ਇਕ ਵਾਰ ਫਿਰ ਪੰਜਾਬ 'ਚ ਦੋ ਫਾੜ ਹੋ ਗਈ 'ਆਪ'

08/02/2018 8:05:36 PM

ਬਠਿੰਡਾ— ਬਠਿੰਡਾ ਵਿਖੇ ਅੱਜ ਸੁਖਪਾਲ ਖਹਿਰਾ ਵੱਲੋਂ ਵਲੰਟੀਅਰਾਂ ਨਾਲ ਰੈਲੀ ਕੀਤੀ ਗਈ। ਇਸ ਦੌਰਾਨ ਖਹਿਰਾ ਧੜੇ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਗਏ। ਬਠਿੰਡਾ ਕਨਵੈਨਸ਼ਨ ਜਿਸ ਨੇ ਦੇਖੀ, ਉਸ ਨੇ ਇਹੋ ਕਿਹਾ ਪੰਜਾਬ ਅੰਦਰ ਸੁਖਪਾਲ ਖਹਿਰਾ ਦੀ ਲੋਕਪ੍ਰਿਅਤਾ ਅੱਗੇ ਕੇਜਰੀਵਾਲ ਦਾ ਜਾਦੂ ਫਿੱਕਾ ਪੈ ਗਿਆ। ਦੱਸਣਯੋਗ ਹੈ ਕਿ ਬਠਿੰਡਾ ਕਨਵੈਨਸ਼ਨ 'ਚ 'ਆਪ' ਦੇ ਟੁੱਟਣ ਦਾ ਐਲਾਨ ਸੁਖਪਾਲ ਖਹਿਰਾ ਨੇ ਕੀਤਾ। ਇਸ ਕਨਵੈਨਸ਼ਨ 'ਚ 6 ਵਿਧਾਇਕ ਉਨ੍ਹਾਂ ਦੇ ਨਾਲ ਸਨ ਅਤੇ ਬਾਕੀਆਂ ਨੂੰ ਨਾਲ ਆਉਣ ਦਾ ਉਨ੍ਹਾਂ ਨੇ ਸੱਦਾ ਦੇ ਦਿੱਤਾ ਸੀ ਪਰ ਕੁਝ ਵਿਧਾਇਕ ਦਿੱਲੀ ਵਿਖੇ ਭਗਵੰਤ ਮਾਨ ਦਾ ਹਾਲ ਜਾਨਣ ਲਈ ਪਹੁੰਚੇ। ਜਨਤਾ ਨੂੰ ਸੰਬੋਧਨ ਕਰਦੇ ਹੋਏ ਸੁਖਪਾਲ ਖਹਿਰਾ ਨਾ ਸਿਰਫ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ 'ਤੇ ਵਰ੍ਹੇ ਸਗੋਂ ਨਾਲ ਹੀ ਉਨ੍ਹਾਂ ਨੇ ਹਾਈਕਮਾਨ ਨੂੰ ਇਹ ਸੁਨੇਹਾ ਵੀ ਦੇ ਦਿੱਤਾ ਕਿ ਪੰਜਾਬੀ ਰਿਮੋਟ ਕੰਟਰੋਲ ਨਾਲ ਨਹੀਂ ਚੱਲਣਗੇ। 
ਖਹਿਰਾ ਦੀ ਰੈਲੀ 'ਚ ਸ਼ਾਮਲ ਹੋਏ ਵਿਧਾਇਕ 
ਇਸ ਰੈਲੀ 'ਚ ਖਰੜ ਤੋਂ ਵਿਧਾਇਕ ਕੰਵਰ ਸੰਧੂ, ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ, ਭਦੌੜ ਤੋਂ ਵਿਧਾਇਕ ਪਿਰਮਲ ਸਿੰਘ, ਜੈਤੋਂ ਤੋਂ ਬਲਦੇਵ ਸਿੰਘ, ਵਿਧਾਇਕ ਜਗਤਾਰ ਸਿੰਘ ਜੱਗਾ, ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਆਦਿ ਪਹੁੰਚੇ ਹਨ।

