''ਆਪ'' ਵੱਲੋਂ ਨਵਜੋਤ ਸਿੱਧੂ ਨੂੰ ''ਸਕਿਓਰਿਟੀ'' ਛੱਡਣ ਦਾ ਚੈਲੰਜ, ਪੰਜਾਬ ਪੁਲਸ ਲਈ ਕੀਤੇ ਵੱਡੇ ਐਲਾਨ
Wednesday, Dec 29, 2021 - 11:50 AM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪੰਜਾਬ ਪੁਲਸ ਬਾਰੇ ਦਿੱਤੇ ਵਿਵਾਦਿਤ ਬਿਆਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਸ 'ਚ ਇੰਨੇ ਈਮਾਨਦਾਰ ਅਫ਼ਸਰ ਹਨ ਕਿ ਜੇਕਰ ਉਹ ਚਾਹੁਣ ਤਾਂ ਪੰਜਾਬ 'ਚੋਂ ਨਸ਼ਿਆਂ ਦਾ ਨਾਮੋ-ਨਿਸ਼ਾਨ ਮਿਟਾ ਦੇਣ। ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਚੈਲੰਜ ਕਰਦਿਆਂ ਕਿਹਾ ਹੈ ਕਿ ਨਵਜੋਤ ਸਿੱਧੂ ਨੇ ਆਪਣੇ ਸੁਰੱਖਿਆ ਮੁਲਾਜ਼ਮਾਂ ਸਾਹਮਣੇ ਪੰਜਾਬ ਪੁਲਸ ਦੀ ਬੇਇੱਜ਼ਤੀ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕਾਂਗਰਸੀ ਉਮੀਦਵਾਰਾਂ ਦੀ ਚੋਣ ਲਈ ਹਾਈਕਮਾਨ ਨੇ ਲਿਆ ਅਹਿਮ ਫ਼ੈਸਲਾ
ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੱਧੂ ਨੂੰ ਪੰਜਾਬ ਪੁਲਸ ਤੋਂ ਇੰਨੀ ਹੀ ਨਫ਼ਰਤ ਹੈ ਤਾਂ ਫਿਰ ਵੀ ਪੰਜਾਬ ਪੁਲਸ ਦੀ ਸਕਿਓਰਿਟੀ ਛੱਡ ਦੇਣ। ਉਨ੍ਹਾਂ ਕਿਹਾ ਕਿ ਸਕਿਓਰਿਟੀ ਦੇ ਬਿਨਾਂ ਉਹ ਪੂਰੇ ਪੰਜਾਬ 'ਚ ਘੁੰਮ ਕੇ ਦੇਖਣ, ਫਿਰ ਪਤਾ ਲੱਗੇਗਾ ਕਿ ਲੋਕਾਂ ਦੇ ਦਿਲਾਂ 'ਚ ਉਨ੍ਹਾਂ ਲਈ ਕਿੰਨਾ ਕੁ ਪਿਆਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਪੁਲਸ ਨੂੰ ਬਦਨਾਮ ਕਰਨ ਦੀ ਜੋ ਕੋਸ਼ਿਸ਼ ਕੀਤੀ ਹੈ, ਉਹ ਮੁਆਫ਼ੀ ਦੇ ਕਾਬਲ ਨਹੀਂ ਹੈ।
ਪੰਜਾਬ ਪੁਲਸ ਲਈ ਕੀਤੇ ਵੱਡੇ ਐਲਾਨ
ਇਸ ਮੌਕੇ ਰਾਘਵ ਚੱਢਾ ਨੇ ਪੰਜਾਬ ਪੁਲਸ ਬਾਰੇ ਵੱਡੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਪੰਜਾਬ ਪੁਲਸ ਦੇ ਜਾਂਬਾਜ਼ ਸਿਪਾਹੀਆਂ ਨੂੰ ਸਨਮਾਨਜਨਕ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਣਨ 'ਤੇ ਪੰਜਾਬ ਪੁਲਸ ਤੋਂ ਸਿਰਫ ਪੁਲਸ ਦਾ ਕੰਮ ਕਰਵਾਇਆ ਜਾਵੇਗਾ ਅਤੇ ਕੋਈ ਗੈਰ ਸਰਕਾਰੀ ਕੰਮ ਨਹੀਂ ਕਰਵਾਇਆ ਜਾਵੇਗਾ। ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਪੁਲਸ ਦੇ ਭੱਤਿਆਂ 'ਚ ਵਾਧਾ ਕੀਤਾ ਜਾਵੇਗਾ ਅਤੇ ਮਹੀਨੇਵਾਰ ਭੱਤੇ ਮਿਲਣਗੇ। ਇਸ ਦੇ ਨਾਲ ਹੀ ਪੰਜਾਬ ਪੁਲਸ ਦੇ ਕੰਮ ਕਰਨ ਦੇ ਘੰਟਿਆਂ ਨੂੰ ਵੀ ਰੈਗੂਲੇਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਬੰਬ ਧਮਾਕੇ ਦਾ ਮਾਸਟਰ ਮਾਈਂਡ ਜਸਵਿੰਦਰ ਸਿੰਘ ਮੁਲਤਾਨੀ ਜਰਮਨੀ 'ਚ ਗ੍ਰਿਫ਼ਤਾਰ
ਰਾਘਵ ਚੱਢਾ ਨੇ ਕਿਹਾ ਕਿ ਸੂਬੇ 'ਚ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਬਣਨ 'ਤੇ ਪੰਜਾਬ ਪੁਲਸ 'ਚੋਂ ਸਿਆਸੀ ਦਖ਼ਲ-ਅੰਦਾਜ਼ੀ ਬੰਦ ਕੀਤੀ ਜਾਵੇਗੀ ਅਤੇ ਪੰਜਾਬ ਪੁਲਸ ਦੇ ਅਫ਼ਸਰ ਬਿਨਾਂ ਰੋਕ-ਟੋਕ ਦੇ ਆਪਣਾ ਕੰਮ ਕਰ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੇ ਮੁਲਾਜ਼ਮ ਕਈ ਮਹੀਨੇ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ ਅਤੇ ਬਾਹਰ ਦੀ ਰੋਟੀ ਖਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨਵਜੋਤ ਸਿੱਧੂ ਵਰਗੇ ਨੇਤਾਵਾਂ ਦੀਆਂ ਗਾਲ੍ਹਾਂ ਵੀ ਖਾਣੀਆਂ ਪੈਂਦੀਆਂ ਹਨ।
ਇਹ ਵੀ ਪੜ੍ਹੋ : ਜਾਣੋ ਕਿਵੇਂ ਫੜ੍ਹਿਆ ਗਿਆ 'ਲੁਧਿਆਣਾ ਬੰਬ ਧਮਾਕੇ' ਦਾ ਮਾਸਟਰ ਮਾਈਂਡ ਜਸਵਿੰਦਰ ਸਿੰਘ ਮੁਲਤਾਨੀ
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਪੰਜਾਬ ਪੁਲਸ 'ਚ ਵੱਡੇ ਸੁਧਾਰ ਲਿਆਂਦੇ ਜਾਣਗੇ। ਰਾਘਵ ਚੱਢਾ ਨੇ ਇਸ ਮੌਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਦੇ ਵੱਡੇ-ਵੱਡੇ ਮੰਤਰੀ, ਚੇਅਰਮੈਨ ਅਤੇ ਵਿਧਾਇਕ ਪਾਰਟੀ ਛੱਡ ਕੇ ਜਾ ਰਹੇ ਹਨ ਅਤੇ ਪੰਜਾਬ 'ਚ ਕਾਂਗਰਸ ਦਾ ਕੋਈ ਭਵਿੱਖ ਨਹੀਂ ਹੈ। ਇਸ ਮੌਕੇ ਭਾਜਪਾ, ਕੈਪਟਨ ਅਤੇ ਢੀਂਡਸਾ ਦੇ ਗਠਜੋੜ ਬਾਰੇ ਗੱਲ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਉਹ ਇਹ ਭਵਿੱਖਬਾਣੀ ਕਰਦੇ ਹਨ ਕਿ ਇਹ ਗਠਜੋੜ ਪੰਜਾਬ ਦੀਆਂ 117 ਸੀਟਾਂ 'ਚੋਂ ਇਕ ਵੀ ਸੀਟ 'ਤੇ ਜਿੱਤ ਦਰਜ ਨਹੀਂ ਕਰ ਸਕੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