‘ਆਪ’ ਦੀ ਨਵੀਂ ਸਰਕਾਰ ਨਾਲ ਜੇਲ੍ਹਾਂ ’ਚ ਸੁਧਾਰ ਦੀ ਜਾਗਣ ਲੱਗੀ ਉਮੀਦ

03/14/2022 12:24:28 PM

ਲੁਧਿਆਣਾ (ਸਿਆਲ) : ਪੰਜਾਬ ’ਚ ਨਵੀਂ ਸਰਕਾਰ ਦਾ ਗਠਨ 16 ਮਾਰਚ ਨੂੰ ਹੋਣਾ ਵਾਲਾ ਹੈ ਕਿਉਂਕਿ ਆਮ ਆਦਮੀ ਪਾਰਟੀ ਇਕ ਵੱਡਾ ਸਮਰਥਨ ਲੈ ਕੇ ਪੰਜਾਬ ’ਚ ਸੱਤਾਸੀਨ ਹੋਣ ਜਾ ਰਹੀ ਹੈ, ਜਿਸ ਵਿਚ ਮੁੱਖ ਮੰਤਰੀ ਦੇ ਤੌਰ ’ਤੇ ਭਗਵੰਤ ਮਾਨ ਸਹੁੰ ਚੁੱਕਣਗੇ। ਪੰਜਾਬ ’ਚ ਸਰਕਾਰੀ ਸਿਸਟਮ ਦੇ ਸੁਧਾਰ ਦੇ ਨਾਂ ’ਤੇ ਜਨਤਾ ਤੋਂ ਵੋਟ ਲੈਣ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਰ ਖੇਤਰ ’ਚ ਵਿਕਸਤ ਕਰਨ ਅਤੇ ਸਰਕਾਰੀ ਸੁਵਿਧਾਵਾਂ ’ਚ ਇਜ਼ਾਫ਼ਾ ਕਰਨ ਦਾ ਚੋਣ ਵਾਅਦਾ ਕੀਤਾ ਹੈ। ਪੰਜਾਬ ਦੇ ਹਰ ਸਰਕਾਰੀ ਵਿਭਾਗ ਵਿਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਪੈਰ ਪਸਾਰ ਚੁੱਕਾ ਹੈ। ਇਹੀ ਹਾਲ ਪੰਜਾਬ ਦੀਆਂ ਜੇਲ੍ਹਾਂ ਦਾ ਵੀ ਹੈ, ਜਿੱਥੇ ਬੈਰਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਪਈ ਹੈ ਅਤੇ ਬੈਰਕਾਂ ’ਚ ਸਮਰੱਥਾ ਤੋਂ ਜ਼ਿਆਦਾ ਕੈਦੀ ਡੱਕੇ ਹੋਏ ਹਨ। ਜੇਲ੍ਹ ਸੂਤਰਾਂ ਦੇ ਅਨੁਸਾਰ ਬੈਰਕਾਂ ਵਿਚ ਲੋੜ ਦੇ ਉਲਟ ਦੁੱਗਣੇ ਕੈਦੀ ਰੱਖੇ ਜਾ ਰਹੇ ਹਨ ਕਿਉਂਕਿ ਪੰਜਾਬ ਵਿਚ ਕੈਦੀਆਂ ਹਵਾਲਾਤੀਆਂ ਦੀ ਗਿਣਤੀ ਵਧਣ ਮੁਤਾਬਕ ਨਾ ਤਾਂ ਨਵੀਂਆਂ ਜੇਲ੍ਹਾਂ ਦਾ ਨਿਰਮਾਣ ਹੋਇਆ ਹੈ ਨਾ ਹੀ ਨਵੇਂ ਸੈੱਲਾਂ ਦਾ। ਇਸ ਹਾਲਤ ਕਾਰਨ ਕੈਦੀ ਮੂਲ ਸਜ਼ਾ ਦੇ ਨਾਲ-ਨਾਲ ਜੇਲ੍ਹ ਦੀਆਂ ਖਾਮੀਆਂ ਦੀ ਸਜ਼ਾ ਭੁਗਤਦੇ ਹਨ। 
ਇਕ-ਇਕ ਬਾਥਰੂਮ ਪਿੱਛੇ ਕਈ ਕੈਦੀ, ਅਧਿਕਾਰੀਆਂ ਦੀ ਨਹੀਂ ਸੁਣੀ ਪਿਛਲੀ ਸਰਕਾਰ ਨੇ
ਜੇਲ੍ਹ ਸੂਤਰਾਂ ਅਨੁਸਾਰ ਪਿਛਲੇ 5 ਸਾਲ ਦੀ ਕਾਂਗਰਸ ਸਰਕਾਰ ਦੇ ਸਮੇਂ ਜੇਲ੍ਹਾਂ ’ਚ ਵਿਕਾਸ ਦੇ ਨਾਂ ’ਤੇ ਕੁੱਝ ਵੀ ਨਹੀਂ ਹੋਇਆ ਅਤੇ ਸਰਕਾਰ ਨੇ ਕੋਈ ਖ਼ਾਸ ਫੰਡ ਵੀ ਜਾਰੀ ਨਹੀਂ ਹੋਇਆ, ਸਗੋਂ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲ ਜੇਲ੍ਹ ਦੇ ਨਾਲ-ਨਾਲ ਸਹਿਕਾਰਿਤਾ ਮੰਤਰਾਲਾ ਵੀ ਸੀ ਪਰ ਜੇਲ੍ਹ ਸ਼ਾਇਦ ਉਨ੍ਹਾਂ ਦੇ ਕਾਰਜਕਾਲ ਵਿਚ ਕਾਫੀ ਵਾਂਝੀ ਰਹਿ ਗਈ ਅਤੇ ਜੇਲ੍ਹ ਦੇ ਸਥਾਨਕ ਅਧਿਕਾਰੀਆਂ ਵੱਲੋਂ ਕਈ ਵਾਰ ਜੇਲ੍ਹ ਦੀਆਂ ਲੋੜਾਂ ’ਤੇ ਭੇਜੇ ਗਏ ਪੱਤਰਾਂ ’ਤੇ ਵੀ ਪਿਛਲੀ ਕਾਂਗਰਸ ਸਰਕਾਰ ਨੇ ਕੋਈ ਖ਼ਾਸ ਧਿਆਨ ਨਹੀਂ ਦਿੱਤਾ। ਇਕ ਕੈਦੀ ਦੇ ਰਿਸ਼ਤੇਦਾਰ ਨੇ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜਿਸ ਹਾਲਤ ਵਿਚ ਜੇਲ੍ਹ ਵਿਚ ਉਸ ਦਾ ਬੇਟਾ ਰਹਿ ਰਿਹਾ ਹੈ, ਉਹ ਕੋਈ ਚੰਗੀ ਨਹੀਂ। ਕੈਦੀਆਂ ਲਈ ਵੀ ਕੋਈ ਨਿਯਮਾਂ ਕਾਨੂੰਨ ਹੋਣਾ ਚਾਹੀਦਾ ਅਤੇ ਉਨ੍ਹਾਂ ਨੂੰ ਵੀ ਜੇਲ੍ਹ ਅੰਦਰ ਸੁਵਿਧਾਵਾਂ ਦਾ ਅਧਿਕਾਰ ਹੈ। ਜੇਲ੍ਹ ’ਚ ਬੰਦ ਕੈਦੀਆਂ-ਹਵਾਲਾਤੀਆਂ ਨੂੰ ਮਿਲਣ ਆਉਣ ਵਾਲੇ ਰਿਸ਼ਤੇਦਾਰ ਅਤੇ ਸਕੇ-ਸਬੰਧੀ ਵੀ ਹੁਣ ਨਵੀਂ ਬਣਨ ਵਾਲੀ ਆਮ ਆਦਮੀ ਪਰਟੀ ਦੀ ਸਰਕਾਰ ਤੋਂ ਆਸ ਲਗਾਈ ਬੈਠੇ ਹਨ ਕਿ ਜੇਲ੍ਹਾਂ ਵਿਚ ਬੰਦ ਉਨ੍ਹਾਂ ਦੇ ਪਰਿਵਾਰ ਜਨਾਂ ਦੀ ਹਾਲਤ ਸੁਧਾਰਨ ’ਚ ‘ਆਪ’ ਕੋਈ ਕਾਰਗਰ ਕਦਮ ਚੁੱਕੇਗੀ।
ਕੈਦੀਆਂ ਨੂੰ ਐੱਸ. ਟੀ. ਡੀ. ਜ਼ਰੀਏ ਫੋਨ ਸੁਵਿਧਾ ਵਧਾਉਣ ਦੀ ਲੋੜ
ਜੇਲ੍ਹ ’ਚ ਇਸ ਸਮੇਂ ਕੈਦੀਆਂ-ਹਵਾਲਾਤੀਆਂ ਲਈ ਪਰਿਵਾਰ ਰਿਸ਼ਤੇਦਾਰਾਂ ਨੂੰ ਫੋਨ ਕਰਨ ਲਈ ਐੱਸ. ਟੀ. ਡੀ. ਸੁਵਿਧਾ ਤਾਂ ਹੈ ਪਰ ਕੈਦੀਆਂ ਦੀ ਗਿਣਤੀ ਦੇ ਮੁਕਾਬਲੇ ਬਹੁਤ ਘੱਟ ਹੈ। ਹੁਣ ਜਦੋਂ ਸੁਧਾਰ ਹੋਣ ਦੀਆਂ ਗੱਲਾਂ ਚੱਲ ਰਹੀਆਂ ਹਨ ਤਾਂ ਆਉਣ ਵਾਲੀ ਸਰਕਾਰ ਤੋਂ ਉਮੀਦ ਕੀਤੀ ਜਾ ਰਹੀ ਹੈ ਉਹ ਕੈਦੀਆਂ ਲਈ ਐੱਸ. ਟੀ. ਡੀ. ਦੀ ਸੁਵਿਧਾ ਵਧਾਉਣ ’ਤੇ ਵੀ ਜ਼ੋਰ ਦੇਵੇ ਤਾਂ ਕਿ ਪਰਿਵਾਰ ਨਾਲ ਲਗਤਾਰ ਸੰਪਰਕ ’ਚ ਰਹਿ ਕੇ ਕੈਦੀ ਭਵਿੱਖ ’ਚ ਅਪਰਾਧ ਦਾ ਰਸਤਾ ਛੱਡ ਸਕਣ। ਉੱਥੇ ਆਉਣ ਵਾਲੇ ਗਰਮੀ ਦੇ ਮੌਸਮ ਵਿਚ ਵੀ ਜੇਲ੍ਹ ਦੇ ਅੰਦਰ ਪਾਣੀ ਦੀ ਸੁਵਿਧਾ ਵਧਾਉਣ ਦੀ ਵੀ ਲੋੜ ਹੈ।


Babita

Content Editor

Related News