PunjabKesari
ਦਿੱਲੀ ਦਰਬਾਰ ਕੌਣ ਪੁੱਜਾ ?
ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਨੂਕੇ, ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਦਿੱਲੀ ਵਿਖੇ ਕੇਜਰੀਵਾਲ ਨਾਲ ਮੀਟਿੰਗ ਕਰਨ ਅਤੇ ਭਗਵੰਤ ਮਾਨ ਨੂੰ ਮਿਲਣ ਲਈ ਪਹੁੰਚੇ।
ਉਥੇ ਹੀ ਦੂਜੇ ਪਾਸੇ ਖਹਿਰਾ ਦੀ ਇਸ ਕਨਵੈਨਸ਼ਨ ਨੂੰ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ ਹਰਪਾਲ ਚੀਮਾ ਨੇ ਪੰਜਾਬ ਵਿਰੋਧੀ ਕਰਾਰ ਦਿੱਤਾ। ਬਠਿੰਡਾ ਦੇ ਥਰਮਲ ਸਟੇਡੀਅਮ 'ਚ ਸੁਖਪਾਲ ਖਹਿਰਾ ਵੱਲੋਂ ਕੀਤੀ ਗਈ ਰੈਲੀ ਦੌਰਾਨ 6 ਮਤੇ ਪਾਸ ਕੀਤੇ ਗਏ।
ਖਹਿਰਾ ਦੀ ਰੈਲੀ 'ਚ 6 ਮਤੇ ਪਾਸ
ਖਰੜ ਤੋਂ ਵਿਧਾਇਕ ਅਤੇ 'ਆਪ' ਨੇਤਾ ਕੰਵਰ ਸੰਧੂ ਨੇ ਆਮ ਆਦਮੀ ਪਾਰਟੀ ਵਲੰਟੀਅਰਜ਼ ਕਨਵੈਨਸ਼ਨ ਦੇ ਬੈਨਰ ਹੇਠ ਸੱਦੇ ਇਕੱਠ 'ਚ ਕੁੱਲ 6 ਮਤੇ ਪੜ੍ਹੇ ਅਤੇ ਸਮਰਥਕਾਂ ਤੋਂ ਇਨ੍ਹਾਂ ਦੀ ਪ੍ਰਵਾਨਗੀ ਲਈ ਸਮਰਥਨ ਮੰਗਿਆ। 
ਇਨ੍ਹਾਂ 'ਚ ਸਭ ਤੋਂ ਵੱਡਾ ਮਤਾ ਪਾਰਟੀ ਹਾਈਕਮਾਨ ਵੱਲੋਂ ਨਵੇਂ ਬਣਾਏ ਗਏ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੂੰ ਰੱਦ ਕਰਨ ਸਬੰਧੀ ਸੀ। ਮਤੇ 'ਚ ਕਿਹਾ ਗਿਆ ਕਿ ਆਉਣ ਵਾਲੇ ਇਕ ਹਫਤੇ ਦੇ ਅੰਦਰ ਪਾਰਟੀ ਦੇ ਸਾਰੇ ਵਿਧਾਇਕ ਚੰਡੀਗੜ੍ਹ 'ਚ ਇਕੱਠੇ ਹੋਣ 'ਤੇ ਨਵਾਂ ਵਿਰੋਧੀ ਧਿਰ ਦਾ ਨੇਤਾ ਚੁਣਨ।
ਇਸ ਤੋਂ ਇਲਾਵਾ ਇਸ ਰੈਲੀ 'ਚ ਵਿਧਾਇਕਾਂ ਨੇ ਜਮਹੂਰੀ ਤਰੀਕੇ ਨਾਲ ਕੰਮਕਾਜ ਕਰਨ ਦੀ ਮੰਗ ਕੀਤੀ ਅਤੇ ਬਾਕੀ ਦੇ ਸਾਰੇ ਮਤਿਆਂ 'ਚ ਵੀ ਆਜ਼ਾਦੀ ਦੀ ਮੰਗ ਕੀਤੀ। 
ਸੰਧੂ ਨੇ ਮਤੇ ਪੜ੍ਹਦਿਆਂ ਕਿਹਾ ਕਿ ਪਾਰਟੀ ਦੀ ਪੰਜਾਬ ਯੂਨਿਟ ਖੁਦਮੁਖਤਿਆਰ ਹੈ ਅਤੇ ਇਹ ਆਪਣੇ ਫੈਸਲੇ ਖੁਦ ਕਰੇਗੀ, ਢਾਂਚਾ ਅਤੇ ਨਿਯਮ ਖੁਦ ਤਿਆਰ ਕਰੇਗੀ ਅਤੇ ਕੌਮੀ ਲੀਡਰਸ਼ਿਪ ਨੂੰ ਸਮੇਂ ਸਮੇਂ 'ਤੇ ਸੂਚਨਾ ਦੇਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਮੌਜੂਦਾ ਢਾਂਚੇ ਨੂੰ ਨਕਾਰਾ ਅਤੇ ਅਯੋਗ ਕਰਾਰ ਦਿੰਦਿਆਂ ਭੰਗ ਕਰਨ ਦਾ ਮਤਾ ਪਾਸ ਕੀਤਾ।
ਮਤੇ 'ਚ ਇਹ ਵੀ ਕਿਹਾ ਗਿਆ ਕਿ ਵਿਰੋਧੀ ਧਿਰ ਦੇ ਨੇਤਾ ਦੇ ਤੌਰ 'ਤੇ ਖਹਿਰਾ ਦੀ ਕਾਰਗੁਜ਼ਾਰੀ ਬਿਹਤਰੀਨ ਰਹੀ। 
ਇਸ ਦੇ ਨਾਲ ਹੀ ਪ੍ਰਵਾਸੀ ਪੰਜਾਬੀਆਂ ਦੇ ਹੁਣ ਤੱਕ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕਰਦਿਆਂ ਅੱਗੋਂ ਵੀ ਸਹਿਯੋਗ ਮਿਲਦੇ ਰਹਿਣ ਦੀ ਆਸ ਕੀਤੀ ।
ਸੰਧੂ ਨੇ ਅਖੀਰ 'ਚ ਜ਼ਿਲਾ ਪੱਧਰੀ ਪ੍ਰੋਗਰਾਮ ਸ਼ੁਰੂ ਕਰਨ ਦਾ ਮਤਾ ਪਾਸ ਕੀਤਾ ਅਤੇ 12 ਅਗਸਤ ਨੂੰ ਹੁਸ਼ਿਆਰਪੁਰ ਤੋਂ ਇਸ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ।
ਇਸ ਦੇ ਨਾਲ ਹੀ ਵਲੰਟੀਅਰਾਂ ਨੂੰ ਕਿਹਾ ਗਿਆ ਕਿ ਪੰਜਾਬ ਨਾਲ ਗੱਦਾਰੀ ਕਰਨ ਵਾਲਿਆਂ ਨੂੰ ਪਿੰਡਾਂ 'ਚ ਵੜਨ ਨਹੀਂ ਦੇਣਾ ਅਤੇ ਸ਼ਾਂਤਮਈ ਤਰੀਕੇ ਅਤੇ ਦਲੀਲ ਨਾਲ ਉਨ੍ਹਾਂ ਦਾ ਵਿਰੋਧ ਕਰਨਾ ਦਾ ਐਲਾਨ ਕੀਤਾ ।

