ਤੋਂ ਲੋਕਾਂ ਨੂੰ ਬਚਾਉਣ 'ਚ ਅਸਫਲ ਰਿਹਾ ਹੈ, ਜਿਸ ਕਾਰਨ ਲੋਕਾਂ 'ਚ ਭਿਆਨਕ ਬੀਮਾਰੀਆਂ ਫੈਲ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਭਗਤ ਸਿੰਘ ਕਾਲੋਨੀ ਨਾਲ ਲਗਦੇ ਗੰਦੇ ਨਾਲੇ ਸਬੰਧੀ ਉਹ ਪਹਿਲਾਂ ਸਬੰਧਤ ਅਧਿਕਾਰੀਆਂ ਨੂੰ ਪੱਤਰ ਲਿਖਣਗੇ, ਉਸ ਤੋਂ ਬਾਅਦ ਵਿਧਾਨ ਸਭਾ 'ਚ ਇਸ ਮਾਮਲੇ ਬਾਰੇ ਆਵਾਜ਼ ਉਠਾਉਣਗੇ। ਜੇ ਫਿਰ ਵੀ ਮਾਮਲਾ ਹੱਲ ਨਾ ਹੋਇਆ ਤਾਂ ਉਹ ਗੰਦੇ ਨਾਲੇ 'ਤੇ ਧਰਨਾ ਦੇਣਗੇ। ਉਨ੍ਹਾਂ ਕਿਹਾ ਕਿ ਜਲੰਧਰ ਦੇ ਸਪੋਰਟਸ ਅਤੇ ਸਰਜੀਕਲ ਕੰਪਲੈਕਸ ਦੇ ਉਦਯੋਗਪਤੀਆਂ ਦੀ ਜੀ. ਐੱਸ. ਟੀ. ਰਿਫੰਡ ਦੀ ਸਮੱਸਿਆ ਸੁਣਨ ਲਈ ਉਹ ਉਨ੍ਹਾਂ ਨੂੰ ਮਿਲਣ ਆਏ ਸਨ ਤਾਂ ਪਤਾ ਲੱਗਾ ਕਿ ਵਿੱਤ ਮੰਤਰੀ ਨੇ ਉਨ੍ਹਾਂ ਨੂੰ ਗੱਲਬਾਤ ਲਈ ਬੁਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਲੋਕਾਂ ਦਾ ਜੀ. ਐੱਸ. ਟੀ. ਰਿਫੰਡ ਜਾਰੀ ਕਰੇ।

ਇਸ ਮੌਕੇ ਕਰਤਾਰਪੁਰ ਕੋਰੀਡੋਰ ਦੇ ਮਾਮਲੇ 'ਤੇ ਚੀਮਾ ਨੇ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਇਸ 'ਤੇ ਸਿਆਸਤ ਕਰਕੇ ਗਲਤ ਕਰ ਰਹੀਆਂ ਹਨ ਕਿਉਂਕਿ ਅਸਲ 'ਚ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਤੋਂ ਬਾਅਦ ਹੀ ਕੋਰੀਡੋਰ ਦੇ ਮਾਮਲੇ 'ਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਰੀਡੋਰ ਦੇ ਨੀਂਹ ਪੱਥਰ ਦੇ ਪ੍ਰੋਗਰਾਮ 'ਚ ਸਿਆਸੀ ਭਾਸ਼ਣ ਦੇ ਕੇ ਗਲਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਆਪਣੇ ਨਿੱਜੀ ਵਿਰੋਧ ਨੂੰ ਤਿਆਗ ਕੇ ਪਾਕਿਸਤਾਨ ਜਾਣਾ ਚਾਹੀਦਾ ਸੀ ਪਰ ਉਹ ਤਾਂ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਮੋਦੀ ਦੇ ਰੰਗ 'ਚ ਰੰਗੇ ਹਨ ਅਤੇ ਭਾਜਪਾ ਦੀ ਭਾਸ਼ਾ ਬੋਲ ਰਹੇ ਹਨ। ਇਸ ਮੌਕੇ ਆਪ ਦੇ ਜ਼ਿਲਾ ਪ੍ਰਧਾਨ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।


shivani attri

Content Editor

Related News