PunjabKesari
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਬਾਰੇ ਕਿਹਾ ਜਾਂਦਾ ਸੀ ਕਿ ਉਸ 'ਚ ਕੋਈ ਹਾਈਕਮਾਨ ਕਲਚਰ ਨਹੀਂ ਹੋਵੇਗਾ। ਨਾ ਹੀ ਕਿਸੇ ਇਕ ਦੀ ਮੁਖਤਿਆਰੀ ਚੱਲੇਗੀ ਪਰ ਹੁਣ ਪਾਰਟੀ ਅੰਦਰ ਇਹ ਨਿਯਮ ਕਾਨੂੰਨ ਸ਼ਾਇਦ ਦੂਰ ਦੂਰ ਤੱਕ ਨਜ਼ਰ ਨਹੀਂ ਆ ਰਹੇ ਅਤੇ ਇਹੋ ਕਾਰਨ ਵੀ ਹੈ ਕਿ ਪੰਜਾਬ ਅੰਦਰ ਕੁਝ ਸਾਲਾਂ 'ਚ ਹੀ ਪਾਰਟੀ ਕਈ ਵਾਰ ਟੁੱਟਦੀ ਨਜ਼ਰ ਆਈ ਹੈ। ਬਹਰਹਾਲ ਸੁਖਪਾਲ ਖਹਿਰਾ ਵੱਲੋਂ ਪੰਜਾਬ ਅੰਦਰ ਤੀਜੇ ਬਦਲ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਹਮਖਿਆਲੀ ਦਲਾਂ ਨੂੰ ਨਾਲ ਲੈ ਕੇ ਪੰਜਾਬ ਦੀ ਸੇਵਾ ਕਰਨ ਦਾ ਸੰਕਲਪ ਲਿਆ ਗਿਆ ਹੈ ਪਰ ਵੱਡਾ ਸਵਾਲ ਇਹ ਹੈ ਕਿ ਇਹ ਹਮਖਿਆਲੀ ਆਖਿਰ ਹੋਣਗੇ ਕੌਣ ਅਤੇ ਇਸ ਤੀਜੇ ਬਦਲ ਨੂੰ ਪੰਜਾਬ ਦੀ ਜਨਤਾ ਦਾ ਕਿੰਨਾ ਕੁ ਸਮਰਥਨ ਮਿਲੇਗਾ ? ਬਠਿੰਡਾ 'ਚ ਹੋਏ ਇਕੱਠ ਨੂੰ ਦੇਖ ਕੇ ਲੱਗਦਾ ਹੈ ਕੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਾਧ ਦੇ ਡੋਲੂ ਵਾਂਗ ਮਾਂਜ ਦਿੱਤੀ। ਉਸ ਨੇ ਪਹਿਲਾਂ ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ ਅਤੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਤੋਂ ਵੱਖ ਕਰ ਦਿੱਤਾ। ਹੁਣ ਸੁਖਪਾਲ ਸਿੰਘ ਖਹਿਰਾ ਉਪਰ ਤਲਵਾਰ ਚਲਾ ਕੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ, ਜਿਸ ਨੇ ਪੰਜਾਬ ਅੰਦਰ ਪਾਰਟੀ ਨੂੰ ਦੋ ਪਾੜ ਕਰ ਦਿੱਤਾ।


Related News